ਦੇਖੋ ਕਿਵੇਂ ਦਾਨੀ ਪੁਰਸ਼ ਤੇ ਨੌਜਵਾਨ ਕੋਰੋਨਾ ਮਰੀਜ਼ਾਂ ਦਾ ਬਣਦੇ ਨੇ ਸਹਾਰਾ....ਬਲਜੀਤ ਬੱਲੀ ਦੀ ਕਲਮ ਤੋਂ
ਇਹ ਗੱਲ ਸੋਮਵਾਰ 10 ਮਈ ਰਾਤ ਸਵਾ ਕੁ 9 ਵਜੇ ਦੀ ਹੈ . ਮੇਰੇ ਇੱਕ ਅਜ਼ੀਜ਼ ਅਤੇ ਪੰਜਾਬ ਸਰਕਾਰ ਦੇ ਕਰਮਚਾਰੀ ਦਾ ਫ਼ੋਨ ਆਇਆ . ਕਹਿਣ ਲੱਗਾ , " ਮੈਨੂੰ ਫ਼ੌਰੀ ਮਦਦ ਦੀ ਲੋੜ ਹੈ , ਜੇਕਰ ਕਰ ਸਕੋ ਤਾਂ . ਕੋਰੋਨਾ ਦਾ ਮਰੀਜ਼ ਹੋਣ ਕਾਰਨ ਮੇਰੀ ਆਕਸੀਜਨ ਘਟ ਰਹੀ ਹੈ . ਮੈਨੂੰ ਘਰ ਵਿੱਚ ਆਕਸੀਜਨ ਸਿਲੰਡਰ ਚਾਹੀਦਾ ਹੈ , ਜੇਕਰ ਕੋਈ ਇੰਤਜ਼ਾਮ ਕਰਾ ਸਕੋ ." ਮੈਂ ਆਕਸੀਜਨ ਸਾਚੁਰੇਸ਼ਨ ਦਾ ਲੈਵਲ ਪੁੱਛਿਆ ਤੇ ਕਿਹਾ ਕਿ ਮੈਂ ਕੋਸ਼ਿਸ਼ ਕਰਦਾ ਹਾਂ। ਉਹ ਮੋਹਾਲੀ ''ਚ ਰਹਿੰਦਾ ਹੈ .
ਮੈਂ ਇਹ ਵੀ ਕਿਹਾ ਕਿ ਜਿਹੜੇ ਛੋਟੇ -ਛੋਟੇ ਆਕਸੀਜਨ ਸਿਲੰਡਰ ਕੈਮਿਸਟ ਤੋਂ ਮਿਲਦੇ ਨੇ ਉਹ ਮੇਰੇ ਕੋਲ ਦੋ ਪਏ ਨੇ , ਉਹ ਤਾਂ ਦੇ ਜਾਂਦਾ ਹਾਂ . ਪਰ ਇਹ ਤਾਂ ਬਹੁਤ ਥੋੜ੍ਹੀ ਦੇਰ ਲਈ ਕੰਮ ਆ ਸਕਦੇ ਨੇ . ਜਦੋਂ ਮੈਨੂੰ ਤੇ ਮੇਰੀ ਬੀਵੀ ਨੂੰ ਕੋਰੋਨਾ ਹੋਇਆ ਸੀ ਤਾਂ ਅਸੀਂ ਇਹ ਸਿਲੰਡਰ ਵਰਤਦੇ ਰਹੇ ਸੀ . ਹੁਣ ਜਦੋਂ ਮੇਰੇ ਦਾਮਾਦ ( ਜਵਾਈ ) ਨੂੰ ਕਰੋਨਾ ਹੋਇਆ ਤਾਂ ਅਸੀਂ ਉਹ ਸਿਲੰਡਰ ਲਿਆ ਕੇ ਰੱਖ ਲਏ ਸੀ .
ਮੈਨੂੰ ਤੁਰਤ ਹੀ ਨਾਮੀ ਕਾਰੋਬਾਰੀ ਆਰ ਐਸ ਸਚਦੇਵਾ ਦਾ ਖ਼ਿਆਲ ਆਇਆ ਜੋ ਅਜਿਹੀ ਐਮਰਜੈਂਸੀ ਸਮੇਂ ਮਰੀਜ਼ਾਂ ਨੂੰ ਫ਼ਰੀ ਆਕਸੀਜਨ ਮੁਹੱਈਆ ਕਰਾਉਂਦੇ ਨੇ . ਮੈਂ ਸਚਦੇਵਾ ਹੋਰਾਂ ਨੂੰ ਫ਼ੋਨ ਕੀਤਾ . ਉਨ੍ਹਾਂ ਕਿਹਾ ਕਿ ਹੁਣੇ ਚਾਹੀਦਾ ਹੈ ਜਾਂ ਸਵੇਰ ਤੱਕ ਚੱਲ ਸਕਦੈ . ਮੈਂ ਕਿਹਾ ਹੁਣੇ ਚਾਹੀਦਾ ਹੈ . ਪੁੱਛਣ ਲੱਗੇ , " ਸਿਲੰਡਰ ਹੈ ਕਿ ਨਹੀਂ . ਜੇ ਹੈ ਤਾਂ ਅਸੀਂ ਰੀਫਿਲ ਕਰਵਾ ਦਿੰਦੇ ਹਾਂ . ਮੈਂ ਦੱਸਿਆ ਕਿ ਸਿਲੰਡਰ ਨਹੀਂ ਉਨ੍ਹਾਂ ਕੋਲ .
ਉਨ੍ਹਾਂ ਕਿਹਾ ਕਿ ਮੈਂ ਆਪਣੀ ਫ਼ੈਕਟਰੀ 'ਚ ਕਹਿ ਦਿੰਦਾ ਹਾਂ , ਉੱਥੋਂ ਚੁੱਕ ਲੈਣ . ਉਨ੍ਹਾਂ ਕਿਹਾ ਕਿ ਉਨ੍ਹਾਂ ਚਿਰ ਮਰੀਜ਼ ਦਾ ਵੇਰਵਾ ਦੇ ਦਿਓ , ਉਸ ਦੇ ਕਾਗ਼ਜ਼ ਬਣਵਾ ਦੇਵਾਂਗਾ . ਫੇਰ ਕਹਿਣ ਲੱਗੇ ਤੁਸੀਂ ਉਨ੍ਹਾਂ ਨੂੰ ਮੇਰਾ ਨੰਬਰ ਦੇ ਦਿਓ , ਮੈਨੂੰ ਕਾਲ ਕਰਕੇ ਦੱਸ ਦੇਣਗੇ .
ਮੈਂ ਉਸ ਮਰੀਜ਼ ਨੂੰ ਸਚਦੇਵਾ ਦਾ ਨੰਬਰ ਭੇਜ ਦਿੱਤਾ . ਉਨ੍ਹਾਂ ਫ਼ੋਨ ਕਰ ਲਿਆ . ਮਰੀਜ਼ ਦਾ ਇੱਕ ਰਿਸ਼ਤੇਦਾਰ , ਸਚਦੇਵਾ ਦੀ ਫ਼ੈਕਟਰੀ ਚਲਾ ਗਿਆ. ਉੱਥੋਂ ਸਕਿਉਰਿਟੀ ਲੈਕੇ ਉਨ੍ਹਾਂ ਸਿਲੰਡਰ ਦੇ ਦਿੱਤਾ .
ਮੈਨੂੰ ਫੇਰ ਉਸ ਮਰੀਜ਼ ਦੇ ਘਰੋਂ ਫ਼ੋਨ ਆਇਆ , ਉਨ੍ਹਾਂ ਧੰਨਵਾਦ ਕੀਤਾ ਪਰ ਨਾਲ ਹੀ ਦੱਸਿਆ ਕਿ ਇਸ ਸਿਲੰਡਰ ਦੀ ਵਰਤੋਂ ਲਈ ਇੱਕ ਕਿੱਟ ਹੁੰਦੀ ਐ , ਉਹ ਨਹੀਂ ਹੈ ਤੇ ਮਾਰਕੀਟ 'ਚ ਵੀ ਨਹੀਂ ਮਿਲ ਰਹੀ . ਉਨ੍ਹਾਂ ਦਾ ਕਹਿਣ ਤੋਂ ਭਾਵ ਰੈਗੂਲੇਟਰ ਤੋਂ ਸੀ .ਮਾਸਕ ਵੀ ਨਹੀਂ ਸੀ ਉਨ੍ਹਾਂ ਕੋਲ .
ਮੈਂ ਕਿਹਾ ਮੈਂ ਪਤਾ ਕਰਦਾ ਹਾਂ ਕਿਤੋਂ . ਆਪਣੇ ਸਾਥੀ ਰਿਪੋਰਟਰ ਹਰਸ਼ਾਬਾਬ ਨੂੰ ਫ਼ੋਨ ਕੀਤਾ . ਉਸਨੇ ਕਿਸੇ ਮੋਹਾਲੀ ਦੇ ਸਰਕਾਰੀ ਸਿਹਤ ਅਫ਼ਸਰ ਨੂੰ ਫ਼ੋਨ ਕੀਤਾ . ਅੱਗੋਂ ਜਵਾਬ ਮਿਲਿਆ , " ਅਸੀਂ ਕਿਸੇ ਨੂੰ ਘਰ ਲਈ ਤਾਂ ਇਹ ਰੈਗੂਲੇਟਰ ਨਹੀਂ ਦੇ ਸਕਦੇ , ਹਸਪਤਾਲ ਤਾਂ ਮੁਹੱਈਆ ਕਰ ਸਕਦੇ ਹਾਂ ."
ਮੈਨੂੰ ਅਚਾਨਕ ਖ਼ਿਆਲ ਆਇਆ ਕਿ ਤਿੰਨ ਚਾਰ ਦਿਨ ਪਹਿਲਾਂ ਮੇਰੇ ਸਾਥੀ ਰਵੀ ਅਤੇ ਆਕਾਸ਼ ਨੇ ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ 'ਚ ਕਾਇਮ ਕੀਤੇ ਕੋਵਿਡ ਹੈਲਪ ਸੈਂਟਰ ਤੇ ਇੱਕ ਵੀਡੀਓ ਸਟੋਰੀ ਕੀਤੀ ਸੀ ਜਿਸ ਵਿਚ ਉੱਥੇ ਇੰਚਾਰਜ ਨੌਜਵਾਨ ਨੇ ਵੇਰਵਾ ਦਿੱਤਾ ਸੀ ਕਿਵੇਂ ਉਨ੍ਹਾਂ ਨੂੰ ਮਰੀਜ਼ਾਂ ਦੇ ਹੈਲਪ ਲਈ ਕਾਲਜ਼ ਆਉਂਦੀਆਂ ਨੇ ਅਤੇ ਕਿਵੇਂ ਉਹ ਹੈਲਪ ਕਰਦੇ ਨੇ .
ਬਾਬੂਸ਼ਾਹੀ ਦੇ ਫੇਸ ਬੁੱਕ ਪੇਜ ਤੇ ਬਾਬੂਸ਼ਾਹੀ ਟਾਈਮਜ਼ ਯੂ ਟਿਊਬ ਚੈਨਲ ਤੇ ਅੱਪਲੋਡ ਕੀਤੀ ਉਸ ਵੀਡੀਓ ਦੇ ਨਾਲ ਅਸੀਂ ਇਸ ਸੈਂਟਰ ਦੇ ਹੈਲਪ ਲਾਇਨ ਨੰਬਰ ਵੀ ਡਿਸਪਲੇ ਕੀਤੇ ਸਨ .
ਮੈਂ ਉਹ ਵੀਡੀਓ ਯੂ ਟਿਊਬ 'ਚੋਂ ਕੱਢੀ ਤੇ ਹੈਲਪ ਲਾਇਨ ਨੰਬਰ ਦੇਖ ਕੇ ਇਸ ਤੇ ਫ਼ੋਨ ਮਾਰਿਆ . ਬਿਨਾ ਦੇਰੀ ਤੋਂ ਨੰਬਰ ਮਿਲ ਵੀ ਗਿਆ .ਅੱਗੋਂ ਇੱਕ ਨੌਜਵਾਨ ਬੋਲਿਆ," ਇਹ ਕਾਂਗਰਸ ਦੀ ਕੋਵਿਡ ਹੈਲਪ ਲਾਇਨ ਦਾ ਨੰਬਰ ਹੈ . ਦੱਸੋ ਕੀ ਮਦਦ ਕਰ ਸਕਦਾ ਹਾਂ ? "
ਮੈਂ ਆਪਣਾ ਨਾਂਅ ਦੱਸ ਕੇ ਕਿਹਾ ਕਿ ਇੱਕ ਮਰੀਜ਼ ਨੂੰ ਆਕਸੀਜਨ ਸਿਲੰਡਰ ਲਈ ਰੈਗੂਲੇਟਰ ਚਾਹੀਦਾ ਹੈ.ਇੱਕ ਦਮ ਜਵਾਬ ਮਿਲਿਆ, " ਕੋਈ ਫ਼ਿਕਰ ਨਾ ਅਸੀਂ ਹੁਣੇ ਇੰਤਜ਼ਾਮ ਕਰ ਦਿੰਦੇ ਹਾਂ , ਤੁਸੀਂ ਮਰੀਜ਼ ਦਾ ਪਤਾ ਦੱਸੋ , ਅਸੀਂ ਖ਼ੁਦ ਪੁਚਾ ਦੇਵਾਂਗੇ .ਹੋਰ ਵੀ ਕੋਈ ਮਦਦ ਦੀ ਲੋੜ ਹੈ ਤਾਂ ਕਰਾਂਗੇ . ਉਸ ਨੇ ਪੁੱਛਿਆ ਵੈਂਟੀਲੇਟਰ ਤਾਂ ਨਹੀਂ ਚਾਹੀਦਾ . ਮੈਂ ਦੱਸਿਆ ਅਜੇ ਤਾਂ ਲੋੜ ਨਹੀਂ . ਅਡਰੈਸ ਪਤਾ ਕਰਕੇ ਮੈਂ ਦੁਬਾਰਾ ਫ਼ੋਨ ਕੀਤਾ ਤੇ ਲਿਖਵਾ ਦਿੱਤਾ .
ਥੋੜ੍ਹੀ ਦੇਰ ਬਾਅਦ ਫੇਰ ਉਸੇ ਨੌਜਵਾਨ ਦਾ ਫ਼ੋਨ ਉਸਦੇ ਆਪਣੇ ਮੋਬਾਈਲ ਤੋਂ ਆਇਆ, " ਅੰਕਲ ਜੀ , ਮੈ ਰਸਤੇ 'ਚ ਹਾਂ , ਮਰੀਜ਼ ਦੇ ਘਰ ਦੀ ਲੋਕੇਸ਼ਨ ਭੇਜ ਦਿਓ . ਮੈਂ ਉਸਦਾ ਨਾਂ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਈਸ਼ਰ ਪ੍ਰੀਤ ਸਿੰਘ ਸੀ . ਮੈਂ ਉਸਦਾ ਨੰਬਰ ਸੇਵ ਕਰਕੇ ਲੋਕੇਸ਼ਨ ਭੇਜ ਦਿੱਤੀ .
ਕੁਝ ਮਿੰਟਾਂ ਬਾਅਦ ਮੈਨੂੰ ਉਸ ਮਰੀਜ਼ ਤੋਂ ਇਹ ਪੁਸ਼ਟੀ ਹੋ ਗਈ ਕਿ ਉਹ ਲੋੜੀਂਦੀ ਕਿੱਟ ਉਨ੍ਹਾਂ ਨੂੰ ਉਸ ਨੌਜਵਾਨ ਨੇ ਪੁਚਾ ਦਿੱਤੀ . ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਿਲੰਡਰ ਵਰਤਣਾ ਕਿਵੇਂ ਹੈ , ਇਸ ਅਜੇ ਨਹੀਂ ਪਤਾ ਉਹ ਕੋਸ਼ਿਸ਼ ਕਰ ਰਹੇ ਨੇ।
ਮੈਂ ਸੁਖ ਦਾ ਸਾਹ ਲਿਆ . ਦੁਬਾਰਾ ਮੈਂ ਈਸ਼ਰ ਪ੍ਰੀਤ ਨੂੰ ਫ਼ੋਨ ਕਰਕੇ ਉਸਦਾ ਧੰਨਵਾਦ ਕੀਤਾ. ਮੇਰੇ ਪੁੱਛਣ ਤੇ ਉਸਨੇ ਦੱਸਿਆ ਕਿ ਉਨ੍ਹਾਂ ਨੂੰ ਹੈਲਪ ਲਾਇਨ ਤੇ ਰੋਜ਼ਾਨਾ 400 ਤੋਂ 500 ਕਾਲਜ਼ ਇਸੇ ਤਰ੍ਹਾਂ ਹੈਲਪ ਲਾਇਆ ਆਉਂਦੀਆਂ ਹਨ ਜਿਨ੍ਹਾਂ 'ਚੋਂ 20-25 ਤਾਂ ਵੈਂਟੀਲੇਟਰ ਅਤੇ ਕੁਝ ਆਕਸੀਜਨ ਲਈ ਵੀ ਹੁੰਦੀਆਂ ਨੇ . ਉਹ ਆਪਣੇ ਸਾਧਨਾਂ ਅਤੇ ਅਧਿਕਾਰੀਆਂ ਦੀ ਮਦਦ ਨਾਲ ਇਸੇ ਤਰ੍ਹਾਂ ਹਰ ਜਗਾ ਆਪਣੇ ਵਲੰਟੀਅਰਾਂ ਰਾਹੀਂ ਪੁਚਾਉਣ ਦਾ ਯਤਨ ਕਰਦੇ ਨੇ . ਉਸ ਨੇ ਦੱਸਿਆ ਕਿ ਉਹ 70 ਸੈਕਟਰ ਜਾਣ ਤੋਂ ਪਹਿਲਾਂ ਮਾਜਰੀ ਨੇੜੇ ਇੱਕ ਮਰੀਜ਼ ਨੂੰ ਵੀ ਕੁਝ ਸਮਾਂ ਦੇ ਕੇ ਆਇਆ ਸੀ .ਮੈਂ ਉਸਦਾ ਸ਼ੁਕਰੀਆ ਵੀ ਕੀਤਾ ਅਤੇ ਸ਼ਾਬਾਸ਼ ਵੀ ਦਿੱਤੀ .
ਮੈਂ ਅਜੇ ਫ਼ੋਨ ਕਰਕੇ ਹਟਿਆ ਸੀ ਕਿ ਉਸ ਮਰੀਜ਼ ਦੇ ਘਰੋਂ ਫੇਰ ਫ਼ੋਨ ਆ ਗਿਆ . ਕਹਿਣ ਲੱਗੇ ਆਕਸੀਜਨ ਸਿਲੰਡਰ ਨੂੰ ਵਰਤਣ ਲਈ ਇਸ ਨੂੰ ਨਟ ਖੋਲ੍ਹਣ ਵਾਲੀ ਚਾਬੀ ਨਾਲ ਖੋਲ੍ਹਣਾ ਪੈਂਦਾ ਹੈ . ਅਸੀਂ ਘਰ 'ਚ ਮੌਜੂਦ ਚਾਬੀਆਂ ਲਾ ਕੇ ਦੇਖ ਲਈਆਂ ਪਰ ਕੋਈ ਨਹੀਂ ਲੱਗੀ . ਹੁਣ ਕੀ ਕਰੀਏ ? ਉਦੋਂ ਤੱਕ ਰਾਤ ਦੇ ਸਵਾ 10 ਵੱਜ ਚੁੱਕੇ ਸੀ .
ਮੈਂ ਥੋੜ੍ਹਾ ਸੋਚ ਕੇ ਕਿਹਾ ਕਿ ਤੁਸੀਂ ਸਚਦੇਵਾ ਹੋਰਾਂ ਦੀ ਫ਼ੈਕਟਰੀ ਚੋ ਹੀ ਪਤਾ ਕਰੋ , ਜੇ ਲੋੜ ਹੋਈ ਤਾਂ ਮੈਂ ਕਹਿ ਦਿਆਂਗਾ .ਖ਼ੈਰ ਪਰਿਵਾਰ ਦਾ ਇੱਕ ਮੈਂਬਰ ਫੇਰ ਫ਼ੈਕਟਰੀ ਗਿਆ . ਉੱਥੇ ਮੌਜੂਦ ਸੱਜਣ ਨੇ ਇੱਕ ਚਾਬੀ ਉਨ੍ਹਾਂ ਨੂੰ ਦੇ ਦਿੱਤੀ ਕਿ ਸਵੇਰੇ ਵਾਪਸ ਕਰ ਦੇਣਾ . ਸ਼ੁਕਰ ਇਸ ਗੱਲ ਦਾ ਹੈ ਉਸ ਮਰੀਜ਼ ਨੇ ਆਕਸੀਜਨ ਵਰਤੀ ਅਤੇ ਉਸ ਨੂੰ ਰਾਹਤ ਮਿਲ ਗਈ .ਅੱਜ ਸਵੇਰੇ ਮੈਂ ਪਤਾ ਕੀਤਾ ਕਿ ਹੁਣ ਆਕਸੀਜਨ ਲੈਵਲ ਬਿਹਤਰ ਸੀ
Congress Helpline:COVID ਮਰੀਜ਼ਾਂ ਦੀ ਕਿਵੇਂ ਸਾਰ ਲੈ ਰਹੇ Punjab Congress ਦੇ ਇਹ worker …
https://fb.watch/5qaq4UHRVI/