ਡੇਰਾ ਸਿਰਸਾ ਦੇ ਗੁੱਝੇ ਭੇਤ , ਜੁਰਮ ਅਤੇ ਸਨਸਨੀ ਖੇਜ਼ ਰੀਪੋਰਟਿੰਗ
ਤਿਰਛੀ ਨਜ਼ਰ / ਬਲਜੀਤ ਬੱਲੀ
7 ਸਤੰਬਰ ਨੂੰ ਸ਼ਾਮੀਂ 5 ਕੁ ਵਜੇ ਮੈਂ ਇੱਕ ਟੀ ਵੀ ਚੈਨਲ ਦੀ ਡੇਰੇ ਬਾਰੇ ਬਹੁਤ ਸਨਸਨੀ ਖੇਜ਼ ਰਿਪੋਰਟ ਦੇਖ ਰਿਹਾ ਸੀ .ਚੀਕ ਚੀਕ ਕੇ ਚੈਨਲ ਕਹਿ ਰਿਹਾ ਸੀ ਡੇਰੇ ਅੰਦਰ ਲਾਸ਼ਾਂ ਦਾ ਕਬਰਸਤਾਨ ਹੈ . ਡੇਰੇ ਦੇ ਮੁਖੀ ਦਾ ਵਿਰੋਧ ਕਰਨ ਵਾਲਿਆਂ ਨੂੰ ਮਾਰ ਕੇ ਉੱਥੇ ਹੀ ਖਪਾ ਦਿੱਤਾ ਜਾਂਦਾ ਸੀ . ਲਾਸ਼ਾਂ ਜ਼ਮੀਨ ਹੇਠਾਂ ਦਬਾਅ ਦਿੱਤੀਆਂ ਜਾਂਦੀਆਂ ਸਨ . ਮ੍ਰਿਤਕਾਂ ਦੀਆਂ ਹੱਡੀਆਂ ਦਬਾਅ ਕੇ ਕੇ ਇਸ ਉੱਤੇ ਮਿੱਟੀ ਪਾਕੇ ਰੁੱਖ ਲਏ ਜਾਂਦੇ ਸਨ . ਅਸਥੀਆਂ ਹੇਠਾਂ ਪਾ ਕੇ ਉੱਤੇ ਮਿੱਟੀ ਪਾ ਕੇ ਰੁੱਖ ਲਾਏ ਜਾਣ ਦੀ ਇੱਕ ਵੀਡੀਓ ਵੀ ਦਿਖਾਈ ਗਈ . ਐਂਕਰ ਬਹੁਤ ਜ਼ੋਰ-ਨਾਲ ਵਾਰ ਵਾਰ ਇਹ ਕਹਿ ਰਹੀ ਸੀ ਡੇਰੇ ਦੇ ਕਾਲੇ ਕਾਰਨਾਮੇ ਦਫ਼ਨ ਕਰਨ ਲਈ ਅਸਥੀਆਂ ਛੁਪਾਈਆਂ ਜਾਂਦੀਆਂ ਸਨ . ਇਹ ਵੀ ਕਿਹਾ ਜਾ ਰਿਹਾ ਸੀ ਕਿ ਡੇਰੇ ਵਿਚ ਪਿੰਜਰ ਹੀ ਪਿੰਜਰ ਮਿਲਣਗੇ .
ਇਹ ਵੀ ਕਿਹਾ ਗਿਆ ਕਿ ਪਹਿਲਾਂ ਲਾਸ਼ਾਂ ਜ਼ਮੀਨ ਵਿਚ ਦੱਬੀਆਂ ਜਾਂਦੀਆਂ ਸਨ ਪਰ ਬਾਅਦ ਵਿਚ ਖ਼ਤਰਾ ਭਾਂਪ ਕੇ ਲਾਸ਼ਾਂ ਜਲਾਉਣੀਆਂ ਸ਼ੁਰੂ ਕੀਤੀਆਂ ਗਈਆਂ ਅਤੇ ਅਸਥੀਆਂ ਦਬਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ .
ਡੇਰੇ ਦੇ ਧੱਕੇ ਦਾ ਸ਼ਿਕਾਰ ਹੋਰ ਦਾ ਦਾਅਵਾ ਕਰ ਰਿਹਾ ਸਿਰਸੇ ਦਾ ਇੱਕ ਲੋਕਲ ਪੱਤਰਕਾਰ ਰਾਮ ਨਾਥ ਪਾਟੀਆ ਵੀ ਅਜਿਹੇ ਹੀ ਸਨਸਨੀ ਖੇਜ਼ ਖ਼ੁਲਾਸੇ ਕਰ ਰਿਹਾ ਸੀ .
ਚੈਨਲ ਦੀ ਇਸ ਰਿਪੋਰਟ ਵਿਚ ਡੇਰੇ ਦੇ ਆਪਣੇ ਖ਼ਬਰ ਸੱਚ ਕਹੂੰ ਦੇ ਹਿੰਦੀ ਐਡੀਸ਼ਨ ਵਿਚ ਵਿਚ ਦਿੱਤੀ ਗਈ ਸਫ਼ਾਈ ਦਾ ਵੀ ਜ਼ਿਕਰ ਕੀਤਾ ਗਿਆ ਕਿ ਗੁਰਮੀਤ ਰਾਮ ਰਹੀਮ ਨੇ ਵਾਤਾਵਰਨ ਦੀ ਸਵੱਛਤਾ ਨੂੰ ਮੁੱਖ ਰੱਖਦੇ ਹੋਏ ਡੇਰਾ ਪ੍ਰੇਮੀਆਂ ਦੀਆਂ ਅਸਥੀਆਂ ਪਾਣੀ ਵਿਚ ਤਾਰਨ ਦੀ ਥਾਂ ਜ਼ਮੀਨ ਵਿਚ ਦਬਾ ਕੇ , ਇਨ੍ਹਾਂ ਉੱਤੇ ਰੁੱਖ ਲਾਉਣ ਦੀ ਪ੍ਰਥਾ ਸ਼ੁਰੂ ਕੀਤੀ ਸੀ . ਅਖ਼ਬਾਰ ਨੇਂ ਇਹ ਮੰਨਿਆ ਹੈ ਮਿਰਤਕ ਡੇਰਾ ਪ੍ਰੇਮੀਆਂ ਦੇ ਸਸਕਾਰ ਤੋਂ ਬਾਅਦ ਉਸਦੇ ਵਾਰਸ ਮਿਰਤਕ ਦੀਆਂ ਅਸਥੀਆਂ ਜ਼ਮੀਨ ਵਿਚ ਦਬਾ ਕੇ ਇਸ ਉੱਤੇ ਰੁੱਖ ਲਾਏ ਜਾਂਦੇ ਸਨ . ਅਖਬਾਰਵਿਚ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਗਿਆ ਕਿ ਡੇਰੇ ਦਾ ਵਿਰੋਧ ਕਰਨ ਵਾਲਿਆਂ ਨੂੰ ਮਾਰ ਖਪਾਂ ਦਿੱਤਾ ਜਾਂਦਾ ਸੀ .
ਇਹ ਠੀਕ ਹੈ ਡੇਰਾ ਸੱਚਾ ਸੌਦਾ ਅਤੇ ਬਲਾਤਕਾਰ ਦੇ ਜੁਰਮ ਵਿਚ 20 ਸਾਲ ਦੀ ਸਜ਼ਾ ਭੁਗਤ ਰਿਹਾ ਇਸ ਦਾ ਮੁਖੀ ਗੁਰਮੀਤ ਰਾਮ ਰਹੀਮ ਲੰਮੇ ਸਮੇਂ ਤੋਂ ਵੱਖ ਵੱਖ ਜੁਰਮਾਂ ਦੇ ਸ਼ੱਕ ਦੇ ਘੇਰੇ ਵਿਚ ਰਿਹਾ .ਇੱਥੋਂ ਤੱਕ ਕਿ ਡੇਰਾ ਸੰਭਾਲਣ ਮੌਕੇ ਵੀ ਨਾਮੀ ਖਾਲਿਸਤਾਨੀ ਖਾੜਕੂ ਗੁਰਜੰਟ ਸਿੰਘ ਰਾਜਸਥਾਨੀ ਦੀ ਮਦਦ ਲੈਣ ਦੀ ਚਰਚਾ ਬਹੁਤ ਲੰਮਾ ਸਮਾਂ ਹੁੰਦੀ ਰਹੀ . ਉਸ ਦੀਆਂ ਮੁਜਰਮਾਨਾ ਰੁਚੀਆਂ ਅਤੇ ਕਾਰਵਾਈਆਂ ਬਾਰੇ ਬਹੁਤ ਸਾਰੇ ਖ਼ੁਲਾਸੇ ਵੀ ਹੁੰਦੇ ਰਹੇ . ਹੁਣ ਤਾਂ ਅਦਾਲਤ ਨੇ ਉਸ ਦੇ ਮੁਜਰਮ ਹੋਣ ਬਾਰੇ ਮੋਹਰ ਲਾ ਦਿੱਤੀ ਹੈ . ਸਿਰਸੇ ਦੇ ਪੱਤਰਕਾਰ ਛਤਰਪਤੀ ਅਤੇ ਡੇਰਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸਾਂ ਦੀ ਸੁਣਵਾਈ ਵੀ ਆਖਰੀ ਪੜਾਵਾਂ 'ਤੇ ਹੈ .
ਇਹ ਵੀ ਸੱਚ ਹੈ ਡੇਰਾ ਮੁਖੀ ਅਤੇ ਡੇਰੇ ਅੰਦਰਲਾ ਕਾਰੋਬਾਰ , ਡੇਰਾ ਪ੍ਰੇਮੀਆਂ ਦੇ ਇੱਕ ਹਿੱਸੇ ਨੂੰ ਛੱਡ ਕੇ ਬਾਕੀ ਲੋਕਾਂ ਲਈ ਇੱਕ ਕੇ ਬੰਦ ਡੱਬੇ ਵਾਂਗ ਹੀ ਰਿਹਾ ਹੈ .
ਉੱਪਰ ਜ਼ਿਕਰ ਕੀਤੇ ਤੱਥਾਂ ਜੋ ਕੁੱਝ ਟੀ ਵੀ ਚੈਨਲ ਦਿਖਾ ਰਿਹਾ ਹੈ ਉਹ ਸੱਚ ਵੀ ਹੋ ਸਕਦੈ ਜਾਂ ਇਹ ਕਹਿ ਲਵੋ ਕਿ ਕੁੱਝ ਵੀ ਸੱਚ ਹੋ ਸਕਦੈ ਕਿਉਂਕਿ ਹਰ ਵੇਲੇ ਵੋਟ -ਬੈਂਕ ਦੀ ਰਾਜਨੀਤੀ ਕਰ ਕੇ ਡੇਰਾ ਮੁਖੀ ਕਿਸੇ ਨਾ ਕਿਸੇ ਰੂਪ ਵਿਚ ਹਮੇਸ਼ਾ ਹੀ ਰਾਜ-ਸੱਤਾ ਦੀ ਸਰਪ੍ਰਸਤੀ ਹੇਠ ਰਿਹਾ ਹੈ .
ਬਹੁਗਿਣਤੀ ਮੀਡੀਆ ਅਤੇ ਮੀਡੀਆ ਕਰਮੀਆਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਵੀ , ਪਹਿਲਾਂ ਵੀ ਅਤੇ ਹੁਣ ਵੀ ਡੇਰਾ ਮੁਖੀ ਨੂੰ ਸਜ਼ਾ ਹੋਣ ਵੇਲੇ ਵਪਾਰ ਰਹੀਆਂ ਘਟਨਾਵਾਂ ਨੂੰ ਲੋਕਾਂ ਸਾਹਮਣੇ ਲਈ ਇਤਿਹਾਸਕ ਰੋਲ ਨਿਭਾਇਆ ਹੈ . ਡੇਰਾ ਮੁਖੀ ਨੂੰ ਜੁਰਮ ਦੀ ਹੋਈ ਸਜ਼ਾ ਅਤੇ ਉਸਦੀ ਅਸਲੀਅਤ ਨੰਗੀ ਕਰਨ ਲਈ ਮੀਡੀਆ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ .
ਪਰ ਮੈਨੂੰ ਹੈਰਾਨੀ ਅਤੇ ਅਫ਼ਸੋਸ ਇਸ ਗੱਲ ਤੇ ਹੋ ਰਿਹੈ , ਜਿਸ ਚੈਨਲ ਤੇ ਅਸੀਂ ਇਹ ਸਨਸਨੀ ਖੇਜ਼ ਖ਼ੁਲਾਸੇ ਕਈ ਦਿਨਾਂ ਤੋਂ ਦੇਖ ਰਿਹਾ ਹਾਂ , ਇਹ ਚੈਨਲ ਹੀ ਡੇਰਾ ਮੁਖੀ ਨੂੰ ਸਭ ਤੋਂ ਛੋਟੇ ਪਰਦੇ ਤੇ ਲਿਆਉਣ , ਇਸ਼ਤਿਹਾਰਾਂ ਅਤੇ ਖ਼ਬਰਾਂ ਰਿਪੋਰਟਾਂ ਰਾਹੀਂ ਉਸ ਦੀਆਂ ਫ਼ਿਲਮਾਂ ਦਾ ਜ਼ੋਰ -ਸ਼ੋਰ ਨਾਲ ਪ੍ਰਚਾਰ-ਪ੍ਰਸਾਰ ਕਰਨ ਅਤੇ ਵਾਰ -ਵਾਰ ਡੇਰਾ ਮੁਖੀਆ ਦੀਆਂ ਇੰਟਰਵਿਊਜ਼ ਦਿਖਾ ਕੇ ਉਸ ਨੂੰ ਹੀਰੋ ਵਜੋਂ ਪੇਸ਼ ਕਰਦਾ ਰਿਹੈ . ਮੀਡੀਆ ਕਰਮੀਂ ਵਜੋਂ ਡੇਰੇ ਦੀ ਖ਼ਬਰ ਲੈਣਾ ਜਾਂ ਡੇਰਾ ਮੁਖੀ ਜਾਂ ਹੋਰ ਕਿਸੇ ਮੁਜਰਮ ਦੀ ਇੰਟਰਵਿਊ ਲੈਣਾ ਵੀ ਕੋਈ ਗੁਨਾਹ ਨਹੀਂ ਇੱਕ ਪੱਤਰਕਾਰ ਵਜੋਂ ਡੇਰੇ ਅੰਦਰਲਾ ਰੰਗ-ਢੰਗ ਦੇਖਣ , ਡੇਰਾ ਮੁਖੀ ਨੂੰ ਮਿਲਣ ਦੀ ਇੱਛਾ ਮੇਰੀ ਵੀ ਰਹੀ ਹੈ , ਡੇਰੇ ਦੇ ਅਖ਼ਬਾਰ ਨਾਲ ਜੁੜੇ ਪ੍ਰੇਮੀ ਪੱਤਰਕਾਰ ਕਈ ਵਾਰ ਸਿਰਸੇ ਆਉਣ ਦੇ ਸੱਦੇ ਵੀ ਦਿੰਦੇ ਰਹੇ ਪਰ ਕਦੇ ਉੱਥੇ ਜਾਣ ਦਾ ਕਦੇ ਸਬੱਬ ਹੀ ਨਹੀਂ ਬਣਿਆ .
ਪਰ ਸਵਾਲ ਇਹ ਹੈ ਕਿ ਜਿਹੜਾ ਮੀਡੀਆ ਪਹਿਲਾਂ ਅਜਿਹੇ ਸ਼ਖ਼ਸ ਨੂੰ ਲੋਕ ਨਾਇਕ ਅਤੇ ਅਧਿਆਤਮਕ ਗੁਰੂ ਵਜੋਂ ਉਭਾਰਦਾ ਰਿਹਾ ਅਤੇ ਜਦੋਂ ਉਹ ਅੰਦਰ ਹੋ ਗਿਆ ਤਾਂ ਉਹੀ ਮੀਡੀਆ ਹੁਣ ਉਸ ਬਾਰੇ ਸਭ ਤੋਂ ਅੱਗੇ ਹੋ ਕੇ ਸਨਸਨੀਖ਼ੇਜ਼ ਕਹਾਣੀਆਂ ਦਿਖਾਵੇ ਤਾਂ ਇਸ ਨੂੰ ਕੀ ਕਿਹਾ ਜਾਵੇ ?
ਜਿਹੜੇ ਪੁਰਾਣੇ ਡੇਰਾ ਪ੍ਰੇਮੀਆਂ , ਪੱਤਰਕਾਰਾਂ ਅਤੇ ਡੇਰੇ ਦਾ ਸ਼ਿਕਾਰ ਬੰਦੇ ਹੁਣ ਇਹ ਚੈਨਲ ਅਤੇ ਕੁੱਝ ਹੋਰ ਚੈਨਲ ਪੇਸ਼ ਕਰ ਰਹੇ ਨੇ ਉਹ ਸਾਰੇ ਅਤੇ ਉਨ੍ਹਾਂ ਦੀਆਂ ਕਹਾਣੀਆਂ ਪਹਿਲਾਂ ਵੀ ਮੌਜੂਦ ਸਨ ਪਰ ਇਸ ਦੇ ਬਾਵਜੂਦ ਡੇਰਾ ਮੁਖੀ ਨੂੰ ਸਾਡੇ ਹੀ ਮੀਡੀਆ ਦੇ ਇੱਕ ਹਿੱਸੇ ਵੱਲੋਂ ਹੀਰੋ ਅਤੇ ਵੱਡੇ ਅਧਿਆਤਮਕ ਗੁਰੂ ਵਜੋਂ ਪੇਸ਼ ਕੀਤਾ ਜਾਂਦਾ ਰਿਹਾ .
ਇਹ ਕਿਹਾ ਜਾ ਸਕਦਾ ਹੈ ਕਿ ਬਹੁਤਾ ਸੱਚ ਹੁਣ ਸਾਹਮਣੇ ਆਇਆ ਹੈ .ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਸਿਆਸਤਦਾਨਾਂ 'ਤੇ ਤਵੇ ਲਾਉਂਦੇ ਹਾਂ ਕਿ ਉਹ ਅਜਿਹੇ ਡੇਰਿਆਂ ਜਾਂ ਡੇਰਾ ਮੁਖੀਆਂ ਅੱਗੇ ਗੋਡੇ ਵੀ ਟੇਕਦੇ ਨੇ ਅਤੇ ਉਨ੍ਹਾਂ ਨੂੰ ਸਰਕਾਰੀ ਅਤੇ ਸਿਆਸੀ ਸਰਪ੍ਰਸਤੀ ਅਤੇ ਸੁਰੱਖਿਆ ਵੀ ਦਿੰਦੇ ਨੇ , ਉਸੇ ਤਰ੍ਹਾਂ ਸਾਨੂੰ ਮੀਡੀਆ ਅਤੇ ਮੀਡੀਆ ਕਰਮੀਆਂ ਨੂੰ ਵੀ ਆਪਣੀ ਭੂਮਿਕਾ ਬਾਰੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ.
7 ਸਤੰਬਰ , 2017
ਸੰਪਾਦਕ , ਬਾਬੂਸ਼ਾਹੀ ਡਾਟ ਕਾਮ
ਚੰਡੀਗੜ੍ਹ
+91-9915177722