ਅਸ਼ੋਕ ਵਰਮਾ
ਬਠਿੰਡਾ, 7 ਮਈ 2020 - ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਅੱਜ ਦਰਜ ਕੀਤਾ ਗਿਆ ਪੁਲਿਸ ਕੇਸ ਪਹਿਲਾ ਨਹੀਂ ਹੈ। ਇਸ ਤੋਂ ਪਹਿਲਾਂ ਅਜਿਹੇ ਹੀ ਮਾਮਲੇ ’ਚ ਸੀਬੀਆਈ ਵੱਲੋਂ ਪੜਤਾਲ ਉਪਰੰਤ ਕੇਸ ਦਰਜ ਕੀਤਾ ਗਿਆ ਸੀ। ਜਦੋਂ ਇਹ ਕੇਸ ਦਰਜ ਹੋਇਆ ਤਾਂ ਪੰਜਾਬ ’ਚ ਗੱਠਜੋੜ ਸਰਕਾਰ ਸੀ। ਇਸ ਮਾਮਲੇ ਦਾ ਕੀ ਬਣਿਆ ਕੋਈ ਕੁੱਝ ਦੱਸਣ ਨੂੰ ਤਿਆਰ ਨਹੀਂ ਹੋਇਆ ਹੈ। ਦਰਅਸਲ ਇਹ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਅਧੀਨ ਆਉਂਦੇ ਪਿੰਡ ਦਿਆਲਪੁਰਾ ਭਾਈ ਦੇ ਨਾਲ ਲੱਗਦੇ ਸੁਰਜੀਤਪੁਰਾ ਵਾਸੀ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਬਲਵੰਤ ਸਿੰਘ ਭੁੱਲਰ ਅਤੇ ਇੱਕ ਹੋਰ ਵਿਅਕਤੀ ਬਲਵੰਤ ਸਿੰਘ ਮੁਲਤਾਨੀ ਨੂੰ ਕਥਿਤ ਤੌਰ 'ਤੇ ਚੁੱਕਣ ਨਾਲ ਜੁੜਿਆ ਹੋਇਆ ਹੈ। ਦਵਿੰਦਰਪਾਲ ਭੁੱਲਰ ਇਸ ਵੇਲੇ ਦਿੱਲੀ ਵਿੱਚ ਹੋਏ ਬੰਬ ਧਮਾਕੇ ਦੌਰਾਨ ਮਾਰੇ ਗਏ ਕੁੱਝ ਲੋਕਾਂ ਨਾਲ ਸਬੰਧ ਰੱਖਦੇ ਕੇਸ ’ਚ ਸਜ਼ਾ ਭੁਗਤ ਰਿਹਾ ਹੈ। ਜਦੋਂ 29 ਅਗਸਤ 1991 ਨੂੰ ਇਹ ਬੰਬ ਧਮਾਕਾ ਹੋਇਆ ਸੀ ਤਾਂ ਉਸ ਵੇਲੇ ਸੁਮੇਧ ਸੈਣੀ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਸਨ।
ਵੇਰਵਿਆਂ ਅਨੁਸਾਰ ਸੀਬੀਆਈ ਨੇ ਸੁਮੇਧ ਸੈਣੀ ਤੇ ਬੰਬ ਨਾਲ ਹੋਏ ਹਮਲੇ ਦੇ ਮਾਮਲੇ ’ਚ ਉਦੋਂ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਤੇ ਇਸ ਮਾਮਲੇ ਵਿੱਚੋਂ ਬਰੀ ਹੋ ਚੁੱਕੇ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਬਲਵੰਤ ਸਿੰਘ ਭੁੱਲਰ ਨੂੰ ਕਥਿਤ ਤੌਰ 'ਤੇ ਚੁੱਕ ਕੇ ਅਲੋਪ ਕਰਨ ਦੇ ਦੋਸ਼ ਹੇਠ ਸੁਮੇਧ ਸੈਣੀ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੇ ਇੱਕ ਤੱਤਕਾਲੀ ਡੀਐਸਪੀ ਅਤੇ ਉਸ ਵਕਤ ਦੇ ਸੈਕਟਰ 17 ਥਾਣੇ ’ਚ ਤਾਇਨਾਤ ਇੱਕ ਸਬ ਇੰਸਪੈਕਟਰ ਤੇ ਇੱਕ ਹੋਰ ਪੁਲਿਸ ਅਧਿਕਾਰੀ ਖਿਲਾਫ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 120-ਬੀ, 364, 343, 330, 167 ਅਤੇ 193 ਤਹਿਤ ਨਾਮਜਦ ਕੀਤਾ ਸੀ।
ਸੂਤਰ ਦੱਸਦੇ ਹਨ ਕਿ ਉਦੋਂ ਸੀਬੀਆਈ ਵੱਲੋਂ ਹਾਈਕੋਰਟ ’ਚ ਰਿਪੋਰਟ ਪੇਸ਼ ਕੀਤੀ ਗਈ ਸੀ। ਜੇਕਰ ਸੀਬੀਆਈ ਦੀ ਰਿਪੋਰਟ ਨੂੰ ਸੱਚ ਮੰਨ ਲਿਆ ਜਾਵੇ ਤਾਂ ਉਸ ਵਕਤ ਪੁਲਿਸ ਕੇਸ ’ਚ ਨਾਮਜਦ ਕੀਤੇ ਡੀਐਸਪੀ ਨੇ ਬਲਵੰਤ ਸਿੰਘ ਮੁਲਤਾਨੀ ਨੂੰ ਉਸ ਦੇ ਮੁਹਾਲੀ ਸਥਿਤ 7 ਫੇਜ਼ ਵਾਲੇ ਮਕਾਨ ਵਿੱਚੋਂ ਦਸਬੰਰ 1991 ’ਚ ਚੁੱਕਿਆ ਸੀ ਅਤੇ ਦੋ ਦਿਨ ਕਥਿਤ ਗੈਰਕਾਨੂੰਨੀ ਢੰਗ ਨਾਲ ਹਿਰਾਸਤ ’ਚ ਰੱਖਣ ਤੋਂ ਬਾਅਦ ਸੈਕਟਰ 17 ਥਾਣੇ ’ਚ ਭਾਰਤੀ ਦੰਡਾਵਲੀ ਦੀ ਧਾਰਾ 212 ਤੇ 216,ਆਰਮਡ ਐਕਟ ਦੀ ਧਾਰਾ 25 ਅਤੇ ਟਾਡਾ (ਪੀ) ਐਕਟ ਦੀ ਧਾਰਾ 3 ਤੇ 5 ਤਹਿਤ ਮੁਕੱਦਮਾ ਦਰਜ ਕੀਤਾ ਸੀ। ਰਿਪੋਰਟ ਅਨੁਸਾਰ ਸੈਕਟਰ 17 ਥਾਣੇ ’ਚ ਬਲਵੰਤ ਸਿੰਘ ਮੁਲਤਾਨੀ ਅਤੇ ਬਲਵੰਤ ਸਿੰਘ ਭੁੱਲਰ 'ਤੇ ਤਸ਼ਦੱਦ ਕਰਕੇ ਦਵਿੰਦਰਪਾਲ ਸਿੰਘ ਭੁੱਲਰ ਦੇ ਥਹੁ ਟਿਕਾਣੇ ਦੀ ਸੂਹ ਲੈਣ ਦੇ ਯਤਨ ਕੀਤੇ ਗਏ ਸਨ ਜਿਸ ਦੌਰਾਨ ਮੁਲਤਾਨੀ ਅਤੇ ਭੁੱਲਰ ਦੋਵਾਂ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ।
ਦੱਸਣਯੋਗ ਹੈ ਕਿ ਸੀਬੀਆਈ ਦੀ ਤੱਤਕਾਲੀ ਰਿਪੋਰਟ ਅਨੁਸਾਰ ਸੈਕਟਰ 17 ਦੇ ਦਸਤਾਵੇਜ਼ ਬੋਲਦੇ ਹਨ ਕਿ ਬਲਵੰਤ ਸਿੰਘ ਮੁਲਤਾਨੀ ਨੂੰ ਇੱਥੋਂ ਦੀ ਪੁਲਿਸ ਨੇ 18 ਦਸਬੰਰ 1991 ਨੂੰ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਕਿਸੇ ਮਾਮਲੇ ’ਚ ਲੁੜੀਂਦੇ ਇੱਕ ਹੋਰ ਮੁਲਜ਼ਮ ਦੀ ਸ਼ਨਾਖਤ ਲਈ ਲਿਆਂਦਾ ਸੀ। ਪੁਲਿਸ ਰਿਕਾਰਡ ਅਨੁਸਾਰ ਮੁਲਤਾਨੀ ਨੂੰ ਰਾਤ ਵੇਲੇ ਕਾਦੀਆਂ ਥਾਣੇ ਦੀ ਹਵਾਲਾਤ ਵਿੱਚ ਬੰਦ ਕੀਤਾ ਸੀ ਪਰ ਉੱਥੋਂ ਉਹ ਪੁਲਿਸ ਹਿਰਾਸਤ ਚੋਂ ਫਰਾਰ ਹੋ ਗਿਆ। ਇੱਥੇ ਇਹ ਵੀ ਜਿਕਰਯੋਗ ਹੈ ਕਿ ਸੁਮੇਧ ਸੈਣੀ ਨਾਲ ਸਬੰਧਤ ਲੁਧਿਆਣਾ ਦਾ ਮਾਮਲਾ ਵੀ ਚਰਚਾ ’ਚ ਰਿਹਾ ਸੀ ਜੋ ਦਿੱਲੀ ਅਦਾਲਤ ’ਚ ਵੀ ਗਿਆ ਸੀ।
ਉੱਧਰ ਦਰਜ ਕੀਤੇ ਤਾਜ਼ਾ ਮਾਮਲੇ ਉਪਰੰਤ ਇਹ ਵੀ ਸਾਬਤ ਹੋ ਗਿਆ ਹੈ ਕਿ ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਚੰਡੀਗੜ੍ਹ ਪੁਲਿਸ ਵੀ ਚੱਕ ਥੱਲ ਕਰਨ ’ਚ ਘੱਟ ਨਹੀਂ ਸੀ। ਖਾਸ ਤੌਰ 'ਤੇ ਉਦੋਂ ਜਦੋਂ ਚੰਡੀਗੜ੍ਹ ਪੁਲਿਸ ’ਚ ਡੈਪੂਟੇਸ਼ਨ ਤੇ ਆਏ ਤੇਜ਼ ਤਰਾਰ ਮੰਨੇ ਜਾਂਦੇ ਪੁਲਿਸ ਅਧਿਕਾਰੀ ਸੁਮੇਧ ਸਿੰਘ ਸੈਣੀ ਇੱਥੋਂ ਦੇ ਐਸਐਸਪੀ ਸਨ। ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੇ ਚਚੇਰੇ ਭਰਾ ਅਤੇ ਮ੍ਰਿਤਕ ਬਲਵੰਤ ਸਿੰਘ ਭੁੱਲਰ ਦੇ ਸਕੇ ਭਤੀਜੇ ਮੁਖਤਿਆਰ ਸਿੰਘ ਭੁੱਲਰ ਦਾ ਪ੍ਰਤੀਕਰਮ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਚਾਚੇ ਦੀ ਆਤਮਾ ਨੂੰ ਇਨਸਾਫ ਜਰੂਰ ਮਿਲੇਗਾ। ਉਨ੍ਹਾਂ ਆਖਿਆ ਕਿ ਦਵਿੰਦਰਪਾਲ ਦੇ ਪਰਿਵਾਰ ਨੇ ਲੰਮਾਂ ਸੰਤਾਪ ਹੰਢਾਇਆ ਹੈ, ਉਨਾਂ ਨੂੰ ਨਿਆਂ ਮਿਲਣਾ ਹੀ ਚਾਹੀਦਾ ਹੈ।