← ਪਿਛੇ ਪਰਤੋ
ਲੋਕੇਸ਼ ਰਿਸ਼ੀ ਗੁਰਦਾਸਪੁਰ, 08 ਜੂਨ 2019- ਕਰਤਾਰਪੁਰ ਕਾਰੀਡੋਰ ਬਣਨ ਕਾਰਨ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਅਤੇ ਨਾਲ ਲੱਗਦੇ ਇਲਾਕਿਆਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਅਤੇ ਇਸੇ ਦੇ ਚੱਲਦਿਆਂ ਹੁਣ ਡੇਰਾ ਬਾਬਾ ਨਾਨਕ ਵਿੱਚੋਂ ਬਿਜਲੀ ਦੀਆਂ ਤਾਰਾਂ ਦਾ ਜਾਲ ਹਟਾ ਦਿੱਤਾ ਜਾਵੇਗਾ। ਨਤੀਜੇ ਵਜੋਂ ਇੱਥੋਂ ਦੀ ਕਿਸੇ ਵੀ ਗਲੀ ਵਿੱਚ ਤਾਰਾਂ ਦੇ ਜਾਲ, ਬਿਜਲੀ ਦੇ ਵੱਡੇ ਵੱਡੇ ਬਕਸੇ ਅਤੇ ਖੰਭੇ ਆਦਿ ਦਿਖਾਈ ਨਹੀਂ ਦੇਣਗੇ। ਇਸ ਕੰਮ ਲਈ ਬਿਜਲੀ ਵਿਭਾਗ ਬਟਾਲਾ ਵੱਲੋਂ ਐਸਟੀਮੇਟ ਵੀ ਤਿਆਰ ਕਰ ਦਿੱਤਾ ਗਿਆ ਹੈ ਅਤੇ ਵਿਭਾਗ ਕੋਲ ਲੋੜੀਂਦਾ ਸਮਾਨ ਵੀ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ। ਇਸ ਉਪਰਾਲੇ ਕਾਰਨ ਆਮ ਲੋਕਾਂ ਨੂੰ ਜ਼ਿਆਦਾ ਤੰਗੀ ਨਾ ਆਵੇ ਇਸ ਸਬੰਧੀ ਵਿਭਾਗ ਵੱਲੋਂ 30 ਜੁਲਾਈ ਤੱਕ ਹਫ਼ਤਾ ਵਾਰ ਦੋ ਕੱਟ ਲਗਾ ਕੇ ਕੰਮ ਪੂਰਾ ਕੀਤਾ ਜਾਣਾ ਹੈ। ਮਾਮਲੇ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਬਿਜਲੀ ਵਿਭਾਗ ਬਟਾਲਾ ਦੇ ਐਕਸੀਅਨ ਮੋਹਤਮ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੀਆਂ ਗਲੀਆਂ ਵਿੱਚੋਂ ਤਾਰਾਂ ਦੇ ਜਾਲ, ਬਿਜਲੀ ਦੇ ਬਕਸੇ ਅਤੇ ਖੰਭੇ ਆਦਿ ਪੂਰੀ ਤਰਾਂ ਨਾਲ ਹਟਾ ਦਿੱਤੇ ਜਾਣਗੇ ਅਤੇ ਇਹ ਸਾਰਾ ਕੰਮ ਕਰਤਾਰਪੁਰ ਕਾਰੀਡੋਰ ਬਣਨ ਕਾਰਨ ਇਲਾਕੇ ਦੀ ਦਿੱਖ ਨੂੰ ਵਧੀਆ ਬਣਾਉਣ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰਾ ਕੰਮ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਹੋ ਰਿਹਾ ਹੈ ਅਤੇ ਇਸ ਸਬੰਧੀ ਵਿਭਾਗ ਵੱਲੋਂ ਸਰਕਾਰ ਨੂੰ ਲੋੜੀਂਦਾ ਐਸਟੀਮੇਟ ਤਿਆਰ ਕਰ ਕੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਕੰਮ ਨੂੰ ਨੇਪਰੇ ਚਾੜ੍ਹਨ ਲਈ ਤਕਰੀਬਨ ਇੱਕ ਕਰੋੜ ਦਾ ਖ਼ਰਚ ਆਉਣ ਦੀ ਉਮੀਦ ਹੈ ਅਤੇ ਸਰਕਾਰ ਵੱਲੋਂ ਵੀ ਕੋਈ ਢਿੱਲ ਨਾ ਵਿਖਾਉਂਦਿਆਂ ਲੋੜੀਂਦਾ ਸਮਾਨ ਵਿਭਾਗ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਉਕਤ ਕੰਮ ਨੂੰ ਨੇਪਰੇ ਚਾੜ੍ਹਨ ਲਈ ਇਲਾਕੇ ਦੀ ਬਿਜਲੀ ਬੰਦ ਕਰਨਾ ਬਹੁਤ ਜ਼ਰੂਰੀ ਹੈ ਅਤੇ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਹਫ਼ਤੇ ਵਿੱਚ ਦੋ ਵਾਰ ਹੀ ਬਿਜਲੀ ਬੰਦ ਕਰ ਕੇ ਇਸ ਕੰਮ ਨੂੰ ਅੰਜਾਮ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਿਰਫ਼ ਮੰਗਲਵਾਰ ਅਤੇ ਸ਼ਨੀਵਾਰ ਨੂੰ ਬਿਜਲੀ ਉਨ੍ਹਾਂ ਹੀ ਇਲਾਕਿਆਂ ਵਿੱਚ ਬੰਧ ਕੀਤੀ ਜਾਇਆ ਕਰੇਗੀ ਜਿਸ ਇਲਾਕੇ ਵਿੱਚ ਕੰਮ ਕੀਤਾ ਜਾਣਾ ਹੈ। ਬਾਕੀ ਇਲਾਕਿਆਂ ਵਿੱਚ ਬਿਜਲੀ ਦਾ ਪ੍ਰਵਾਹ ਆਮ ਵਾਂਗ ਹੀ ਜਾਰੀ ਰਹੇਗਾ।
Total Responses : 265