ਥਾਂ ਥਾਂ ਲੱਭਦੀ ਰਹੀ ਪੁਲਿਸ, ਸੁਮੇਧ ਸੈਣੀ ਚੁਪ ਚੁਪੀਤੇ ਹੋਇਆ ਮੁਹਾਲੀ ਦੀ ਅਦਾਲਤ 'ਚ ਪੇਸ਼, ਮੰਗੀ ਇਹ ਰਾਹਤ
ਮੁਹਾਲੀ, 25 ਸਤੰਬਰ, 2020 : ਪੰਜਾਬ ਪੁਲਿਸ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਨੂੰ ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਕਤਲ ਕੇਸ ਵਿਚ ਅੱਜ ਚੁਪ ਚੁਪੀਤੇ ਹੀ ਸੁਮੇਧ ਸੈਣੀ ਆਪਣੇ ਵਕੀਲ ਏ ਪੀ ਐਸ ਦਿਓਲ ਨਾਲ ਮੁਹਾਲੀ ਦੀ ਅਦਾਲਤ ਵਿਚ ਪੇਸ਼ ਹੋਏ । ਉਸਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਸ ਖਿਲਾਫ ਜਾਰੀ ਕੀਤੇ ਗਏ ਗੈਰ ਜ਼ਮਾਨਤੀ ਵਾਰੰਟ ਵਾਪਸ ਲਏ ਜਾਣ।
ਸੈਣੀ ਵੱਲੋਂ ਅਦਾਲਤ ਵਿਚ ਦਾਇਰ ਕੀਤੀ ਅਰਜ਼ੀ ਵਿਚ ਬੇਨਤੀ ਕੀਤੀ ਗਈ ਕਿ ਕਿਉਂਕਿ ਉਸਨੂੰ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ, ਇਸਨੂੰ ਵੇਖਦੇ ਹੋਏ ਮੁਹਾਲੀ ਦੀ ਅਦਾਲਤ ਵੱਲੋਂ ਉਸ ਖਿਲਾਫ 12 ਸਤੰਬਰ ਨੂੰ ਜਾਰੀ ਕੀਤੇ ਗੈਰ ਜ਼ਮਾਨਤੀ ਵਾਰੰਟ ਜਿਹਨਾਂ ਤਹਿਤ ਉਸਨੂੰ 25 ਸਤੰਬਰ ਤੱਕ ਗ੍ਰਿਫਤਾਰ ਕਰ ਕੇ ਪੇਸ਼ ਕਰਨ ਵਾਸਤੇ ਕਿਹਾ ਗਿਆ ਸੀ, ਸੁਪਰੀਮ ਕੋਰਟ ਦੇ ਹੁਕਮਾਂ ਦੀ ਰੋਸ਼ਨੀ ਵਿਚ ਵਾਪਸ ਲਏ ਜਾਣ। ਸੈਣੀ ਨੇ ਅਰਜ਼ੀ ਵਿਚ ਇਹ ਵੀ ਲਿਖਿਆ ਹੈ ਕਿ ਉਹ 30 ਸਤੰਬਰ ਨੂੰ ਜਾਂਚ ਟੀਮ ਨਾਲ ਸਹਿਯੋਗ ਕਰਨ ਤੇ ਜਾਂਚ ਵਿਚ ਸ਼ਾਮਲ ਹੋਣ ਲਈ ਤਿਆਰ ਹੈ। ਅਦਾਲਤ ਨੇ ਸਰਕਾਰੀ ਤੇ ਮੁਦਈ ਧਿਰ ਨੂੰ 30 ਸਤੰਬਰ ਲਈ ਨੋਟਿਸ ਜਾਰੀ ਕੀਤਾ.
ਯਾਦ ਰਹੇ ਕਿ ਸੈਣੀ ਖਿਲਾਫ ਮਟੌਰ ਥਾਣੇ ਵਿਚ ਧਾਰਾ 302, 364, 201, 344, 330, 219 ਅਤੇ 120 ਬੀ ਆਈ ਪੀ ਸੀ ਤਹਿਤ ਅਗਵਾਕਾਰੀ ਤੇ ਕਤਲ ਦਾ ਮੁਕੱਦਮਾ ਦਰਜ ਹੈ।