ਤਨਖ਼ਾਹਾਂ ਦਾ ਭੁਗਤਾਨ ਨਾ ਹੋਣ ਕਾਰਨ ਕਰਤਾਰਪੁਰ ਕਾਰੀਡੋਰ ਰੋਡ ਦਾ ਕੰਮ ਪਿਛਲੇ 5 ਦਿਨਾਂ ਤੋਂ ਠੱਪ
ਕਰਤਾਰਪੁਰ ਲਾਂਘੇ ਦੀ ਮੇਨ ਸੜਕ ਦੀ ਉਸਾਰੀ ਦਾ ਕੰਮ ਹੋਇਆ ਠੱਪ - ਵਿਹਲੇ ਖੜ੍ਹੇ ਟਿੱਪਰ, ਮਸ਼ੀਨਾਂ
ਲੋਕੇਸ਼ ਰਿਸ਼ੀ
ਗੁਰਦਾਸਪੁਰ, 28 ਅਪ੍ਰੈਲ 2019 - ਭਾਰਤ ਪਾਕਿਸਤਾਨ ਵਿਚਕਾਰ ਬਣ ਰਹੇ ਕਰਤਾਰਪੁਰ ਕਾਰੀਡੋਰ ਦਾ ਕੰਮ ਪਿਛਲੇ ਪੰਜ ਦਿਨਾਂ ਤੋਂ ਠੱਪ ਪਿਆ ਹੈ। ਇਹ ਕੰਮ ਉਨ੍ਹਾਂ ਡਰਾਈਵਰਾਂ ਵੱਲੋਂ ਬੰਦ ਕੀਤਾ ਗਿਆ ਹੈ ਜੋ ਕਾਰੀਡੋਰ ਨਿਰਮਾਣ ਸਬੰਧੀ ਟਰੱਕ ਜਾਂ ਹੋਰ ਨਿਰਮਾਣ ਮਸ਼ੀਨਾਂ ਚਲਾਉਂਦੇ ਹਨ। ਡਰਾਈਵਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਮਿਹਨਤਾਨਾ ਨਹੀਂ ਮਿਲਿਆ, ਜਿਸ ਕਾਰਨ ਉਹ ਰੋਟੀ ਖਾਣ ਤੋਂ ਵੀ ਤੰਗ ਹੋ ਚੁੱਕੇ ਸਨ ਅਤੇ ਇਸੇ ਕਾਰਨ ਉਨ੍ਹਾਂ ਨੇ ਬੀਤੇ ਪੰਜ ਦਿਨਾਂ ਤੋਂ ਆਪਣੀਆਂ ਮਸ਼ੀਨਾਂ ਕਾਰੀਡੋਰ ਤੇ ਖੜੀਆਂ ਕੀਤੀਆਂ ਹੋਈਆਂ ਹਨ। ਹਾਲਾਂ ਕਿ ਇਸ ਮਸਲੇ ਸਬੰਧੀ ਨਿਰਮਾਣ ਕੰਪਨੀ ਦੇ ਨੁਮਾਇੰਦਿਆਂ ਨੇ ਬਾਹਰ ਹੋਣ ਦੀ ਗੱਲ ਕਹਿੰਦਿਆਂ ਵਾਪਸ ਪਰਤਣ ਤੇ ਹੀ ਜਵਾਬ ਦੇਣ ਦੀ ਗੱਲ ਕਹੀ। ਪਰ ਦੂਜੇ ਪਾਸੇ ਐੱਸ ਡੀ ਐਮ ਡੇਰਾ ਬਾਬਾ ਨਾਨਕ ਨੇ ਖ਼ਬਰ ਦੀ ਤਸਦੀਕ ਕਰਦਿਆਂ ਇਸ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਵਾਇਆ।
ਉਕਤ ਮਾਮਲੇ ਸਬੰਧੀ ਜ਼ਿਆਦਾਤਰ ਡਰਾਈਵਰਾਂ ਵੱਲੋਂ ਆਪਣੇ ਨਿੱਜੀ ਕਾਰਨਾਂ ਦੇ ਚੱਲਦਿਆਂ ਕੋਈ ਵੀ ਗੱਲ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ। ਪਰ ਕਾਰੀਡੋਰ ਦੇ ਦੋਹੇਂ ਪਾਸੇ ਬੰਦ ਖੜ੍ਹੇ ਟਰੱਕਾਂ ਅਤੇ ਸੜਕ ਨਿਰਮਾਣ ਕਰਨ ਵਾਲੀਆਂ ਨਿਰੀ ਮੌਜੂਦਾ ਹਾਲਤਾਂ ਨੂੰ ਆਪਮੁਹਾਰੇ ਬਿਆਨ ਕਰ ਰਹੀਆਂ ਸਨ। ਇਸ ਦੌਰਾਨ ਇੱਕ ਟਰੱਕ ਡਰਾਈਵਰ ਨੇ ਆਪਣਾ ਦੁਖੜਾ ਫਰੋਲਦਿਆਂ ਦੱਸਿਆ। ਕਿ ਨਿਰਮਾਣ ਕੰਪਨੀ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਕਿਸੇ ਵੀ ਡਰਾਈਵਰ ਨੂੰ ਮਿਹਨਤਾਨਾ ਨਹੀਂ ਦਿੱਤਾ ਗਿਆ। ਡਰਾਈਵਰਾਂ ਵੱਲੋਂ ਸਮੇਂ ਸਮੇਂ ਤੇ ਇਸ ਸਬੰਧੀ ਆਪਣਾ ਵਿਰੋਧ ਵੀ ਦਰਜ ਕਰਵਾਇਆ ਗਿਆ। ਪਰ ਹਰ ਵਾਰ ਠੇਕੇਦਾਰ ਵੱਲੋਂ ਜਲਦ ਅਦਾਇਗੀਆਂ ਕਰਨ ਦੇ ਭਰੋਸੇ ਤੇ ਉਹ ਮੁੜ ਕੰਮ ਕਰਨਾ ਸ਼ੁਰੂ ਕਰ ਦਿੰਦੇ। ਹਾਲਾਂ ਕਿ ਉਸ ਡਰਾਈਵਰ ਵੱਲੋਂ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਤੇ ਉਕਤ ਸਾਰੀ ਕਹਾਣੀ ਦੱਸਦਿਆਂ ਕਿਹਾ ਕਿ ਮੌਜੂਦਾ ਹਾਲਤ ਇਹ ਹੈ ਕਿ ਹੁਣ ਜ਼ਿਆਦਾਤਰ ਡਰਾਈਵਰਾਂ ਕੋਲ ਰੋਟੀ ਖਾਣ ਤੱਕ ਦੇ ਪੈਸੇ ਨਹੀਂ ਬਚੇ। ਇਸ ਲਈ ਸਾਰੇ ਡਰਾਈਵਰਾਂ ਵੱਲੋਂ ਇੱਕ ਸਲਾਹ ਹੋ ਕੇ ਬੀਤੇ ਪੰਜ ਦਿਨਾਂ ਤੋਂ ਆਪਣੇ ਵਾਹਨ ਖੜੇ ਕਰ ਦਿੱਤੇ ਗਏ ਹਨ।
ਉੱਥੇ ਦੂਜੇ ਪਾਸੇ ਜਦੋਂ ਐੱਸ.ਡੀ.ਐਮ ਡੇਰਾ ਬਾਬਾ ਨਾਨਕ ਗੁਰਸਿਮਰਨ ਜੀਤ ਸਿੰਘ ਢਿੱਲੋਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਉਕਤ ਖ਼ਬਰ ਦੀ ਤਸਦੀਕ ਕਰਦਿਆਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਡਰਾਈਵਰਾਂ ਅਤੇ ਕੰਟਰੈਕਟਰ ਵਿਚਾਲੇ ਪੈਸੇ ਦੇ ਲੈਣ ਦੇਣ ਸਬੰਧੀ ਮਸਲਾ ਚੱਲ ਰਿਹਾ ਸੀ। ਜਿਸ ਤੋਂ ਖਫਾ ਟਰੱਕ ਡਰਾਈਵਰਾਂ ਨੇ ਆਪਣੇ ਵਾਹਨ ਖੜ੍ਹੇ ਕਰ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਜਲਦ ਹੀ ਦੋਹਾਂ ਪੱਖਾਂ ਨਾਲ ਗੱਲ ਕਰ ਕੇ ਮਸਲਾ ਸੁਲਝਾ ਲਿਆ ਜਾਵੇਗਾ।
ਹਾਲਾਂ ਕਿ ਡੇਰਾ ਬਾਬਾ ਨਾਨਕ ਵਿਖੇ ਕਾਰੀਡੋਰ ਸਬੰਧੀ ਜ਼ੀਰੋ ਲਾਈਨ ਦੇ ਨਜ਼ਦੀਕ ਬਣ ਰਹੇ ਸਬੰਧਿਤ ਵਿਭਾਗਾਂ ਦੇ ਦਫ਼ਤਰਾਂ ਆਦਿ ਦਾ ਨਿਰਮਾਣ ਪਹਿਲਾਂ ਵਾਂਗ ਹੀ ਜਾਰੀ ਹੈ। ਪਰ ਡਰਾਈਵਰਾਂ ਵੱਲੋਂ ਕੀਤੀ ਗਈ ਇਸ ਹੜਤਾਲ ਕਾਰਨ ਲਾਂਘੇ ਵਾਲੀ ਰੋਡ ਦਾ ਕੰਮ ਠੱਪ ਪਿਆ ਹੈ।