ਵਜ਼ਾਰਤੀ ਵਾਧਾ ਅੱਜ ਐਤਵਾਰ: ਪੜ੍ਹੋ ਵਜ਼ੀਰਾਂ ਦੀ ਫਾਈਨਲ ਸੂਚੀ ਕਦੋਂ ਪਹੁੰਚੇਗੀ ਰਾਜ ਭਵਨ
ਵਜ਼ਾਰਤੀ ਵਾਧਾ ਅੱਜ : ਬਾਅਦ ਦੁਪਹਿਰ ਮੰਤਰੀਆਂ ਦੀ ਫਾਈਨਲ ਸੂਚੀ ਪਹੁੰਚੇਗੀ ਰਾਜ ਭਵਨ
ਚੰਡੀਗੜ੍ਹ, 26 ਸਤੰਬਰ, 2021: ਪੰਜਾਬ ਦੀ ਚੰਨੀ ਵਜ਼ਾਰਤ ਵਿਚ ਅੱਜ ਸ਼ਾਮ 4.30 ਵਜੇ ਵਾਧਾ ਕੀਤਾ ਜਾ ਰਿਹਾ ਹੈ। ਕੌਣ ਮੰਤਰੀ ਬਣੇਗਾ, ਇਸ ਦੀ ਅੰਤਿਮ ਸੂਚੀ ਅੱਜ ਬਾਅਦ ਦੁਪਹਿਰ 2.00 ਵਜੇ ਪੰਜਾਬ ਸਰਕਾਰ ਵੱਲੋਂ ਰਾਜ ਭਵਨ ਭੇਜੀ ਜਾਵੇਗੀ। ਕੱਲ੍ਹ ਇਹ ਚਰਚਾ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਜਪਾਲ ਨੂੰ ਸੂਚੀ ਦੇ ਆਏ ਹਨ ਪਰ ਅਜਿਹਾ ਨਹੀਂ ਹੈ। ਸੂਚੀ ਅੱਜ 2.00 ਵਜੇ ਤੋਂ ਬਾਅਦ ਭੇਜੀ ਜਾਣੀ ਹੈ।
ਅਜਿਹੀ ਚਰਚਾ ਹੈ ਕਿ ਪਿਛਲੀ ਕੈਪਟਨ ਵਜ਼ਾਰਤ ਦੇ ਪੰਜ ਮੰਤਰੀਆਂ ਦੀ ਛੁੱਟੀ ਹੋ ਗਈਹੈ ਤੇ 7 ਨਵੇਂ ਚੇਹਰੇ ਚੰਨੀ ਵਜ਼ਾਰਤ ਵਿਚ ਸ਼ਾਮਲ ਕੀਤੇ ਜਾ ਰਹੇ ਹਨ।
ਚਰਚਾ ਹੈ ਕਿ ਪੰਜ ਆਗੁਆਂ ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ, ਰਾਣਾ ਗੁਰਮੀਤ ਸੋਢੀ ਅਤੇ ਸੁੰਦਰ ਸ਼ਾਮ ਅਰੋੜਾ ਦੀ ਛੁੱਟੀ ਹੋ ਰਹੀ ਹੈ ਜਦਕਿ ਨਵੇਂ ਮੰਤਰੀਆਂ ਵਿਚ ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ, ਗੁਰਕੀਰਤ ਸਿੰਘ ਕੋਟਲੀ, ਸੰਗਤ ਸਿੰਘ ਗਿਲਜ਼ੀਆ , ਰਾਣਾ ਗੁਰਜੀਤ ਸਿੰਘ, , ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਰਾਜ ਕੁਮਾਰ ਵੇਰਕਾ ਨਵੇਂ ਮੰਤਰੀ ਬਣਾਏ ਜਾ ਰਹੇ ਹਨ।
ਪਰ ਸਰਕਾਰੀ ਤੌਰ ਤੇ ਅਜੇ ਇਸ ਲਿਸਟ ਦੀ ਪੁਸ਼ਟੀ ਨਹੀਂ ਹੋਈ । ਬੇਸ਼ੱਕ ਸੰਭਾਵੀ ਵਜ਼ੀਰਾਂ ਵਿੱਚੋਂ ਕੁਝ ਇੱਕ ਨੇ ਲੱਡੂ ਵੀ ਵੰਡ ਲਏ ਹਨ ਪਰ ਕਾਂਗਰਸ ਹਾਈ ਕਮਾਂਡ ਅਤੇ ਨਵੀਂ ਸਰਕਾਰ ਦਾ ਪਿਛਲੇ ਇੱਕ ਹਫ਼ਤੇ ਦਾ ਤਜਰਬਾ ਇਹ ਸੰਕੇਤ ਕਰਦਾ ਹੈ ਕਿ ਇਸ ਲਿਸਟ ਨੂੰ ਉਦੋਂ ਹੀ ਅੰਤਿਮ ਮੰਨਣਾ ਚਾਹੀਦਾ ਹੈ ਜਦੋਂ ਰਾਜ ਭਵਨ ਦੀ ਮੋਹਰ ਇਸ ਤੇ ਲੱਗ ਜਾਵੇ .