ਕੰਡੇਦਾਰ ਤਾਰ ਤੇ ਟੈਲੀਸਕੋਪ ਪੋਸਟ ਦਾ ਕੀ ਬਣੇਗਾ ਕਰਤਾਰਪੁਰ ਕਾਰੀਡੋਰ ਦੀ ਉਸਾਰੀ ਤੋਂ ਬਾਅਦ ?
"ਕੁਝ ਸਮੇਂ ਦਾ ਮਹਿਮਾਨ" ਡੇਰਾ ਬਾਬਾ ਨਾਨਕ ਦਾ ਕਰਤਾਰਪੁਰ ਦਰਸ਼ਨ ਸਥਲ
ਲੋਕੇਸ਼ ਰਿਸ਼ੀ
ਗੁਰਦਾਸਪੁਰ, 23 ਮਾਰਚ 2019- ਬੀਤੇ ਮੰਗਲਵਾਰ ਨੂੰ ਭਾਰਤ- ਪਾਕਿਸਤਾਨ ਸਰਹੱਦ ਤੇ ਦੋਹਾਂ ਦੇਸ਼ਾਂ ਦੀਆਂ ਤਕਨੀਕੀ ਟੀਮਾਂ ਵੱਲੋਂ ਕੀਤੇ ਗਏ ਵਿਚਾਰ ਵਟਾਂਦਰੇ ਤੋਂ ਬਾਦ ਭਾਰਤੀ ਖੇਤਰ ਵਿਖੇ ਵੀ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਲਾਂਘੇ ਦਾ ਕੰਮ ਲਾਗੇ ਹੋ ਚੁੱਕਾ ਹੈ। ਪਰ ਇਸ ਦੇ ਨਾਲ ਹੀ ਦੋ ਅਹਿਮ ਸਵਾਲ ਖੜ੍ਹੇ ਹੋ ਗਏ ਹਨ . ਕਾਰੀਡੋਰ ਬਣੇਗਾ ਤਾਂ ਫਿਰ ਸਰਹੱਦ ਤੇ ਲੱਗੀ ਕੰਡੇ ਦਾਰ ਤਾਰ ਦਾ ਕੀ ਬਣੇਗਾ ? ਕੀ ਇਹ ਤਾਰ ਉਖਾੜ ਕੇ ਰਸਤਾ ਬਣਾਇਆ ਜਾਵੇਗਾ ? ਦੂਜਾ ਸਵਾਲ ਇਹ ਹੈ ਕਿ ਭਾਰਤੀ ਸਰਹੱਦ ਤੋਂ ਖੜਕੇ ਦੂਰਬੀਨ ਰਾਹੀਂ ਕਰਤਾਰ ਸਾਹਿਬ ਦੇ ਦਰਸ਼ਨਾਂ ਲਈ ਪੋਸਟ ਦਾ ਕੀ ਬਣੇਗਾ ?
ਬਾਬੂ ਸ਼ਾਹੀ ਡਾਟ ਕਾਮ ਨੇ ਜਦੋਂ ਲਾਂਘੇ ਸਬੰਧੀ ਭਾਰਤ ਵਾਲੇ ਪਾਸਿਉਂ ਸ਼ੁਰੂ ਹੋਏ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣਾ ਚਾਹਿਆ ਤਾਂ ਇਨ੍ਹਾਂ ਦੋਹਾਂ ਸਵਾਲਾਂ ਦੇ ਜਵਾਬ ਹੀ ਮਿਲ ਗਏ ।
ਲਾਂਘੇ ਦਾ ਕੰਮ ਮੁਕੰਮਲ ਹੋਣ ਤੇ ਸ਼ਰਧਾਲੂ ਭਾਵੇਂ ਦੋਹਾਂ ਦੇਸ਼ਾਂ ਵੱਲੋਂ ਤੈਅ ਕੀਤੀਆਂ ਸ਼ਰਤਾਂ ਮੁਤਾਬਿਕ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ- ਦੀਦਾਰ ਕਰ ਸਕਣਗੇ। ਪਰ ਉਸ ਸਮੇਂ ਉਹ ਦਰਸ਼ਨ ਸਥਲ ਵਜੂਦ ਵਿੱਚ ਨਹੀਂ ਰਹੇਗਾ, ਜਿੱਥੇ ਭਾਰਤੀ ਬਾਸ਼ਿੰਦੇ ਦੂਰਬੀਨਾਂ ਰਾਹੀਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਇਆ-ਕਰਦੇ ਹਨ। ਪਰ ਦੂਜੇ ਪਾਸੇ ਕੰਡੇਦਾਰ ਤਾਰ ਕਾਇਮ ਰਹੇਗੀ . ਅੱਗੇ ਪੜ੍ਹੋ ਕਿਵੇਂ ਕਾਇਮ ਰਹੇਗੀ .
ਕਾਰੀਡੋਰ ਸਬੰਧੀ ਕਰੀਬ ਸਾਢੇ 4 ਕਿੱਲੋ ਮੀਟਰ ਦੇ ਕਰੀਬ ਲੰਮੀ 'ਤੇ 200 ਫੁੱਟ ਚੌੜੀ ਸੜਕ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ, ਪਰ ਇਸ ਦੇ ਨਾਲ ਹੀ ਕਰਤਾਰਪੁਰ ਕਾਰੀਡੋਰ ਦੇ ਹਿੱਸੇ ਵਜੋਂ ਇੱਕ ਪੁਲ ਵੀ ਬਣਾਇਆ ਜਾਵੇਗਾ ਜੋ ਕਿ ਕੰਡੇਦਾਰ ਤਾਰ ਦੇ ਉੱਪਰੋਂ ਦੀ ਲੰਘੇਗਾ ਭਾਵ ਯਾਤਰੀ ਇਸ ਪੁਲ ਰਾਹੀਂ ਪਾਕਿਸਤਾਨ ਦਾਖਲ ਹੋਣਗੇ ।ਇਸ ਲਈ ਕੰਡੇਦਾਰ ਤਾਰ ਨੂੰ ਨਾ ਛੇੜਦੇ ਹੋਏ ਉਸ ਉੱਪਰ ਇਕ ਪੁਲ ਦਾ ਨਿਰਮਾਣ ਵੀ ਕੀਤਾ ਜਾਣਾ ਮੁਕੱਰਰ ਹੋਇਆ ਹੈ।
ਇਹ ਪੁਲ ( ਦੇਸ਼ ਦੀ ਸੁਰੱਖਿਆ ਮਸਲਿਆਂ ਦੇ ਨਾਲ ਨਾਲ ਕੁਝ ਇੰਟਰਨੈਸ਼ਨਲ ਸੰਧੀਆਂ 'ਤੇ ਵੀ ਅਧਾਰਿਤ ਹੈ-ਜਿਨ੍ਹਾਂ ਵਿੱਚ ਕਰਾਰ ਹੈ ਕਿ ਲਾਇਨ ਆਫ਼ ਕੰਟਰੋਲ ਬਰਕਰਾਰ ਰਹੇਗੀ)
ਲੁਧਿਆਣਾ ਬੇਸ ਕੰਸਟਰੱਕਸ਼ਨ ਕੰਪਨੀ ਸੀਤਲ ਦੇ ਪ੍ਰੋਜੈਕਟ ਮੈਨੇਜਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਭਾਰਤ ਵਾਲੇ ਪਾਸਿਉਂ ਕਾਰੀਡੋਰ ਨਿਰਮਾਣ ਦਾ ਪ੍ਰੋਜੈਕਟ ਉਨ੍ਹਾਂ ਦੀ ਕੰਪਨੀ ਨੂੰ ਮਿਲਿਆ ਹੈ ਅਤੇ ਇਸ ਸੜਕ ਦਾ ਨਿਰਮਾਣ 3.60 ਕਿ.ਮੀ ਕੀਤਾ ਜਾਵੇ ਗਾ, ਜਿਸ ਤੋਂ ਇਲਾਵਾ ਇੱਕ ਬਰਿੱਜ ਦਾ ਵੀ ਨਿਰਮਾਣ ਕੀਤਾ ਜਾਵੇਗਾ।
ਖ਼ਾਸ ਗੱਲ ਇਹ ਕਿ ਇਹ ਪੁਲ ਉਸ ਜਗਾ ਤੇ ਬਣਾਇਆ ਜਾਵੇਗਾ, ਜਿੱਥੇ ਮੌਜੂਦਾ ਸਮੇਂ ਵਿੱਚ ਡੇਰਾ ਬਾਬਾ ਨਾਨਕ ਦਾ ਕਰਤਾਰਪੁਰ ਦਰਸ਼ਨ ਸਥਲ ਹੈ। ਕੁੱਲ ਮਿਲਾ ਕੇ ਕਹੀਏ ਤਾਂ ਕਰਤਾਰਪੁਰ ਕਾਰੀਡੋਰ ਦਾ ਕੰਮ ਮੁਕੰਮਲ ਹੋਣ ਉਪਰੰਤ ਡੇਰਾ ਬਾਬਾ ਨਾਨਕ ਵਿਖੇ ਸਥਿਤ ਦਰਸ਼ਨ ਸਥਲ ਅਤੇ ਉਸ ਦੇ ਬਿਲਕੁਲ ਨਾਲ ਕੰਟੀਨ ਨੂੰ ਢਾਹ ਦਿੱਤਾ ਜਾਵੇਗਾ।
ਬਾਬੂ ਸ਼ਾਹੀ ਡਾਟ ਕਾਮ ਵੱਲੋਂ ਸੀਗਲ ਕੰਸਟਰੱਕਸ਼ਨ ਕੰਪਨੀ ਦੇ ਪ੍ਰੋਜੈਕਟ ਮੈਨੇਜਰ ਨਰਿੰਦਰ ਕੁਮਾਰ, ਐਨ.ਐੱਚ.ਅਥਾਰਿਟੀ ਦੇ ਨੁਮਾਇੰਦੇ ਸੇਵਾ ਮੁਕਤ ਤਹਿਸੀਲਦਾਰ ਪ੍ਰੇਮ ਚੰਦ ਅਤੇ ਤਾਲ-ਮੇਲ ਕਮੇਟੀ ਦੇ ਅਧਿਕਾਰੀ ਅਜੀਤਪਾਲ ਸਿੰਘ ਨਾਲ ਗੱਲ ਕਰ ਕੇ ਮੌਜੂਦਾ ਹਾਲਤਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਪ੍ਰੋਜੈਕਟ ਮੈਨੇਜਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਕਰਤਾਰਪੁਰ ਕਾਰੀਡੋਰ ਸਬੰਧੀ ਭਾਰਤ ਵਾਲੇ ਪਾਸਿਉਂ ਕੁੱਲ 3.60 ਕਿ.ਮੀ. ਸੜਕ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਇੱਕ ਮੇਜਰ ਪੁਲ ਵੀ ਬਣਾਇਆ ਜਾਵੇਗਾ, ਜਿਸ ਕਾਰਨ ਡੇਰਾ ਬਾਬਾ ਨਾਨਕ ਵਿਖੇ ਸਥਿਤ ਦਰਸ਼ਨ ਸਥਲ ਅਤੇ ਉਸ ਦੇ ਕਰੀਬ ਬਣੀ ਹੋਈ ਬੀ.ਐਸ.ਐਫ ਦੀ ਕੰਟੀਨ ਢਾਹੁਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਉਕਤ ਪੁਲ ਦਰਸ਼ਨ ਸਥਲ ਤੋਂ ਲੈ ਕੇ ਜ਼ੀਰੋ-ਲਾਈਨ ਤੱਕ ਉਸਾਰਿਆ ਜਾਵੇਗਾ।
ਕੈਪਸ਼ਨ :- ਭਾਰਤ ਵਾਲੇ ਪਾਸਿਉਂ ਕਾਰੀਡੋਰ ਦੀ ਉਸਾਰੀ ਮੌਕੇ ਸਬੰਧਿਤ ਅਧਿਕਾਰੀ