ਅੰਮ੍ਰਿਤਸਰ, 2 ਮਈ 2019 - ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਬਾਨੀ ਪ੍ਰਚਾਰਕ ਬੀ. ਐਸ.ਗੁਰਾਇਆ ਨੇ ਪ੍ਰੈਸ ਨੋਟ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਰਹੱਦ ਤੇ ਖਲੋ ਕੇ ਜਿਹੜੇ ਸ਼ਰਧਾਲੂ ਕਰਤਾਰਪੁਰ ਦੇ ਦਰਸ਼ਨ ਕਰਦੇ ਨੇ, ਲਾਂਘਾ ਨਿਰਮਾਣ ਦਰਮਿਆਨ ਅਜਿਹੇ ਦੂਰ ਦਰਸ਼ਨ ਹਰ ਹੀਲੇ ਯਕੀਨੀ ਬਣਾਏ ਜਾਣ।
ਗੁਰਾਇਆ ਨੇ ਕਿਹਾ ਕਿ ਉਨਾਂ ਨੂੰ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਦੀ ਤਜਵੀਜ ਹੈ ਕਿ ਲਾਂਘਾ ਨਿਰਮਾਣ ਦੌਰਾਨ ਦੂਰ ਦਰਸ਼ਨ ਬੰਦ ਕੀਤੇ ਜਾਣ। ਗੁਰਾਇਆ ਨੇ ਕਿਹਾ ਕਿ ਅਜਿਹਾ ਕਰਨ ਨਾਲ ਸੰਗਤਾਂ ਵਿਚ ਰੋਸ ਉਤਪੰਨ ਹੋਵੇਗਾ।
ਯਾਦ ਰਹੇ ਜਦੋਂ ਵੀ ਕੋਈ ਵੱਡਾ ਰਸਤਾ ਬੰਦ ਕੀਤਾ ਜਾਂਦਾ ਹੈ ਤਾਂ ਸਰਕਾਰਾਂ ਆਰਜੀ ਰਸਤਾ ਨਾਲ ਖੋਲ੍ਹ ਦਿੰਦੀਆਂ ਹਨ। ਪਰ ਇਥੇ ਤਾਂ ਅਜਿਹੀ ਕੋਈ ਮੁਸ਼ਕਲ ਹੀ ਨਹੀ ਹੈ। ਕਿਉਕਿ ਸਰਹੱਦ ਤੇ ਸ਼ਰਧਾਲੂ ਅਮੂਮਨ ਪੈਦਲ ਹੀ ਪਹੁੰਚਦੇ ਹਨ। ਬਾਰਡਰ ਤੇ ਗੱਡੀਆਂ ਦਾ ਆਉਣਾ ਬੰਦ ਕੀਤਾ ਜਾ ਸਕਦਾ ਹੈ। ਫਿਰ ਤਾਰਾਂ ਲਾ ਕੇ ਸ਼ਰਧਾਲੂ ਨੂੰ ਲਾਂਘਾ ਨਿਰਮਾਣ ਖੇਤਰ ਤੋਂ ਦੂਰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹ ਕਿ ਦੂਸਰਾ ਬਦਲ ਇਹ ਵੀ ਹੈ ਕਿ ਸ਼ਰਧਾਲੂਆਂ ਲਈ ਪੱਖੋਕੇ ਵਾਲੇ ਪਾਸਿਓਂ ਬਾਰਡਰ ਤੇ ਜਾਣ ਦੀ ਖੁੱਲ੍ਹ ਦੇ ਦਿਤੀ ਜਾਵੇ ਕਿਉਕਿ ਪੱਖੋਕਿਆਂ ਪਾਸਿਓ ਵੀ ਬਾਰਡਰ ਤਕ ਰਸਤਾ ਪਹਿਲਾਂ ਹੀ ਹੈਗਾ।
ਫਿਰ ਮੌਜੂਦਾ ਲਾਂਘਾ ਮਾਰਗ ਦੇ ਲਹਿੰਦੇ ਪਾਸੇ ਵੀ ਡੇਰਾ ਬਾਬਾ ਨਾਨਕ ਤੋਂ ਰਸਤਾ ਬਾਰਡਰ ਨੂੰ ਜਾਂਦਾ ਹੈ। ਉਹ ਵਰਤਣ ਦੀ ਇਜਾਜਤ ਦੇ ਦਿਤੀ ਜਾਵੇ।
ਇਨਾਂ ਬਦਲਵੇ ਪ੍ਰਬੰਧਾਂ ਵਿਚ ਸਰਕਾਰ ਨੂੰ ਕੁਝ ਵੀ ਵਾਧੂ ਇੰਤਜਾਮ ਦੀ ਜਰੂਰਤ ਨਹੀ ਪਵੇਗੀ। ਕਿਉਕਿ ਦੋਵਾਂ ਪਾਸਿਆਂ ਤੇ ਉੱਚੀ ਧੁੱਸੀ ਪਹਿਲਾਂ ਹੀ ਹੈ ਤੇ ਜਿਸ ਦੇ ਅੱਗੇ ਕੰਡਿਆਲੀ ਤਾਰ ਲੱਗੀ ਹੋਈ ਤੇ ਤੀਸਰਾ ਬੀ. ਐਸ. ਐਫ ਦਾ ਪਹਿਰਾ ਪਹਿਲਾਂ ਹੀ 24 ਘੰਟੇ ਮੌਜੂਦ ਹੈ।
ਗੁਰਾਇਆ ਨੇ ਦਾਵਾ ਕੀਤਾ ਕਿ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਬਹੁਤ ਅਮਨ ਪਸੰਦ ਹਨ ਅਤੇ ਰਿਕਾਰਡ ਹੈ ਕਿ ਪਿਛਲੇ 18 ਸਾਲਾਂ ਵਿਚ ਸ਼ਰਧਾਲੂਆਂ ਕਰਕੇ ਕਦੀ ਵੀ ਕੋਈ ਅਣਸੁਖਾਵੀ ਘਟਨਾ ਨਹੀ ਘਟੀ। ਗੁਰਾਇਆ ਨੇ ਕਿਹਾ ਕਿ ਦੂਰ ਦਰਸ਼ਨ ਬੰਦ ਕਰਨ ਨਾਲ ਮੁਸ਼ਕਲਾਂ ਵਧਣਗੀਆਂ।