ਲੋਕੇਸ਼ ਰਿਸ਼ੀ
ਗੁਰਦਾਸਪੁਰ, 18 ਅਗਸਤ 2091- ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਜੱਦੀ ਹਲਕੇ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਕੇ ਕਰਤਾਰਪੁਰ ਕਾਰੀਡੋਰ ਨਿਰਮਾਣ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਐੱਸ ਪੀ ਸਿੰਘ ਓਬਰਾਏ ਵੀ ਮੌਜੂਦ ਸਨ। ਇਸ ਦੌਰਾਨ ਮੰਤਰੀ ਰੰਧਾਵਾ ਨੇ ਲਾਂਘੇ ਦਾ ਕੰਮ ਰੋਕੇ ਜਾਣ ਸਬੰਧੀ ਸਾਰੀਆਂ ਅਟਕਲਾਂ ਨੂੰ ਅਫ਼ਵਾਹ ਕਰਾਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਲਾਂਘੇ ਦਾ ਕੰਮ ਮਿਥੇ ਸਮੇਂ ਤੇ ਮੁਕੰਮਲ ਕਰਨ ਲਈ ਉਸਾਰੀ ਵਿੱਚ ਲੱਗੀ ਲੇਬਰ ਨੂੰ ਦੋ ਗੁਣਾ ਕਰ ਦਿੱਤਾ ਜਾਵੇਗਾ। ਉੱਥੇ ਦੂਜੇ ਪਾਸੇ ਕਾਰੀਡੋਰ ਨਿਰਮਾਣ ਦਾ ਜਾਇਜ਼ਾ ਲੈਂਦਿਆਂ ਓਬਰਾਏ ਨੇ ਆਪਣੀ ਸੰਸਥਾ ਦੀ ਤਰਫ਼ੋਂ ਡੇਰਾ ਬਾਬਾ ਨਾਨਕ ਲਈ 5 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਪਾਕਿਸਤਾਨ ਵਾਲੇ ਪਾਸੇ ਚੱਲ ਰਹੀ ਉਸਾਰੀ ਦੇ ਐਕਸਕਲੂਸਿਵ ਦ੍ਰਿਸ਼ ( ਲੋਕੇਸ਼ ਰਿਸ਼ੀ ਵਲੋਂ )
ਇਸ ਮੌਕੇ ਮੰਤਰੀ ਰੰਧਾਵਾ ਨੇ ਕਿਹਾ ਕਿ ਲਾਂਘੇ ਦਾ ਕੰਮ ਆਪਣੀ ਰਫ਼ਤਾਰ ਨਾਲ ਜਾਰੀ ਹੈ ਅਤੇ ਇਸ ਨੂੰ ਕਦੇ ਵੀ ਕਿਸੇ ਵੱਲੋਂ ਰੋਕਿਆ ਨਹੀਂ ਗਿਆ। ਉਨ੍ਹਾਂ ਕੁੱਝ ਮੀਡੀਆ ਅਦਾਰਿਆਂ ਸਬੰਧੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ, ਜਿਨ੍ਹਾਂ ਵੱਲੋਂ ਜੰਮੂ ਕਸ਼ਮੀਰ ਦੀ ਧਾਰਾ 370 ਖ਼ਤਮ ਕਰਨ ਮਗਰੋਂ ਭਾਰਤ ਪਾਕਿਸਤਾਨ ਸਬੰਧਾਂ 'ਚ ਆਏ ਤਣਾ ਦਾ ਹਵਾਲਾ ਦਿੰਦਿਆਂ ਕਾਰੀਡੋਰ ਦਾ ਕੰਮ ਬੰਦ ਹੋਣ ਦੀ ਗੱਲ ਕਹੀ ਜਾ ਰਹੀ ਸੀ। ਰੰਧਾਵਾ ਨੇ ਮੰਨਿਆ ਕਿ ਕਾਰੀਡੋਰ ਨਿਰਮਾਣ ਦਾ ਕੰਮ ਮੱਧਮ ਰਫ਼ਤਾਰ ਨਾਲ ਚੱਲ ਰਿਹਾ ਹੈ।
ਪਾਕਿਸਤਾਨ ਵਾਲੇ ਪਾਸੇ ਚੱਲ ਰਹੀ ਉਸਾਰੀ ਦੇ ਐਕਸਕਲੂਸਿਵ ਦ੍ਰਿਸ਼ ( ਲੋਕੇਸ਼ ਰਿਸ਼ੀ ਵਲੋਂ )
ਪਰ ਨਾਲ ਹੀ ਉਨ੍ਹਾਂ ਨੇ ਇਸ ਦਾ ਕਾਰਨ ਬਰਸਾਤ ਨੂੰ ਦੱਸਦਿਆਂ ਇਹ ਵੀ ਕਿਹਾ ਕਿ ਬੀਤੇ ਹਫ਼ਤੇ ਈਦ ਅਤੇ ਰੱਖੜੀ ਜਿਹੇ ਤਿਉਹਾਰਾਂ ਕਰਕੇ ਮਜ਼ਦੂਰਾਂ ਵੱਲੋਂ ਛੁੱਟੀ ਵੀ ਕੀਤੀ ਗਈ। ਮੰਤਰੀ ਰੰਧਾਵਾ ਨੇ ਕਿਹਾ ਕਿ ਉਹ ਬੀਤੇ ਦਿਨਾ ਦੌਰਾਨ ਦਿੱਲੀ ਦੀ ਫੇਰੀ ਤੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਕੇਂਦਰ ਨੂੰ ਸਿਫ਼ਾਰਿਸ਼ ਵੀ ਕੀਤੀ ਹੈ। ਕਿ ਇਸ ਨਿਰਮਾਣ ਕਾਰਜ ਵਿੱਚ ਕੰਮ ਕਰਨ ਵਾਲੀ ਲੇਬਰ ਨੂੰ ਦੋਗੁਣਾ ਕੀਤਾ ਜਾਵੇ ਅਤੇ ਨਾਲ ਹੀ ਇੱਥੇ ਕੰਮ ਕਰਨ ਵਾਲੇ ਕਾਮਿਆਂ ਦੀਆਂ ਸ਼ਿਫ਼ਟਾਂ ਦੋ ਤੋਂ ਵਧਾ ਕੇ ਤਿੰਨ ਕੀਤੀਆਂ ਜਾਣ। ਤਾਂ ਜੋ ਨਿਰਮਾਣ ਵਿੱਚ ਤੇਜ਼ੀ ਲਿਆਂਦੀ ਜਾ ਸਕੇ।
ਪਾਕਿਸਤਾਨ ਵਾਲੇ ਪਾਸੇ ਚੱਲ ਰਹੀ ਉਸਾਰੀ ਦੇ ਐਕਸਕਲੂਸਿਵ ਦ੍ਰਿਸ਼ ( ਲੋਕੇਸ਼ ਰਿਸ਼ੀ ਵਲੋਂ )
ਇਸ ਦੇ ਨਾਲ ਹੀ ਦੁਬਈ ਤੋਂ ਡੇਰਾ ਬਾਬਾ ਨਾਨਕ ਪਹੁੰਚੇ ਉੱਘੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਐੱਸ ਪੀ ਸਿੰਘ ਓਬਰਾਏ ਨੇ ਕਰਤਾਰਪੁਰ ਸਾਹਿਬ ਕਾਰੀਡੋਰ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਉਸਾਰੀ ਕਾਰਜਾਂ ਨੂੰ ਵੇਖ ਕੇ ਸੰਤੁਸ਼ਟ ਹਨ।
ਉਨ੍ਹਾਂ ਨੇ ਨਾਲ ਹੀ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੇ ਆਉਣ ਵਾਲੇ ਸ਼ਰਧਾਲੂਆਂ ਦੇ ਪੀਣ ਲਈ ਪਾਣੀ ਅਤੇ ਹੋਰ ਸਿਹਤ ਸੁਵਿਧਾਵਾਂ ਲਈ 5 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ 5 ਕਰੋੜ ਰੁਪਏ ਪਹਿਲੀ ਕਿਸ਼ਤ ਵਜੋਂ ਦਿੱਤੇ ਜਾਣਗੇ ਅਤੇ ਇਸ ਤੋਂ ਬਾਦ ਸੰਸਥਾ ਦਾ ਜੋ ਵੀ ਫ਼ੈਸਲਾ ਹੋਵੇਗਾ ਉਸ ਮੁਤਾਬਿਕ ਬਾਕੀ ਕਿਸ਼ਤਾਂ ਵੀ ਸਮੇਂ ਸਮੇਂ ਸਿਰ ਜਾਰੀ ਕੀਤੀਆਂ ਜਾਣ ਗਿਆ।