ਲੋਕੇਸ਼ ਰਿਸ਼ੀ,
ਗੁਰਦਾਸਪੁਰ, 03 ਜੁਲਾਈ 2019-ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣਨ ਜਾ ਰਹੇ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਬਾਬਾ ਸੁਬੇਗ ਸਿੰਘ ਜੀ ਗੋਇੰਦਵਾਲ ਵਾਲਿਆਂ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਬਣਨ ਜਾ ਰਹੇ ਚੁਤਰਫ਼ਾ ਮੁੱਖ ਮਾਰਗਾਂ ਦੇ ਸਵਾਗਤੀ ਗੇਟਾਂ ਦਾ ਨੀਂਹ ਪੱਥਰ ਰੱਖ ਕੇ ਉਨ੍ਹਾਂ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਗਿਆ। ਇਸ ਮੌਕੇ ਮੰਤਰੀ ਰੰਧਾਵਾ ਨੇ ਜਿੱਥੇ ਇੱਕ ਪਾਸੇ ਅਕਤੂਬਰ ਮਹੀਨੇ ਤੱਕ ਕਾਰੀਡੋਰ ਨਿਰਮਾਣ ਦੇ ਸਾਰੇ ਕੰਮ ਮੁਕੰਮਲ ਕਰ ਦੀ ਗੱਲ ਕਹੀ । ਉੱਥੇ ਹੀ ਦੂਜੇ ਪਾਸੇ ਮੰਤਰੀ ਸਾਹਿਬ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਆਪਣੇ ਸਿਆਸੀ ਵਿਰੋਧੀਆਂ ਤੇ ਜਮ ਕੇ ਵਰ੍ਹੇ। ਇਸ ਦੌਰਾਨ ਬਾਬਾ ਸੁਬੇਗ ਸਿੰਘ ਗੋਇੰਦਵਾਲ ਵਾਲਿਆਂ ਨੇ ਕਿਹਾ ਕਿ ਗੁਰੂ ਅਤੇ ਗੁਰੂ ਦੀ ਸੰਗਤ ਨੇ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਹੈ ਅਤੇ ਉਨ੍ਹਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਇਹ ਮੁੱਖ ਦਰਵਾਜ਼ੇ ਜਲਦ ਹੀ ਮੁਕੰਮਲ ਕਰ ਲਏ ਜਾਣਗੇ।
ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਡੇਰਾ ਬਾਬਾ ਨਾਨਕ ਵਿਖੇ ਬਣਨ ਜਾ ਰਹੇ ਇਹਨਾਂ ਸਵਾਗਤੀ ਗੇਟਾਂ ਦਾ ਨੀਂਹ ਪੱਥਰ ਗੁਰੂ ਅੱਗੇ ਅਰਦਾਸ ਕਰਨ ਮਗਰੋਂ ਅਰਦਾਸ ਬਾਬਾ ਸੁਬੇਗ ਸਿੰਘ ਅਤੇ ਪੰਜਾਬ ਦੇ ਕੈਬਿਨੇਟ ਹੋਣ ਦੇ ਨਾਲ ਨਾਲ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਰੱਖਿਆ ਗਿਆ। ਇਸ ਮੌਕੇ ਸੰਗਤ ਦੇ ਰੂ-ਬਰੂ ਹੋ ਕੇ ਉਨ੍ਹਾਂ ਨੂੰ ਕਾਰੀਡੋਰ ਨਿਰਮਾਣ ਸਬੰਧੀ ਜਾਣਕਾਰੀ ਦੇਣ ਦੇ ਮਕਸਦ ਨਾਲ ਇੱਕ ਵਿਸ਼ੇਸ਼ ਸਮਾਗਮ ਵੀ ਕਰਵਾਇਆ ਗਿਆ, ਜਿਸ ਵਿੱਚ ਭਾਰਤੀ ਤਾਦਾਦ ਵਿੱਚ ਸੰਗਤ ਨੇ ਸ਼ਿਰਕਤ ਵੀ ਕੀਤੀ। ਇਸ ਮੌਕੇ ਕਾਰੀਡੋਰ ਸਬੰਧੀ ਬੋਲਦਿਆਂ ਮੰਤਰੀ ਰੰਧਾਵਾ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਨੂੰ ਆਉਣ ਵਾਲੇ ਸਾਰੇ ਮੁੱਖ ਮਾਰਗਾਂ ਤੇ ਸਵਾਗਤੀ ਗੇਟ ਬਣਾਏ ਜਾਣੇ ਹਨ। ਜਿਨ੍ਹਾਂ ਦੀ ਸੇਵਾ ਬਾਬਾ ਸੁਬੇਗ ਸਿੰਘ ਜੀ ਅਤੇ ਸੰਗਤ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਕਾਰੀਡੋਰ ਦਾ ਕੰਮ ਅਕਤੂਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਸਾਰੇ ਸਵਾਗਤੀ ਗੇਟਾਂ ਦੇ ਨਾਮ ਧਾਰਮਿਕ ਸ਼ਖ਼ਸੀਅਤਾਂ ਦੇ ਨਾਵਾਂ ਤੇ ਰੱਖੇ ਜਾਣਗੇ।
ਉੱਥੇ ਦੂਜੇ ਪਾਸੇ ਮੀਡੀਆ ਨਾਲ ਮੁਖ਼ਾਤਬ ਹੁੰਦਿਆਂ ਮੰਤਰੀ ਰੰਧਾਵਾ ਆਪਣੇ ਸਿਆਸੀ ਵਿਰੋਧੀਆਂ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਹਿੱਲ ਚੁੱਕੇ ਹਨ ਅਤੇ ਜੋ ਮੂੰਹ 'ਚ ਆਏ ਉਹੀ ਬੋਲ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਬੋਲਣ ਤੋਂ ਪਹਿਲਾਂ ਆਪਣੇ ਮੀਡੀਆ ਸਲਾਹਕਾਰ ਕੋਲੋਂ ਪੁੱਛ ਲੈਣਾ ਚਾਹੀਦਾ ਹੈ। ਸੁਖਬੀਰ ਬਾਦਲ ਵੱਲੋਂ ਕਰਤਾਰਪੁਰ ਕਾਰੀਡੋਰ ਦਾ ਨਕਸ਼ਾ ਜਾਰੀ ਕੀਤੇ ਜਾਣ ਸਬੰਧੀ ਸਵਾਲ ਤੇ ਮੰਤਰੀ ਰੰਧਾਵਾ ਨੇ ਕਿਹਾ ਕਿ ਸੁਖਬੀਰ ਕੁਝ ਵੀ ਕਰ ਸਕਦੇ ਹਨ ਅਤੇ ਉਨ੍ਹਾਂ ਅੰਦਰ ਅਹੰਕਾਰ ਬੋਲਦਾ ਹੈ। ਇਸ ਦੇ ਨਾਲ ਹੀ ਮੰਤਰੀ ਰੰਧਾਵਾ ਨੇ ਕਿਹਾ ਕਿ ਇਹ ਨਕਸ਼ਾ ਤਾਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਜਾਰੀ ਕਰ ਚੁੱਕੇ ਹਨ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੱਲੋਂ 550 ਪ੍ਰਕਾਸ਼ ਪੁਰਬ ਵਿੱਚ ਸ਼ਾਮਿਲ ਹੋਣ ਦੇ ਸਵਾਲ ਤੇ ਰੰਧਾਵਾ ਨੇ ਕਿਹਾ ਕਿ ਮੋਦੀ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਦਾ ਸੁਲਤਾਨਪੁਰ ਲੋਧੀ ਆਉਣ ਤੇ ਪੂਰਾ ਸ਼ਖ਼ਸੀਅਤਾਂ ਕੀਤਾ ਜਾਵੇਗਾ, ਜੋ ਕਿ ਸਾਡਾ ਫ਼ਰਜ਼ ਵੀ ਹੈ। ਇਸ ਦੌਰਾਨ ਮੰਤਰੀ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਰਕਾਰ ਨਾਲ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ। ਪਰ ਸ਼ਰੋਮਣੀ ਕਮੇਟੀ ਬਾਦਲਾਂ ਦੀ ਭਾਸ਼ਾ ਬੋਲਦੀ ਹੈ, ਜੋ ਬਿਲਕੁਲ ਗ਼ਲਤ ਹੈ।