ਲੋਕੇਸ਼ ਰਿਸ਼ੀ
ਗੁਰਦਾਸਪੁਰ, 20 ਮਾਰਚ 2019 - ''ਜਗਤ ਪਿਤਾ ਸ਼੍ਰੀ ਗੁਰੂ ਨਾਨਕ ਸਾਹਿਬ ਨੇ "ਕਿਰਤ ਕਰੋ,ਨਾਮ ਜਪੋ ਅਤੇ ਵੰਡ ਛਕੋ" ਦਾ ਉਪਦੇਸ਼ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸੇ ਧਰਤੀ ਤੇ ਕਈ ਸਾਲ ਹੱਥੀਂ ਖੇਤੀ ਵੀ ਕੀਤੀ 'ਤੇ ਮੈਂ ਕੌਣ ਹੁੰਨਾਂ ਗੁਰੂ ਸਾਹਿਬ ਦੇ ਦਰਬਾਰ ਵੱਲ ਜਾਂਦੇ ਰਾਹ ਨੂੰ ਰੋਕਣ ਵਾਲਾ। ਗੁਰੂ ਸਾਹਿਬ ਨੂੰ ਮੰਨਦਾ 'ਤੇ ਉਨ੍ਹਾਂ ਦਾ ਹੁਕਮ ਹੋਇਆ, ਮੈਂ ਆਪਣੀ ਪੁੱਤਰਾਂ ਵਰਗੀ ਜ਼ਮੀਨ ਦੇਣ ਲਈ ਬਿਨਾ ਕਿਸੇ ਸ਼ਰਤ ਤੋਂ ਹਾਂ ਕਰ ਦਿੱਤੀ।''
ਉਕਤ ਵਿਚਾਰਾਂ ਦਾ ਪ੍ਰਗਟਾਵਾ ਡੇਰਾ ਬਾਬਾ ਨਾਨਕ ਦੇ ਕਿਸਾਨ ਲੱਖਾ ਸਿੰਘ ਨੇ ਉਸ ਵੇਲੇ ਕੀਤਾ ਜਦੋਂ ਬਾਬੂਸ਼ਾਹੀ ਡਾਟ ਕਾਮ ਨੇ ਉਨ੍ਹਾਂ ਨੂੰ ਆਪਣੀ ਸਾਢੇ 16 ਕਿੱਲੇ ਜ਼ਮੀਨ ਬਿਨਾ ਕਿਸੇ ਮੁਆਵਜ਼ੇ ਜਾਂ ਧਰਵਾਸੇ ਤੋਂ ਦੇਣ ਦਾ ਕਾਰਨ ਪੁੱਛਿਆ। ਲੱਖਾ ਸਿੰਘ ਦਾ ਕਹਿਣਾ ਸੀ ਕਿ ਉਹ ਗੁਰੂ ਦੇ ਚੇਲੇ ਹਨ ਅਤੇ ਗੁਰੂ ਦੀ ਕਿਰਪਾ ਸਦਕਾ ਹੀ ਉਨ੍ਹਾਂ ਨੂੰ ਬਿਨਾ ਸੋਚਿਆਂ ਸਮਝਿਆਂ ਅਜਿਹਾ ਕਦਮ ਚੁੱਕਣ ਦਾ ਬਲ ਮਿਲਿਆ।
ਦੱਸਦੇ ਚੱਲੀਏ ਕਿ ਲੱਖਾ ਸਿੰਘ ਵਾਸੀ ਪਿੰਡ ਪੱਖੋਂ ਕੇ ਟਾਹਲੀ, ਡੇਰਾ ਬਾਬਾ ਨਾਨਕ ਨੇ ਕਰਤਾਰਪੁਰ ਕਾਰੀਡੋਰ ਲਈ ਬਿਨਾ ਕਿਸੇ ਸ਼ਰਤ ਆਪਣੀ ਜ਼ਮੀਨ ਦੇ ਦਿੱਤੀ। ਲੱਖਾ ਸਿੰਘ ਦੀ ਜ਼ਮੀਨ ਕਰਤਾਰਪੁਰ ਕਾਰੀਡੋਰ ਲਈ ਬਹੁਤ ਜ਼ਰੂਰੀ ਸੀ। ਕਿਉਂ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣਨ ਜਾ ਰਿਹਾ ਕਰਤਾਰਪੁਰ ਲਾਗਾ ਭਾਰਤ ਵਾਲੇ ਪਾਸੇ (ਜ਼ੀਰੋ ਲਾਈਨ) 'ਤੇ ਆ ਕੇ ਜਿਸ ਜ਼ਮੀਨ 'ਤੇ ਮਿਲਦਾ ਸੀ। ਉਹ ਸਾਬਕਾ ਸਰਪੰਚ ਲੱਖਾ ਸਿੰਘ ਦੀ 16 ਏਕੜ ਵਾਹੀਯੋਗ ਜ਼ਮੀਨ ਸੀ।
ਇੱਥੇ ਇਹ ਵੀ ਦੱਸਦੇ ਚੱਲੀਏ ਕਿ ਉਕਤ ਮਸਲੇ ਦੌਰਾਨ ਭਾਰਤ ਸਰਕਾਰ ਅਤੇ ਡੇਰਾ ਬਾਬਾ ਨਾਨਕ ਦੇ ਜ਼ਮੀਨ ਮਾਲਕਾਂ ( ਕਿਸਾਨਾਂ) ਦਰਮਿਆਨ ਮੁਆਵਜ਼ੇ ਨੂੰ ਲੈ ਕੇ ਕਸ਼ਮਕਸ਼ ਚੱਲ ਰਹੀ ਸੀ। ਇਸ ਦੇ ਨਾਲ ਹੀ ਭਾਰਤ ਸਰਕਾਰ ਵੱਲ ਲਾਂਘੇ ਦੀ ਉਸਾਰੀ ਲੇਟ ਕਰਨ ਸਬੰਧੀ ਸਵਾਲ ਵੀ ਉੱਠਣੇ ਸ਼ੁਰੂ ਹੋ ਚੁੱਕੇ ਸਨ। ਪਰ ਅਖੀਰ ਲੱਖਾ ਸਿੰਘ ਨੇ ਆਪਣੀ 16 ਏਕੜ ਜ਼ਮੀਨ ਗੁਰੂ ਸਾਹਿਬ ਦੇ ਨਾਂ ਤੇ ਦਿੰਦਿਆਂ, ਭਾਰਤੀ ਖੇਤਰ ਵਿੱਚ ਲਾਂਘੇ ਦਾ ਕੰਮ ਸ਼ੁਰੂ ਕਰਵਾ ਦਿੱਤਾ।
ਲੱਖਾ ਸਿੰਘ ਨੇ ਆਪਣੀ 16.5 ਏਕੜ ਜ਼ਮੀਨ ਭਾਰਤ ਸਰਕਾਰ ਨੂੰ ਬਿਨਾ ਕਿਸੇ ਸ਼ਰਤ ਦਿੱਤੀ ਹੈ । ਹੁਣ ਵੇਖਣ ਵਾਲੀ ਗੱਲ ਇਸ ਹੋਵੇਗੀ ਕਿ ਦੇਸ਼ ਜਾਂ ਸੂਬਾ ਸਰਕਾਰ ਆਪਣਾ ਨੈਤਿਕ ਫ਼ਰਜ਼ ਨਿਭਾਉਂਦਿਆਂ ਲੱਖਾ ਸਿੰਘ ਨੂੰ ਉਸ ਦੀ ਜ਼ਮੀਨ ਬਦਲੇ ਕੀ ਦਿੰਦੀ ਹੈ।
ਕਿਸਾਨ ਲੱਖਾ ਸਿੰਘ ਦੇ ਇਸ ਫੈਸਲੇ ਤੋਂ ਪ੍ਰਭਾਵਿਤ ਹੋ ਕੇ ਜਿਥੇ ਦੇਸ਼ਾਂ ਵਿਦੇਸ਼ਾਂ 'ਚੋਂ ਉਸਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ ਉਥੇ ਹੀ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰਦਿਆਂ ਕਿਸਾਨ ਲੱਖਾ ਸਿੰਘ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।