ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ , ਕਪਤਾਨ ਅਮਰਿੰਦਰ ਸਿੰਘ ਨਾਲ ( ਫਾਈਲ ਫੋਟੋ )
ਸੁਰੇਸ਼ ਕੁਮਾਰ ਨੇ ਦਫ਼ਤਰ ਜਾਣ ਤੋਂ ਦਿੱਤਾ ਜਵਾਬ -ਕੈਪਟਨ ਸਰਕਾਰ ਨਵੇਕਲੇ ਸੰਕਟ'ਚ
ਕੈਪਟਨ ਵੱਲੋਂ ਮਨਾਉਣ ਲਈ ਭੇਜੇ ਵਜ਼ੀਰ ਵੀ ਖ਼ਾਲੀ ਹੱਥ ਮੁੜੇ - ਕੈਬਿਨੇਟ ਮੀਟਿੰਗ ਚ ਸ਼ਿਰਕਤ ਬਾਰੇ ਵੀ ਬੇਯਕੀਨੀ
ਹਾਈ ਕੋਰਟ ਵਿਚ ਸੁਰੇਸ਼ ਕੁਮਾਰ ਦੇ ਖ਼ਿਲਾਫ਼ ਪਈ ਰਿੱਟ ਪਿੱਛੇ ਦਰਬਾਰੀ ਸਾਜ਼ਿਸ਼ ਦੀ ਚਰਚਾ
ਬਲਜੀਤ ਬੱਲੀ
ਚੰਡੀਗੜ੍ਹ , 4 ਅਗਸਤ, 2017 : ਪੰਜਾਬ ਦੇ ਕੈਬਿਨੇਟ ਵਜ਼ੀਰ ਨਵਜੋਤ ਸਿੰਘ ਸਿੱਧੂ ਵੱਲੋਂ ਕੇਬਲ ਨੈੱਟਵਰਕ ਅਤੇ ਅਕਾਲੀਆਂ ਦੇ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਦੇ ਮੁੱਦੇ ਤੇ ਬਾਗ਼ੀ ਰੌਂ ਦਿਖਾਉਣ ਤੋਂ ਬਾਅਦ ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਵੱਲੋਂ ਦਫ਼ਤਰ ਜਾ ਕੇ ਕੰਮ ਕਰਨ ਤੋਂ ਇਨਕਾਰ ਕਰਨ ਨਾਲ 5 ਮਹੀਨੇ ਦੀ ਅਮਰਿੰਦਰ ਸਰਕਾਰ ਲਈ ਸਿਆਸੀ-ਕਮ-ਸ਼ਾਸਕੀ ਸੰਕਟ ਖੜ੍ਹਾ ਹੋ ਗਿਆ ਹੈ . ਸਰਕਾਰੀ ਹਲਕਿਆਂ ਅਤੇ ਅਖ਼ਬਾਰੀ ਖ਼ਬਰਾਂ ਅਨੁਸਾਰ ਸੁਰੇਸ਼ ਕੁਮਾਰ ਨੇ ਉਨ੍ਹਾਂ ਚਿਰ ਆਪਣੇ ਸਕੱਤਰੇਤ ਵਿਚਲੇ ਦਫ਼ਤਰ ਜਾਣ ਅਤੇ ਸਰਕਾਰੀ ਕੰਮ ਕਰਨ ਤੋਂ ਅਸਮਰਥਾ ਜ਼ਾਹਿਰ ਕੀਤੀ ਹੈ ਜਿੰਨਾ ਚਿਰ ਉਨ੍ਹਾਂ ਦੇ ਖ਼ਿਲਾਫ਼ ਹਾਈ ਕੋਰਟ ਵਿਚ ਪਾਈ ਗਈ ਪਟੀਸ਼ਨ ਦਾ ਨਿਰਨਾ ਨਹੀਂ ਹੁੰਦਾ . ਇਸ ਪਟੀਸ਼ਨ ਰਾਹੀਂ ਸੁਰੇਸ਼ ਕੁਮਾਰ ਦੀ ਮੁੱਖ ਮੰਤਰੀ ਦੇ ਚੀਫ਼ ਵਜੋਂ ਨਿਯੁਕਤੀ ਨੂੰ ਚੁਣੌਤੀ ਦਿੱਤੀ ਗਈ ਸੀ . ਨਿਯੁਕਤੀ ਨੂੰ ਸਰਕਾਰੀ ਨਿਯਮਾਂ ਦੇ ਖ਼ਿਲਾਫ਼ ਕਰਾਰ ਦਿੰਦੇ ਹੋਏ , ਸੁਰੇਸ਼ ਕੁਮਾਰ ਦੀਆਂ ਸੇਵਾ ਸ਼ਰਤਾਂ ਤੇ ਵੀ ਸਵਾਲ ਖੜ੍ਹੇ ਕੀਤੇ ਗਏ ਸਨ .ਰਮਨਦੀਪ ਨਾਮੀ ਇੱਕ ਵਕੀਲ ਵੱਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ ਦੀ ਸੁਣਵਾਈ ਤੋਂ ਹਾਈ ਕੋਰਟ ਨੇ 30 ਅਗਸਤ ਲਈ ਪੰਜਾਬ ਸਰਕਾਰ , ਕੇਂਦਰ ਸਰਕਾਰ ਸਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਸੀ . ਸੁਰੇਸ਼ ਕੁਮਾਰ ਨੂੰ ਵੀ ਇਸ ਵਿਚ ਇੱਕ ਜਵਾਬਦੇਹ ਧਿਰ ਬਣਾਇਆ ਗਿਆ ਹੈ . 2 ਅਗਸਤ ਨੂੰ ਇਹ ਨੋਟਿਸ ਜਾਰੀ ਹੋਣ ਤੋਂ ਬਾਅਦ ਸੁਰੇਸ਼ ਕੁਮਾਰ ਆਪਣੇ ਦਫ਼ਤਰ ਵੀ ਨਹੀਂ ਗਏ ਅਤੇ ਉਨ੍ਹਾਂ ਨੇ ਪਹਿਲਾਂ ਹੀ ਤਹਿ ਕੀਤੀਆਂ ਸਰਕਾਰੀ ਮੀਟਿੰਗਾਂ ਵਿਚ ਵੀ ਹਿੱਸਾ ਨਹੀਂ ਲਿਆ ਜਿਨ੍ਹਾਂ ਵਿਚ ਸੀ ਐਮ ਦੀ ਮੀਟਿੰਗ ਵੀ ਸ਼ਾਮਲ ਸੀ .
ਬਾਬੂਸ਼ਾਹੀ ਦੇ ਭਰੋਸੇ ਯੋਗ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੀ ਤਰਫ਼ੋਂ ਪੰਜਾਬ ਦੇ ਦੋ ਵਜ਼ੀਰਾਂ ਨੇ ਵੀ ਕੱਲ੍ਹ ਸੁਰੇਸ਼ ਕੁਮਾਰ ਦੀ 16 ਸੈਕਟਰ ਵਿਚਲੀ ਰਿਹਾਇਸ਼ ਤੇ ਜਾ ਕੇ ਉਨ੍ਹਾਂ ਨੂੰ ਮਨਾਉਣ ਦਾ ਵੀ ਯਤਨ ਕੀਤਾ ਪਰ ਨਾਲ ਹੀ ਇਹ ਵੀ ਭਰੋਸਾ ਦਿਵਾਇਆ ਕਿ ਉਹ ਸੁਰੇਸ਼ ਕੁਮਾਰ ਦਾ ਪੂਰਾ ਸਾਥ ਦੇਣਗੇ . ਇਨ੍ਹਾਂ ਵਿਚ ਇੱਕ ਬਹੁਤ ਸੀਨੀਅਰ ਵਜ਼ੀਰ ਵੀ ਸ਼ਾਮਲ ਸੀ .
ਇਹ ਵੀ ਪਤਾ ਲੱਗਾ ਹੈ ਸੁਰੇਸ਼ ਕੁਮਾਰ ਨੇ ਇਹ ਸੰਕੇਤ ਦਿੱਤੇ ਕਿ ਉਹ ਅੱਜ ਭਾਵ 4 ਅਗਸਤ ਨੂੰ ਤੀਜੇ ਪਹਿਰ ਹੋਣ ਵਾਲੀ ਕੈਬਿਨੇਟ ਮੀਟਿੰਗ ਵਿਚ ਵੀ ਨਹੀਂ ਜਾਣਗੇ .
ਇਹ ਵੀ ਜਾਣਕਾਰੀ ਮਿਲੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਸੁਰੇਸ਼ ਕੁਮਾਰ ਨੂੰ ਪੂਰੀ ਹਿਮਾਇਤ ਦਾ ਭਰੋਸਾ ਵੀ ਦਿੱਤੇ ਅਤੇ ਏ ਜੀ ਪੰਜਾਬ ਨੂੰ ਵੀ ਇਹ ਆਦੇਸ਼ ਦਿੱਤੇ ਕਿ ਸੁਰੇਸ਼ ਕੁਮਾਰ ਦੇ ਕੇਸ ਦੀ ਹਾਈ ਕੋਰਟ ਵਿਚ ਸਰਕਾਰ ਵੱਲੋਂ ਪੂਰੀ ਪੈਰਵਾਈ ਕੀਤੀ ਜਾਵੇ .ਇਹ ਸੰਭਾਵਨਾ ਹੈ ਕਿ ਮੁੱਖ ਮੰਤਰੀ ਅੱਜ ਖ਼ੁਦ ਸੁਰੇਸ਼ ਕੁਮਾਰ ਨੂੰ ਬੁਲਾ ਕੇ ਉਸ ਨਾਲ ਗੱਲ ਕਰਨਗੇ . ਇਨ੍ਹਾਂ ਵਿਚੋਂ ਇੱਕ ਵਜ਼ੀਰ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਇਹ ਮਾਮਲਾ ਤਾਂ ਸੀ ਐਮ ਸਹਿਮ ਹੀ ਹਾਲ ਕਰਨਗੇ ਪਰ ਅਸੀਂ ਸੁਰੇਸ਼ ਕੁਮਾਰ ਦੇ ਨਾਲ ਹਾਂ . ਉਹ ਇੱਕ ਇਮਾਨਦਾਰ ਅਤੇ ਕਾਬਲ ਅਫ਼ਸਰ ਹੈ . ਇਸ ਲਈ ਉਸ ਦੀ ਹਰ ਮਦਦ ਕਰਾਂਗੇ .
ਜ਼ਾਹਿਰਾ ਤੌਰ'ਤੇ ਭਾਵੇਂ ਸੁਰੇਸ਼ ਕੁਮਾਰ ਵੱਲੋਂ ਦਫ਼ਤਰ ਜਾਣੋ ਮਨ੍ਹਾ ਕਰਨ ਦੇ ਕਦਮ ਪਿੱਛੇ ਹਾਈ ਕੋਰਟ ਦੇ ਕੇਸ ਨੂੰ ਹੀ ਬਣਾਇਆ ਗਿਆ ਹੈ ਪਰ ਗੱਲ ਸਿਰਫ਼ ਇੰਨੀ ਹੀ ਨਹੀਂ . ਅਸਲ ਵਿਚ ਮੁੱਖ ਮੰਤਰੀ ਦਫ਼ਤਰ ਦੇ ਇੱਕ ਹਿੱਸੇ ਵੱਲੋਂ ਇਸ ਕਾਰਵਾਈ ਨੂੰ ਦਰਬਾਰੀ ਸਾਜ਼ਿਸ਼ ਦਾ ਇੱਕ ਹਿੱਸਾ ਸਮਝਿਆ ਜਾ ਰਿਹਾ ਹੈ ਜਿਸ ਲਈ ਸਰਕਾਰ ਤੋਂ ਬਾਹਰਲੇ ਵਸੀਲਿਆਂ ਦੀ ਵਰਤੋਂ ਕੀਤੀ ਗਈ ਹੈ . ਪੰਜਾਬੀ ਟ੍ਰਿਬਿਊਨ ਦੇ ਇੱਕ ਸੀਨੀਅਰ ਰਿਪੋਰਟਰ ਨੇ ਇਸ ਮਾਮਲੇ ਬਾਰੇ ਪ੍ਰਕਾਸ਼ਿਤ ਕੀਤੀ ਖ਼ਬਰ ਵਿਚ ਇਸ ਕਥਿਤ ਸਾਜ਼ਿਸ਼ ਦੇ ਸ਼ੱਕੀ ਬੰਦਿਆਂ ਵੱਲ ਇਸ਼ਾਰੇ ਵੀ ਕੀਤੇ ਹਨ .
ਚੇਤੇ ਰਹੇ ਕਿ ਸੁਰੇਸ਼ ਕੁਮਾਰ ਇੱਕ ਇਮਾਨਦਾਰ ਅਤੇ ਦਿਆਨਤਦਾਰ ਆਲ੍ਹਾ ਅਫ਼ਸਰ ਵਜੋਂ ਵਿਚਰਦੇ ਰਹੇ ਹਨ .ਉਹ ਬਾਦਲ ਸਰਕਾਰ ਅਤੇ ਕੈਪਟਨ ਸਰਕਾਰ ਭਾਵ ਦੋਨਾਂ ਸਰਕਾਰਾਂ ਵਿਚ ਬਹੁਤ ਅਹਿਮ ਅਹੁਦਿਆਂ ਤੇ ਰਹੇ ਹਨ ਪਰ ਉਨ੍ਹਾਂ ਦਾ ਆਈ ਏ ਐਸ ਵਜੋਂ ਸੇਵਾ ਕਾਲ ਵੀ ਬੇਦਾਗ਼ ਰਿਹਾ ਹੈ ਅਤੇ ਹੁਣ ਵੀ ਮੁੱਖ ਮੰਤਰੀ ਦਫ਼ਤਰ ਦੀ ਪੂਰੀ ਕਮਾਂਡ ਹੱਥ ਵਿਚ ਹੈ ਪਰ ਬੇਨਿਯਮੀਆਂ ਜਾਂ ਭ੍ਰਿਸ਼ਟਾਚਾਰ ਪੱਖੋਂ ਕੋਈ ਕਿੰਤੂ-ਪ੍ਰੰਤੂ ਨਹੀਂ ਉੱਠੇ .
ਇਹ ਜ਼ਰੂਰ ਹੋ ਸਕਦਾ ਹੈ ਕਿ , ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਰੇਸ਼ ਕੁਮਾਰ ਤੇ ਬੇਹੱਦ ਭਰੋਸਾ ਕੀਤੇ ਜਾਣ ਅਤੇ ਉਨ੍ਹਾਂ ਨੂੰ ਸਰਕਾਰ ਦੀ ਸਾਰੀ ਪ੍ਰਸ਼ਾਸਕੀ ਕਮਾਂਡ ਸੰਭਾਲਣ ਦੀ ਕਾਰਜ-ਸ਼ੈਲੀ -ਕੁੱਝ ਸਿਆਸਤਦਾਨਾਂ ਜਾਂ ਅਫ਼ਸਰਸ਼ਾਹੀ ਦੇ ਕਿਸੇ ਹਿੱਸੇ ਨੂੰ ਰਾਸ ਨਾ ਆਉਂਦੀ ਹੋਵੇ .
Posted at 10.40 am on august 04,2017
ਸੁਰੇਸ਼ ਕੁਮਾਰ ਮਾਮਲੇ ਬਾਰੇ ਪੰਜਾਬੀ ਟ੍ਰਿਬਿਊਨ ਵਿੱਚ ਛਪੀ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਦੀ ਰਿਪੋਰਟ ਦਾ ਲਿੰਕ :
http://punjabitribuneonline.com/2017/08/%E0%A8%95%E0%A9%88%E0%A8%AA%E0%A8%9F%E0%A8%A8-%E0%A8%A6%E0%A9%80-%E0%A8%AC%E0%A9%87%E0%A9%9C%E0%A9%80-%E0%A8%B5%E0%A8%BF%E0%A9%B1%E0%A8%9A-%E0%A8%B5%E0%A9%B1%E0%A8%9F%E0%A9%87-%E0%A8%AA%E0%A8%BE/