ਮੀਟਿੰਗ ਲਈ ਕੰਡਿਆਲੀ ਤਾਰ 'ਤੇ ਖੜੇ ਭਾਰਤੀ ਅਧਿਕਾਰੀ
ਲੋਕੇਸ਼ ਰਿਸ਼ੀ
ਗੁਰਦਾਸਪੁਰ, 27 ਮਈ 2019 -ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਬਣਨ ਜਾ ਰਹੇ ਕਰਤਾਰਪੁਰ ਕਾਰੀਡੋਰ ਦਾ ਨਿਰਮਾਣ ਆਪਣੀ ਰਫ਼ਤਾਰ ਨਾਲ ਚੱਲ ਰਿਹਾ ਹੈ। ਇਸ ਨਿਰਮਾਣ ਦੇ ਚੱਲਦਿਆਂ ਕੁਝ ਤਕਨੀਕੀ ਬਰੀਕੀਆਂ ਵੀ ਸਾਹਮਣੇ ਆ ਰਹੀਆਂ ਹਨ। ਇਹਨਾਂ ਖ਼ਾਮੀਆਂ ਨੂੰ ਦੂਰ ਕਰਨ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਤਕਨੀਕੀ ਟੀਮਾਂ ਵੱਲੋਂ ਪਹਿਲਾਂ ਵੀ ਦੋ ਵਾਰ ਡੇਰਾ ਬਾਬਾ ਨਾਨਕ ਵਿਖੇ ਬੈਠ ਕੇ ਵਿਚਾਰ ਚਰਚਾ ਕੀਤੀ ਜਾ ਚੁੱਕੀ ਹੈ। ਇਸੇ ਲੜੀ ਦੇ ਚੱਲਦਿਆਂ ਸੋਮਵਾਰ ਨੂੰ ਵੀ ਦੋਹਾਂ ਦੇਸ਼ਾਂ ਦੀਆਂ ਟੀਮਾਂ ਡੇਰਾ ਬਾਬਾ ਨਾਨਕ ਵਿਖੇ ਤੀਜੀ ਵਾਰ ਇਕੱਤਰ ਹੋਈਆਂ। ਜਿਸ ਦੌਰਾਨ ਭਾਰਤ ਅਤੇ ਪਾਕਿਸਤਾਨ ਤੋਂ ਆਏ 9-9 ਅਧਿਕਾਰੀਆਂ ਨੇ ਨਿਰਮਾਣ ਕਾਰਜਾਂ ਸਬੰਧੀ ਵਿਚਾਰ ਚਰਚਾ ਕੀਤੀ।
ਜ਼ੀਰੋ ਲਾਈਨ ਉੱਪਰ ਮੀਟਿੰਗ ਸਥਾਨ 'ਤੇ ਲੱਗੇ ਦੋਹਾਂ ਦੇਸ਼ਾਂ ਦੇ ਝੰਡੇ
ਹਾਲਾਂ ਕਿ ਕੰਡਿਆਲੀ ਤਾਰ ਤੋਂ ਪਾਰ ਹੋਈ ਇਹ ਮੀਟਿੰਗ ਸਵੇਰੇ 11:30 ਵਜੇ ਸ਼ੁਰੂ ਹੋਈ। ਜਿਸ ਤੋਂ ਮੀਡੀਆ ਨੂੰ ਲਗਾਤਾਰ ਦੂਰ ਰੱਖਿਆ ਗਿਆ ਅਤੇ ਮੀਟਿੰਗ ਸਮਾਪਤ ਹੋਣ ਮਗਰੋਂ ਭਾਰਤੀ ਅਧਿਕਾਰੀ ਬਿਨਾ ਮੀਡੀਆ ਨਾਲ ਮੁਖ਼ਾਤਬ ਹੋਏ ਹੀ ਵਾਪਸ ਪਰਤ ਗਏ। ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਮੀਟਿੰਗ ਦਾ ਮੁੱਖ ਕਾਰਨ ਹੋਰਨਾਂ ਪਹਿਲੂਆਂ ਤੋਂ ਇਲਾਵਾ ਇੱਕ ਓਵਰ ਬਰਿੱਜ ਹੈ। ਜੋ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਥਿਤ ਕੰਡਿਆਲੀ ਤਾਰ ਦੇ ਉੱਪਰੋਂ ਹੋ ਕੇ ਗੁਜ਼ਰੇਗਾ ।
ਇਸ ਮੀਟਿੰਗ ਵਿੱਚ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੇ 9-9 ਅਧਿਕਾਰੀ ਸ਼ਾਮਿਲ ਹੋਏ। ਇਸ ਦੌਰਾਨ ਦੋਹਾਂ ਟੀਮਾਂ ਵੱਲੋਂ ਜਿੱਥੇ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਅਤੇ ਵੱਖ ਵੱਖ ਅਦਾਰਿਆਂ ਦੇ ਦਫ਼ਤਰ ਬਣਾਉਣ ਸਬੰਧੀ ਚਰਚਾ ਕੀਤੀ ਗਈ। ਉੱਥੇ ਹੀ ਦੋਹਾਂ ਦੇਸ਼ਾਂ ਨੂੰ ਜੋੜਨ ਵਾਲੇ ਫਲਾਈਓਵਰ ਸਬੰਧੀ ਵੀ ਚਰਚਾ ਕੀਤੀ ਗਈ।
ਹਾਲਾਂ ਕਿ ਸਾਰੀ ਮੀਡੀਆ ਨੂੰ ਮੀਟਿੰਗ ਵਾਲੀ ਜਗ੍ਹਾ ਤੋਂ ਕਰੀਬ ਇੱਕ ਕਿੱਲੋ ਮੀਟਰ ਪਿੱਛੇ ਹੀ ਰੋਕ ਦਿੱਤਾ ਗਿਆ ਅਤੇ ਸਬੰਧਿਤ ਅਧਿਕਾਰੀਆਂ ਵੱਲੋਂ ਵੀ ਇਸ ਮੀਟਿੰਗ ਦੇ ਵਿਸ਼ੇ 'ਤੇ ਕੋਈ ਚਾਨਣਾ ਨਹੀਂ ਪਾਇਆ ਗਿਆ। ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਾਰੀਡੋਰ ਸਬੰਧੀ ਬਣਾਇਆ ਜਾਣ ਵਾਲਾ ਫਲਾਈਓਵਰ ਜਿੱਥੇ ਭਾਰਤ ਵਾਲੇ ਪਾਸੇ ਕੰਕਰੀਟ ਨਾਲ ਉਸਾਰਿਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਵਾਲੇ ਪਾਸੇ ਇਸ ਫਲਾਈਓਵਰ ਨੂੰ ਮਿੱਟੀ ਨਾਲ ਬਣਾਇਆ ਜਾ ਰਿਹਾ ਹੈ। ਕੰਕਰੀਟ ਦਾ ਫ਼ਾਇਦਾ ਇਹ ਹੈ ਕਿ ਉਸ ਵਿੱਚੋਂ ਰਾਵੀ ਦਰਿਆ ਦਾ ਪਾਣੀ ਆਰ-ਪਾਰ ਗੁਜ਼ਰਨ ਲਈ ਰਸਤੇ ਬਣਾਏ ਜਾਣੇ ਹਨ। ਜਦਕਿ ਮਿੱਟੀ ਦੇ ਫਲਾਈਓਵਰ ਵਿੱਚੋਂ ਰਾਵੀ ਦਰਿਆ ਦਾ ਪਾਣੀ ਆਰ-ਪਾਰ ਨਹੀਂ ਹੋ ਸਕੇਗਾ ਅਤੇ ਉਸ ਪਾਣੀ ਦਾ ਵਹਾ ਭਾਰਤ ਵਾਲੇ ਪਾਸੇ ਹੋ ਜਾਵੇਗਾ। ਇਸ ਨਾਲ ਭਾਰਤ ਨੂੰ ਸਮੇਂ ਸਮੇਂ 'ਤੇ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।
ਸੂਤਰਾਂ ਮੁਤਾਬਿਕ ਮੀਟਿੰਗ ਦੌਰਾਨ ਭਾਰਤੀ ਅਧਿਕਾਰੀਆਂ ਵੱਲੋਂ ਇਸ ਫਲਾਈਓਵਰ ਨੂੰ ਪਾਕਿਸਤਾਨ ਵਾਲੇ ਪਾਸਿਉਂ ਵੀ ਕੰਕਰੀਟ ਨਾਲ ਤਿਆਰ ਕਰਵਾਉਣ ਦੀ ਸਿਫ਼ਾਰਿਸ਼ ਕੀਤੀ ਗਈ ਅਤੇ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਭਾਰਤ ਦੇ ਇਸ ਸੁਝਾਅ ਨੂੰ ਆਪਣੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਦੋਹਾਂ ਦੇਸ਼ਾਂ ਦੀਆਂ ਟੀਮਾਂ ਵਿਚਾਲੇ ਚੱਲ ਰਹੀ ਮੀਟਿੰਗ ਸਮਾਪਤ ਹੋ ਗਈ। ਜਿਸ ਤੋਂ ਬਾਦ ਦੋਹਾਂ ਦੇਸ਼ਾਂ ਦੇ ਅਧਿਕਾਰੀ ਆਪਣੇ ਆਪਣੇ ਦੇਸ਼ਾਂ ਵੱਲ ਰਵਾਨਾ ਹੋ ਗਏ।
ਦੱਸਦੇ ਚੱਲੀਏ ਕਿ ਇਸ ਮੀਟਿੰਗ ਦੌਰਾਨ ਭਾਰਤ ਵੱਲੋਂ ਨੈਸ਼ਨਲ ਹਾਈਵੇ ਅਥਾਰਿਟੀ ਦੇ ਸੀ ਜੀ ਮੁਨੀਸ਼ ਰੋਹਤਗੀ,
ਵਿਸ਼ਾਲ ਗੁਪਤਾ ਆਰ.ਓ ਐਨ ਐੱਚ ਏ ਆਈ, ਵਾਏ ਐੱਸ ਜੋਬਨ ਪੀ.ਡੀ ਐਨ ਐਚ ਏ ਆਈ ਸੀਵਰੇਜ 'ਤੇ ਡਰੇਨੇਜ ਵਿਭਾਗ ਦੇ ਚੀਫ਼ ਇੰਜੀਨੀਅਰ ਅਤੇ ਐਮ ਆਰ ਸਕਸੈਨਾ ਮੈਂਬਰ ਲੈਂਡ ਪੋਰਟ ਅਥਾਰਿਟੀ ਤੋਂ ਇਲਾਵਾ ਬੀਐਸਐਫ ਦੇ ਅਧਿਕਾਰੀ ਵੀ ਮੌਜੂਦ ਸਨ।