" ਇਸ ਦਾ ਅਰਥ ਇਹ ਹੈ ਕਿ ਸਿਆਸੀ ਚਿੰਤਾ ਵਿਚ ਹੈ ਅਮਰਿੰਦਰ ਸਿੰਘ ਤੇ ਉਨ੍ਹਾਂ ਦਾ ਕੈਂਪ "
ਕਿਸ ਨਾਲ ਖੇਡ -ਖੇਡ ਰਹੇ ਨੇ ਕੈਪਟਨ ਅਮਰਿੰਦਰ ਸਿੰਘ ?
*ਬਲਜੀਤ ਬੱਲੀ /ਤਿਰਛੀ ਨਜ਼ਰ
ਚੰਡੀਗੜ੍ਹ, 20 ਨਵੰਬਰ , 2017 :
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ 19 ਨਵੰਬਰ, 2017 ਨੂੰ ਟਵਿਟਰ ਤੇ ਆਪਣੀਆਂ ਦੋ ਫ਼ੋਟੋਆਂ ਸ਼ੇਅਰ ਕੀਤੀਆਂ ਹਨ . ਇਨ੍ਹਾਂ ਵਿਚ ਉਹ ਬੈਡਮਿੰਟਨ ਖੇਡ ਰਹੇ ਦਿਖਾਈ ਦਿੰਦੇ ਨੇ . ਆਪਣੇ ਟਵੀਟ ਉਨ੍ਹਾਂ ਕਿਹਾ ਹੈ ਕਿ ਬਹੁਤ ਦੇਰ ਬਾਅਦ ਬੈਡਮਿੰਟਨ ਖੇਡੇ ਹਨ . ਬਹੁਤ ਹੁਲਾਰੇ ਭਰਿਆ ਤਜਰਬਾ ਰਿਹਾ . ਇਸ ਨੇ ਐਨ ਆਈ ਐਸ ਦੇ ਦਿਨਾਂ ਦੀ ਯਾਦ ਕਰਾ ਦਿੱਤੀ ਜਦੋਂ ਅਕਸਰ ਬੈਡਮਿੰਟਨ ਖੇਡਿਆ ਕਰਦੇ ਸੀ .
ਬਹੁਤ ਚੰਗਾ ਲੱਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਿਹਤ ਪੱਖੋਂ ਠੀਕ ਠਾਕ ਨੇ ਅਤੇ ਸਰਗਰਮ ਨੇ . ਜਦੋਂ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਟੈਨਿਸ ਖੇਡੇ ਹੁੰਦੇ ਸਨ ਤਾਂ ਮੈਨੂੰ ਬਹੁਤ ਚੰਗਾ ਲਗਦਾ ਸੀ .
ਕੈਪਟਨ ਅਮਰਿੰਦਰ ਸਿੰਘ ਦੀ ਇਹ ਟਵੀਟ ਫ਼ੋਟੋ , ਆਮ ਦਿਨਾਂ ਵਿਚ ਸ਼ੇਅਰ ਕੀਤੀ ਗਈ ਹੁੰਦੀ ਤਾਂ ਇਹ ਆਈ -ਗਈ ਹੋ ਜਾਣੀ ਸੀ ਜਾਂ ਸਿਰਫ਼ ਸ਼ੌਕੀਆ ਖੇਡ -ਟਵੀਟ ਮੰਨ ਕੇ ਸਲਾਹੀ ਜਾਣੀ ਸੀ ਪਰ ਇਸ ਦਾ ਮੌਕਾ-ਮੇਲ ਅਜਿਹਾ ਹੈ ਕਿ ਇਸ ਦੇ ਗੁੱਝੇ ਅਰਥ ਕੱਢੇ ਜਾ ਰਹੇ ਨੇ .
ਇਹ ਟਵੀਟ -ਫ਼ੋਟੋ ਕੈਪਟਨ ਸਾਹਿਬ ਦੇ ਉਸ ਕਥਨ ਤੋਂ ਸਿਰਫ਼ ਇੱਕ ਦਿਨ ਬਾਅਦ ਹੀ ਸ਼ੇਅਰ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਪੰਜਾਬ ਦੀ ਰਾਜਨੀਤੀ ਵਿਚ ਇਕ ਹੋਰ ਸਿਆਸੀ ਪਾਰੀ ਖੇਡਣ ਦਾ ਇਰਾਦਾ ਜ਼ਾਹਿਰ ਕੀਤਾ ਸੀ . ਟ੍ਰਿਬਿਊਨ ਅਖ਼ਬਾਰ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਲੜਨ ਦਾ ਵੀ ਇਸ਼ਾਰਾ ਕੀਤਾ ਸੀ ਜਦੋਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਸਰਕਾਰ ਬਣੂੰ ਤੋਂ ਬਾਅਦ ਹੁਣ ਤੱਕ ਵੀ ਉਹ ਇਹ ਸਟੈਂਡ ਲੈਂਦੇ ਹੇ ਕਿ ਉਹ ਅੱਗੇ ਤੋਂ ਚੋਣ -ਰਾਜਨੀਤੀ ਵਿਚ ਨਹੀਂ ਪੈਣਗੇ .
ਇਸ ਲਈ ਉਨ੍ਹਾਂ ਦੀ ਚਿੜੀ-ਛਿੱਕੇ ਦੀ ਖੇਡ ਦੇ ਸਿਆਸੀ ਅਰਥ ਕੱਢੇ ਜਾ ਰਹੇ ਨੇ ਕਿ ਕੈਪਟਨ ਸਾਹਿਬ ਬੈਡਮਿੰਟਨ ਰਾਹੀਂ ਕਿਹੜੀ ਸਿਆਸੀ ਖੇਡ ਖੇਡ ਰਹੇ ਨੇ ?
ਕੈਪਟਨ ਸਾਹਿਬ ਨੇ ਆਪਣੇ ਫ਼ੋਟੋ ਟਵੀਟ ਵਿਚ ਅਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਫੇਸ ਬੁੱਕ'ਤੇ
ਸ਼ੇਅਰ ਕੀਤੀ ਵੀਡੀਓ ਕਲਿੱਪ ਵਿਚ ਸਿਰਫ਼ ਕੈਪਟਨ ਸਾਹਿਬ ਹੀ ਸ਼ਾਟ ਲਾਉਂਦੇ ਦਿਖਾਏ ਗਏ ਹਨ . ਦੂਜੇ ਪਾਸੇ ਕੌਣ ਖੇਡ ਰਿਹਾ ਸੀ / ਰਹੀ ਸੀ ? ਭਾਵ ਕੈਪਟਨ ਸਾਹਿਬ ਕਿਸ ਦੇ ਪੱਲੇ ਵਿਚ ਸ਼ਾਟ ਮਾਰ ਰਹੇ ਨੇ , ਇਹ ਸਾਫ਼ ਨਹੀਂ ਕੀਤਾ ਗਿਆ .
ਇਹ ਨਹੀਂ ਦੱਸਿਆ ਗਿਆ . ਇਹ ਵੀ ਨਹੀਂ ਦੱਸਿਆ ਗਿਆ ਕਿ ਇਹ ਵੀਡੀਓ ਕਿਥੋਂ ਦੀ ਹੈ ?
ਖ਼ੈਰ , ਰਵੀਨ ਠੁਕਰਾਲ ਨੇ ਇਸ ਵੀਡੀਓ ਦੇ ਨਾਲ ਜੋ ਕਮੈਂਟ ਪਾਇਆ ਹੈ ਉਹ ਤਾਂ ਇਹ ਗੱਲ ਬਿਲਕੁਲ ਹੀ ਸਪਸ਼ਟ ਕਰ ਦਿੰਦਾ ਹੈ ਕਿ ਕੈਪਟਨ ਸਾਹਿਬ ਦੀ ਇਹ ਚਿੜੀ-ਛਿੱਕੇ ਦੀ ਖੇਡ , ਸੱਤਵੇਂ ਦਹਾਕੇ ਦੌਰਾਨ ਚੀਨੀ ਨੇਤਾਵਾਂ ਦੀ ਪਿੰਗ -ਪੌਂਗ
ਡਿਪਲੋਮੇਸੀ ਵਰਗੀ ਇੱਕ ਸਿਆਸੀ ਖੇਡ ਹੀ ਹੈ .
ਰਵੀਨ ਠੁਕਰਾਲ ਲਿਖਦੇ ਨੇ , " ਜਿੱਤ ਹੋਵੇ ਜਾਂ ਹਾਰ , ਹਮੇਸ਼ਾ ਚੜ੍ਹਦੀ ਕਲਾ ਵਿਚ .ਕੈਪਟਨ ਅਮਰਿੰਦਰ ਬੈਡਮਿੰਟਨ ਕੋਰਟ ਦੇ ਉੱਨੇ ਹੀ ਮਾਹਿਰ ਨੇ ਜਿੰਨੇ ਕਿ ਸੱਤਾ ਦੇ ਗਲਿਆਰਿਆਂ ਦੇ .( " Win or lose, the spirit is indomitable. @capt_amarinder is as much at ease on the Badminton court as he is in the corridors of power. )
ਮੈਂ ਅੱਜ ਸ਼ਾਮੀਂ ਜਦੋਂ ਪੰਜਾਬ ਮਾਮਲਿਆਂ ਦੀ ਇੱਕ ਪਾਰਖੂ ਹਸਤੀ ਨੂੰ ਕੈਪਟਨ ਸਾਹਿਬ ਦੇ ਤਾਜ਼ਾ ਟਵੀਟ ਬਾਰੇ ਦੱਸਿਆ ਕਿ ਤਾਂ ਉਹ ਇੱਕ ਦਮ ਬੋਲੇ , " ਛਿੱਕੇ ਦਾ ਨਿਸ਼ਾਨਾ ਸਿਆਸੀ ਹੈ . ਇਹ ਕੈਪਟਨ ਵੱਲੋਂ ਅਗਲੀ ਸਿਆਸੀ ਪਾਰੀ ਲੈਣ ਦੇ ਬਿਆਨ ਦੀ ਅਗਲੀ ਕੜੀ ਹੈ . ਉਹ ਕਾਂਗਰਸ ਦੇ ਅੰਦਰਲੇ ਅਤੇ ਬਾਹਰਲੇ ਆਪਣੇ ਵਿਰੋਧੀਆਂ ਨੂੰ ਇਹ ਸਿਆਸੀ ਸੰਕੇਤ ਦੇਣਾ ਚਾਹੁੰਦੇ ਨੇ ਕਿ ਉਹ ਰਾਜਨੀਤੀ ਦੇ ਮੈਦਾਨ ਵਿਚ ਡਟ ਕੇ ਖੜ੍ਹੇ ਨੇ .ਇਸ ਦਾ ਅਰਥ ਇਹ ਹੈ ਕਿ ਅਮਰਿੰਦਰ ਸਿੰਘ ਤੇ ਉਨ੍ਹਾਂ ਦਾ ਕੈਂਪ ਸਿਆਸੀ ਚਿੰਤਾ ਵਿਚ ਹੈ . ਪਿਛਲੇ ਸਮੇਂ ਦੌਰਾਨ ਕੈਪਟਨ ਸਰਕਾਰ ਅਤੇ ਪੰਜਾਬ ਕਾਂਗਰਸ ਦੇ ਅੰਦਰ , ਨਿਰਾਸ਼ ਜਾਂ ਮਾਯੂਸ ਕਾਂਗਰਸੀ ਐਮ ਐਲ ਏਜ਼ ਅਤੇ ਹੋਰ ਨੇਤਾਵਾਂ ਦੀ ਨਵੀਂ ਸਫ਼ਬੰਦੀ ਹੋਣੀ ਸ਼ੁਰੂ ਹੋ ਗਈ ਸੀ . ਇਹ ਉਸ ਦਾ ਹੀ ਨਤੀਜਾ ਲਗਦੈ ਕਿ ਅਮਰਿੰਦਰ ਸਿੰਘ ਨੂੰ ਦਰਸਾਉਣਾ ਪੈ ਰਿਹਾ ਹੈ ਕਿ ਉਹ ਰਾਜਨੀਤੀ ਅਤੇ ਸਰਕਾਰ ਵਿਚ ਕਾਇਮ-ਮੁਕਾਮ ਹਨ ਅਤੇ ਸਰੀਰਕ ਤੌਰ ਤੇ ਵੀ ਸਰਗਰਮ ਹਨ। "
ਇਹ ਗੱਲ ਕੋਈ ਲੁਕੀ ਛਿਪੀ ਨਹੀਂ ਕਿ ਗਾਹੇ -ਬਗਾਹੇ ਕਾਂਗਰਸੀ ਵਜ਼ੀਰਾਂ , ਨੇਤਾਵਾਂ ਅਤੇ ਵਰਕਰਾਂ ਦਾ ਇੱਕ ਹਿੱਸਾ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਅਤੇ ਉਹ ਆਪਣੀ ਨਿਰਾਸ਼ਤਾ ਦਾ ਇਜ਼ਹਾਰ ਵੀ ਕਰਦੇ ਰਹਿੰਦੇ ਨੇ .ਕੁੱਝ ਤਾਂ ਕੈਪਟਨ ਸਾਹਿਬ ਤਾਕ ਸੌਖੀ ਪਹੁੰਚ ਨਾ ਹੋਣ ਅਤੇ ਉਨ੍ਹਾਂ ਦੀ ਕਾਰਜਸ਼ੈਲੀ ਕਰਕੇ ਅਤੇ ਕੁਝ ਰਾਜ ਸੱਤਾ ਵਿਚ ਹਿੱਸੇਦਾਰੀ ਨਾ ਮਿਲਣ ਕਰਕੇ ਔਖੇ -ਭਾਰੇ ਰਹਿੰਦੇ ਹਨ . ਨਾ ਵਜ਼ਾਰਤੀ ਵਾਧਾ ਹੋਇਆ ਅਤੇ ਨਾ ਹੀ ਚੇਅਰਮੈਨੀਆਂ ਅਤੇ ਮੈਂਬਰੀਆਂ ਵੰਡੀਆਂ ਗਈਆਂ .
ਪਿਛਲੇ ਸਮੇਂ ਦੌਰਾਨ ਕੁੱਝ ਇੱਕ ਘਟਨਾਵਾਂ ਤਾਂ ਅਜਿਹੀਆਂ ਵਾਪਰੀਆਂ ਕਿ ਇੰਜ ਲੱਗਣ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਕਾਂਗਰਸ ਵਿਚ ਸਿਆਸੀ ਅਥਾਰਟੀ ਨੂੰ ਹੀ ਖੋਰਾ ਲੱਗਣ ਲੱਗ ਪਿਆ ਹੈ ਅਤੇ ਪਾਰਟੀ ਵਿਚਲੇ ਉਨ੍ਹਾਂ ਦੇ ਸ਼ਰੀਕ ਨਵੇਂ -ਜੋੜ -ਤੋੜ ਬਣਾਉਣ ਲੱਗ ਪਏ ਨੇ .
ਪਿਛਲੇ ਹਫ਼ਤੇ ਪੰਜਾਬ ਦੇ ਐਮ ਪੀਜ਼ ਦੀ ਬੁਲਾਈ ਗਈ ਮੀਟਿੰਗ ਦਾ ਕਾਂਗਰਸੀ ਐਮ ਪੀਜ਼ ਵੱਲੋਂ ਹੀ ਕੀਤਾ ਗਿਆ ਬਾਈ ਕਾਟ , ਕੈਪਟਨ ਦੀ ਲੀਡਰਸ਼ਿਪ ਨੂੰ ਚੁਨੌਤੀ ਦੇਣ ਦੇ ਇਸ ਰੁਝਾਨ ਦੀ ਉੱਘੜਵੀਂ ਮਿਸਾਲ ਸੀ . ਚਰਚਾ ਇਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਦੇ ਅੰਦਰਲੇ ਅਤੇ ਬਾਹਰਲੇ ਵਿਰੋਧੀਆਂ ਨੂੰ ਚੁੱਪ ਕਰਾਉਣ ਅਤੇ ਆਪਣਾ ਕਿਲ੍ਹਾ ਤਕੜਾ ਦਰਸਾਉਣ ਲਾਉਣ ਹੀ ਸਿਆਸੀ ਖੇਡ ਸ਼ੁਰੂ ਕੀਤੀ ਗਈ ਹੈ .
ਹੁਣ ਸਵਾਲ ਇਹ ਉਠਦਾ ਹੈ ਕੀ ਕੈਪਟਨ ਸਾਹਿਬ ਦੇ ਦੂਜੀ ਪਾਰੀ ਖੇਡਣ ਦੇ ਐਲਾਨ ਅਤੇ ਚਿੜੀ-ਛਿੱਕੇ ਦੇ ਇਹ ਸ਼ਾਟ ,
ਸਿਆਸੀ ਹਾਲਾਤ ਨੂੰ ਮੋੜਾ ਪਾ ਸਕਣਗੇ ? ਇਸ ਦਾ ਨਿਤਾਰਾ ਤਾਂ ਸਮਾਂ ਹੀ ਕਰੇਗਾ ਪਰ ਤਾਜ਼ਾ ਸਿਆਸੀ ਪੈਂਤੜੇਬਾਜ਼ੀ , ਕੈਪਟਨ ਸਾਹਿਬ ਦੀ ਸਿਆਸੀ ਮੁਹਾਰਤ ਵੱਲ ਇਸ਼ਾਰਾ ਕਰਦੀ ਹੈ .ਕੈਪਟਨ ਕੈਂਪ ਵੱਲੋਂ ਅਜੇ ਇਸੇ ਦਿਸ਼ਾ ਵਿਚ ਹੋਰ ਨਵੇਂ ਸਿਆਸੀ ਪੈਂਤੜਿਆਂ ਦੇ ਨਸ਼ਰ ਹੋਣ ਦੀ ਵੀ ਉਮੀਦ ਹੈ .
ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਂ ਠੁਕਰਾਲ ਵੱਲੋਂ ਫੇਸ ਬੁੱਕ'ਤੇ
ਸ਼ੇਅਰ ਕੀਤੀ ਵੀਡੀਓ ਕਲਿੱਪ :
https://www.facebook.com/MediaAdvisor2PunjabCM/videos/167417093848308/
....
*Editor Babushahi.com
tirshinazar@gmail.com
+91-9915177722