ਲੋਕੇਸ਼ ਰਿਸ਼ੀ
ਗੁਰਦਾਸਪੁਰ, 30 ਅਗਸਤ 2019-ਭਾਰਤ ਦੀ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿਖੇ ਧਾਰਾ 370 ਅਤੇ 35 ਏ ਖ਼ਤਮ ਕੀਤੇ ਜਾਣ ਮਗਰੋਂ ਗੁਆਂਢੀ ਦੇਸ਼ ਪਾਕਿਸਤਾਨ ਨਾਲ ਬਣੇ ਤਲਖ਼ ਹਲਾਤਾਂ ਦਰਮਿਆਨ ਅੱਜ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਨਿਰਮਾਣ ਨੂੰ ਲੈ ਕੇ ਦੋਹਾਂ ਦੇਸ਼ਾਂ ਦੀਆਂ ਤਕਨੀਕੀ ਟੀਮਾਂ ਵੱਲੋਂ ਇੱਕ ਅਹਿਮ ਬੈਠਕ ਕੀਤੀ ਗਈ। ਜਿਸ ਵਿੱਚ ਭਾਰਤ ਵਾਲੇ ਪਾਸਿਉਂ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ, ਲੈਂਡ ਪੋਰਟ ਅਥਾਰਿਟੀ ਆਫ਼ ਇੰਡੀਆ, ਨਹਿਰੀ ਵਿਭਾਗ ਅਤੇ ਬੀ ਐੱਸ ਐਫ ਦੇ ਆਲਾ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਭਾਰਤ ਪਾਕਿਸਤਾਨ ਸਰਹੱਦ ਤੇ ਵੱਸਦੇ ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ ਤੇ ਹੋਈ ਛੇਵੇਂ ਗੇੜ ਦੀ ਮੀਟਿੰਗ ਦੌਰਾਨ ਕਾਰੀਡੋਰ ਸਬੰਧੀ ਬਣਾਏ ਜਾ ਰਹੇ ਓਵਰ ਬਰਿੱਜ ਅਤੇ ਹੋਰ ਨਿਰਮਾਣ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਨੂੰ ਇਸ ਕਾਰਨ ਵੀ ਖ਼ਾਸ ਮੰਨਿਆ ਜਾ ਰਿਹਾ ਹੈ ਕਿਉਂ ਕਿ ਭਾਰਤ ਅਤੇ ਪਾਕਿਸਤਾਨ ਦੇ ਮੌਜੂਦਾ ਤਲਖ਼ ਸਬੰਧਾਂਂ ਦੌਰਾਨ ਇਹ ਪਹਿਲਾ ਮੌਕਾ ਹੈ ਜਿੱਥੇ ਭਾਰਤੀ ਅਤੇ ਪਾਕਿਸਤਾਨੀ ਅਧਿਕਾਰੀਆਂ ਵਿਚਕਾਰ ਆਹਮੋ ਸਾਹਮਣੇ ਬੈਠਕ ਕੇ ਗੱਲ ਬਾਤ ਕੀਤੀ ਗਈ। ਇਸ ਦੇ ਨਾਲ ਹੀ ਲਾਂਘਾ ਖੋਲ੍ਹਣ ਦੀ ਤਰੀਕ ਨੇੜੇ ਹੋਣ ਕਾਰਨ ਦੋਹਾਂ ਦੇਸ਼ਾਂ ਦੇ ਤਕਨੀਕੀ ਮਾਹਿਰਾਂ ਇਸ ਮੀਟਿੰਗ ਨੂੰ ਆਖ਼ਰੀ ਮੀਟਿੰਗ ਵੀ ਮੰਨਿਆ ਜਾ ਰਿਹਾ ਹੈ। ਦੱਸਦੇ ਚੱਲੀਏ ਕਿ ਇਸ ਛੇਵੇਂ ਗੇੜ ਦੀ ਮੀਟਿੰਗ ਤੋਂ ਪਹਿਲਾਂ 3 ਮੀਟਿੰਗਾਂ ਡੇਰਾ ਬਾਬਾ ਨਾਨਕ ਵਿਖੇ ਅਤੇ ਦੋ ਮੀਟਿੰਗਾਂ ਅੰਮ੍ਰਿਤਸਰ ਵਿਖੇ ਹੋ ਚੁੱਕੀਆਂ ਹਨ।
ਇਸ ਪੂਰੀ ਮੀਟਿੰਗ ਦੌਰਾਨ ਸੁਰੱਖਿਆ ਪ੍ਰਬੰਧ ਕਾਫ਼ੀ ਸਖ਼ਤ ਸਨ ਅਤੇ ਮੀਡੀਆ ਨੂੰ ਵੀ ਮੀਟਿੰਗ ਵਾਲੀ ਜਗ੍ਹਾ ਤੋਂ ਕਈ ਕਿੱਲੋਮੀਟਰ ਪਿੱਛੇ ਹੀ ਰੋਕ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੀਟਿੰਗ ਖ਼ਤਮ ਹੋਣ ਮਗਰੋਂ ਪਾਕਿਸਤਾਨੀ ਟੀਮ ਦੇ ਲੋਕਾਂ ਵੱਲੋਂ ਆਪਣੇ ਦੇਸ਼ ਦੀ ਹੱਦ ਵਿਖੇ ਪਾਕਿਸਤਾਨ ਜ਼ਿੰਦਾ ਬਾਦ ਦੇ ਨਾਅਰੇ ਵੀ ਲਾਏ ਗਏ।
ਮੀਟਿੰਗ ਖ਼ਤਮ ਹੋਣ ਮਗਰੋਂ ਮੀਡੀਆ ਨਾਲ ਮੁਖ਼ਾਤਬ ਹੁੰਦਿਆਂ ਟੀ ਐੱਸ ਚਾਹਲ ( ਚੀਫ਼ ਇੰਜੀਨੀਅਰ, ਨੈਸ਼ਨਲ ਹਾਈਵੇ ਅਥਾਰਿਟੀ) ਨੇ ਦੱਸਿਆ ਕਿ ਮੀਟਿੰਗ ਦੌਰਾਨ 15 ਦੇ ਕਰੀਬ ਭਾਰਤੀ ਅਤੇ ਇੰਨੇ ਹੀ ਪਾਕਿਸਤਾਨੀ ਅਧਿਕਾਰੀ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਗੁਰੂ ਸਾਹਿਬ ਦੇ 550 ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੀਟਿੰਗ ਦੌਰਾਨ ਦੋਹਾਂ ਦੇਸ਼ਾਂ ਦੇ ਮੌਜੂਦਾ ਸਬੰਧਾਂ ਦਾ ਅਸਰ ਵੇਖਣ ਨੂੰ ਨਹੀਂ ਮਿਲਿਆ। ਚਾਹਲ ਨੇ ਮੰਨਿਆ ਕਿ ਪਾਕਿਸਤਾਨੀਆਂ ਵੱਲੋਂ ਮੀਟਿੰਗ ਖ਼ਤਮ ਹੋਣ ਤੋਂ ਬਾਦ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਸਨ। ਪਰ ਉਨ੍ਹਾਂ ਨੇ ਇਸ ਦੀ ਅਵਾਜ਼ ਹੀ ਸੁਣੀ, ਕਿਉਂ ਕਿ ਉਨ੍ਹਾਂ ਨੇ ਉਹ ਨਾਅਰੇ ਬਹੁਤ ਪਰੇ ਆਪਣੇ ਨਾਰਵੇ ਦੀ ਹੱਦ ਅੰਦਰ ਜਾਣ ਮਗਰੋਂ ਲਾਉਣੇ ਸ਼ੁਰੂ ਕੀਤੇ ਸਨ।