ਇਹ ਤਾਂ ਸਭ ਕੁੱਝ ਤਾਂ ਹੋਣਾ ਤਹਿ ਹੀ ਸੀ ..
30 ਤੋਂ ਵੱਧ ਮੌਤਾਂ , ਸੈਂਕੜੇ ਫੱਟੜ , 200 ਤੋਂ ਵੱਧ ਮੋਟਰ ਗੱਡੀਆਂ , ਕਾਰਾਂ ਅਤੇ ਦਰਜ਼ਾਂ ਦੇ ਕਰੀਬ ਸਰਕਾਰੀ ਜਾਇਦਾਦਾਂ ਦੀ ਸਾੜ ਫ਼ੂਕ , ਪੰਚਕੂਲਾ ਅਤੇ ਸਿਰਸਾ ਵਿਚ ਮੀਡੀਆ ਕਰਮੀਆਂ ਅਤੇ ਉਨ੍ਹਾਂ ਦੀਆਂ ਓ ਬੀ ਵੈਨਾਂ ਤੇ ਵਿਉਂਤਬੱਧ ਹਮਲੇ , ਪੰਜਾਬ ਅਤੇ ਹਰਿਆਣਾ ਵਿਚ ਵੱਡੀ ਪੱਧਰ ਤੇ ਸਾੜ -ਫੂਕ ਦਰਜਨ ਤੋਂ ਵੱਧ ਜ਼ਿਲ੍ਹਿਆਂ ਅਤੇ ਸ਼ਹਿਰਾਂ ਵਿਚ ਕਰਫ਼ਿਊ . ਇਹ ਸਿਰਫ਼ ਇੱਕੋ ਦਿਨ 25 ਅਗਸਤ ਦੀ ਹੀ ਰਿਪੋਰਟ ਹੈ . ਅਜੇ ਅਜਿਹੀ ਹਿੰਸਾ ਦੇ ਆਸਾਰ ਹੋਰ ਵੀ ਹਨ .
ਸਭ ਦੇ ਮਨ ਵਿਚ ਇਹੀ ਸਵਾਲ ਹੈ ਕਿ ਇਸ ਸਭ ਕਾਸੇ ਦਾ ਜ਼ਿੰਮੇਵਾਰ ਕੌਣ ਹੈ ?
ਜਦੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਖ਼ਿਲਾਫ਼ ਬਲਾਤਕਾਰ ਦੇ ਕੇਸ ਦੇ 25 ਅਗਸਤ ਨੂੰ ਫ਼ੈਸਲੇ ਤੋਂ ਪਹਿਲਾਂ ਜਦੋਂ ਹਜ਼ਾਰਾਂ ਡੇਰਾ ਪੈਰੋਕਾਰ ਪੰਚਕੂਲਾ ਵਿਚ ਇਕੱਠੇ ਹੋ ਰਹੇ ਸਨ ਤਾਂ ਸਿਰਫ਼ ਮੀਡੀਆ ਕਰਮੀਂ ਹੀ ਨਹੀਂ ਸਗੋਂ ਆਮ ਲੋਕ ਵੀ ਭਾਂਪ ਰਹੇ ਸਨ ਕਿ ਜੇਕਰ ਅਦਾਲਤੀ ਫ਼ੈਸਲਾ ਡੇਰਾ ਮੁਖੀ ਦੇ ਖ਼ਿਲਾਫ਼ ਹੋਇਆ ਤਾਂ ਪੰਚਕੂਲਾ ਵਿਚ ਇਕੱਠੇ ਹੋਏ ਡੇਰਾ ਪ੍ਰੇਮੀ ਚੁੱਪ ਨਹੀਂ ਬੈਠਣਗੇ ਅਤੇ ਹਿੰਸਾ ਦਾ ਖ਼ਤਰਾ ਲਗਭਗ ਪੱਕਾ ਹੀ ਸਮਝ ਰਹੇ ਸੀ . ਸਾਧਾਰਨ ਬੁੱਧੀ ਵਾਲਾ ਹਰ ਇਨਸਾਨ ਵੀ ਇਹੀ ਸੋਚ ਰਿਹਾ ਸੀ ਕਿ ਇਹ ਲੋਕ ਸਿਰਫ਼ ਸ਼ਰਧਾ ਲਈ ਨਹੀਂ ਸਗੋਂ ਕਿਸੇ ਹੋਰ ਨੀਅਤ ਨਾਲ ਆਏ ਹਨ .
ਮੈਂ ਅਤੇ ਮੇਰਾ ਸਾਥੀ ਵਿਜੈਪਾਲ ਬਰਾੜ ਜਦੋਂ 24 ਅਗਸਤ ਨੂੰ ਡੇਰਾ ਪ੍ਰੇਮੀਆਂ ਦੇ ਕੈਂਪਾਂ ਵਾਲੇ ਥਾਂ ਤੇ ਗਏ , ਮਾਹੌਲ ਦੇਖਿਆ ਅਤੇ ਉਨ੍ਹਾਂ ਨਾਲ ਕੀਤੀ ਗੱਲਬਾਤ ਤੋਂ ਇਹ ਸਾਫ਼ ਸੀ ਕਿ ਉਹ ਕਿਸ ਨੀਅਤ ਨਾਲ ਆਏ ਸਨ . ਹਾਈ ਕੋਰਟ ਨੇ ਵੀ ਬਥੇਰੀ ਕੋਸ਼ਿਸ਼ ਕੀਤੀ ਕਿ ਹਰਿਆਣਾ ਸਰਕਾਰ ਸੰਭਾਲ ਜਾਵੇ ਪਰ ਕੋਈ ਅਸਰ ਨਹੀਂ ਹੋਇਆ . ਜੋ ਪੰਚਕੂਲਾ ਵਿਚ 25 ਅਗਸਤ ਨੂੰ ਹਿੰਸਾ ਦਾ ਨਾਚ ਹੋਇਆ ਅਤੇ ਉਸ ਤੋਂ ਬਾਅਦ ਜੋ ਬਿਆਨ ਮੁੱਖ ਮੰਤਰੀ ਖੱਟਰ ਦਾ ਆਇਆ ਹੈ ਕਿ " ਹਿੰਸਾ ਲਈ ਡੇਰਾ ਪ੍ਰੇਮੀ ਕਸੂਰਵਾਰ ਨਹੀਂ ਸਗੋਂ ਕੁੱਝ ਸ਼ਰਾਰਤੀ ਅਨਸਰ ਸਨ " ਨੇ ਇਹ ਸਵਾਲ ਖੜ੍ਹੇ ਕਰ ਦਿੱਤੇ ਨੇ ਕਿ ਕੀ ਇਹ ਸਭ ਕੁੱਝ ਹਰਿਆਣਾ ਸਰਕਾਰ , ਬੀ ਜੇ ਪੀ ਅਤੇ ਦਿੱਲੀ ਵਿਚ ਬੈਠੀ ਖੱਟਰ ਸਾਹਿਬ ਦੀ ਹਾਈ ਕਮਾਂਡ ਇੱਛਾ ਤੋਂ ਬਿਨਾਂ ਵਪਾਰ ਸਕਦਾ ਸੀ ?
ਇੰਨੀਆਂ ਮੌਤਾਂ , ਹਿੰਸਾ ਅਤੇ ਅਗਜ਼ਨੀ ਤੋਂ ਬਾਅਦ ਜਦੋਂ ਮਨੋਹਰ ਲਾਲ ਖੱਟਰ ਪੰਚਕੂਲਾ ਵਿਚ ਮੀਡੀਆ ਸਾਹਮਣੇ ਆਏ ਤਾਂ ਤਾਂ ਲੋਕਾਂ ਅਤੇ ਦੇਸ਼ ਤੋਂ ਮਾਫ਼ੀ ਮੰਗਣਾ ਤਾਂ ਦੂਰ ਦੀ ਗੱਲ ,ਉਨ੍ਹਾਂ ਦੇ ਚਿਹਰੇ , ਉਨ੍ਹਾਂ ਦੀ ਆਵਾਜ਼ ਅਤੇ ਉਨ੍ਹਾਂ ਦੇ ਲਹਿਜ਼ੇ ਵਿਚ ਨਾ ਹੀ ਕੋਈ ਡੂੰਘੇ ਦੁੱਖ ਜਾਂ ਪੀੜ ਦਾ ਕੋਈ ਅਹਿਸਾਸ ਸੀ ਅਤੇ ਨਾ ਹੀ ਉਨ੍ਹਾਂ ਅਜਿਹਾ ਕੋਈ ਇਜ਼ਹਾਰ ਹੀ ਕੀਤਾ . ਜਦੋਂ ਮੀਡੀਆ ਕਰਮੀਆਂ ਨੇ ਮੌਤਾਂ ਦੀ ਗਿਣਤੀ ਪੁੱਛੀ ਤਾਂ ਉਹ ਇੱਧਰ -ਉੱਧਰ ਆਪਣੇ ਅਫ਼ਸਰਾਂ ਵੱਲ ਦੇਖ ਲੱਗ ਪਏ . ਕੁੱਝ ਪਲਾਂ ਦੀ ਝਾਕ ਬਾਅਦ ਉਹ ਬੋਲੇ ਕੀ 15 ਮੌਤਾਂ ਦੀ ਰਿਪੋਰਟ ਹੈ ਅਜੇ ਹੋਰ ਦੇਖਣਾ ਹੈ . ਇਹ ਉਹ ਵਕਤ ਸੀ ਜਦੋਂ ਮੀਡੀਆ ਵਿਚ 28 ਮੌਤਾਂ ਦੀ ਖ਼ਬਰ ਨਸ਼ਰ ਆ ਚੁੱਕੀ ਸੀ . ਹੈਰਾਨੀ ਦੀ ਗੱਲ ਹੈ ਖੱਟਰ ਸਾਹਿਬ ਨੇ ਝੂਠੇ ਸਿਆਸੀ ਹੰਝੂ ਵੀ ਨਹੀਂ ਵਹਾਏ .
ਮੈਂ ਇੰਨੀ ਸੰਵੇਦਨ ਹੀਣਤਾ ਪਹਿਲਾਂ ਕਦੇ ਨਹੀਂ ਦੇਖੀ .
ਮੇਰਾ ਖ਼ਿਆਲ ਹੈ ਕਿ ਇਹ ਤਾਂ ਸਭ ਦੇ ਸਾਹਮਣੇ ਹੈ ਕਿ ਖੱਟਰ ਇੱਕ ਮੁੱਖ ਮੰਤਰੀ ਵਜੋਂ , ਉਸ ਦੀ ਸਰਕਾਰ ਅਤੇ ਇਸ ਦੀ ਪੁਲਿਸ ਅਫ਼ਸਰਸ਼ਾਹੀ ਇੱਕ ਪ੍ਰਸ਼ਾਸਕ ਵਜੋਂ ,ਨਾਕਸ ਅਤੇ ਨਿਕੰਮੀ ਸਾਬਤ ਹੋਈ ਹੈ ਪਰ ਸਵਾਲ ਸਿਰਫ਼ ਇਹ ਨਹੀਂ ਕਿ ਇਸ ਸਾਰੇ ਹਿੰਸਕ ਕਾਂਡ ਕਸੂਰਵਾਰ ਕੌਣ ਹੈ ਬਲਕਿ ਇਹ ਸਵਾਲ ਇਹ ਸਭ ਕੁੱਝ ਕਰ ਕੇ ਉਹ ਕਿਹੜਾ ਸਿਆਸੀ ਮਕਸਦ ਹਾਸਲ ਕਰਨਾ ਸੀ ? ਕੀ ਇਸ ਪਿੱਛੇ ਅਸਲ ਮੰਤਵ ਨਿਆਂਪਾਲਿਕਾ ਤੇ ਦਬਾਅ ਪਾਉਣਾ ਸੀ ਜਾਂ ਫਿਰ 2019 ਦੀਆਂ ਚੋਣਾਂ ਲਈ ਵੋਟ ਬੈਂਕ ਦਾ ਮਸਲਾ ਸੀ ਜਾਂ ਕੁੱਝ ਹੋਰ , ਲੋਕ ਖ਼ੁਦ ਅੰਦਾਜ਼ਾ ਲਾ ਸਕਦੇ ਨੇ .
26 ਅਗਸਤ , 2017
ਬਲਜੀਤ ਬੱਲੀ, ਸੰਪਾਦਕ, ਬਾਬੂਸ਼ਾਹੀ ਡਾਟ ਕਾਮ
tirshinazar@gmail.com
+91-9915177722