ਮੇਰੇ ਮੀਡੀਆ ਕੈਰੀਅਰ ਦੀ ਬਣੀ ਇੱਕ ਯਾਦਗਾਰੀ ਸ਼ਾਮ
1994 ਵਿਚ ਕਿਵੇਂ ਬਰੇਕ ਹੋਈ ਸੀ ਕਾਤੀਆ ਅਗਵਾ ਕਾਂਡ ਦੀ ਨਿਊਜ਼ ਸਟੋਰੀ ... ?
ਬਲਜੀਤ ਬੱਲੀ
ਪਹਿਲੀ ਸਤੰਬਰ 1994 ਦਾ ਤੀਜੇ ਪਹਿਰ ਦੀ ਗੱਲ ਹੈ . ਮੈਂ ਚੰਡੀਗੜ੍ਹ ਦੇ ਸੈਕਟਰ 22-ਬੀ ਵਿਚਲੇ ਅਜੀਤ ਦੇ ਦਫ਼ਤਰ ਵਿਚ ਬੈਠਾ ਖ਼ਬਰਾਂ ਲਿਖ ਰਿਹਾ ਸੀ . ਮੁਹਾਲੀ ਤੋਂ ਕਿਸੇ ਸੱਜਣ ਦਾ ਫ਼ੋਨ ਆਇਆ .ਪੁੱਛਣ ਲੱਗਾ ਕਿ ਤੁਹਾਨੂੰ ਪਤਾ ਐ ਕਿ ਰਾਤੀਂ ਅਰੋਮਾ ਕੋਲੋਂ ਇੱਕ ਗੋਰੀ ਕੁੜੀ ਅਗਵਾ ਕਰ ਲਈ ਗਈ ਸੀ ? ਮੈਂ ਕਿਹਾ ਨਹੀਂ . ਉਸ ਨੇ ਥੋੜ੍ਹਾ ਜਿਹਾ ਵੇਰਵਾ ਦੱਸਿਆ ਕਿ ਉਹ ਕੁੜੀ ਆਪਣੇ ਇੱਕ ਦੋਸਤ ਨਾਲ ਥ੍ਰੀ ਵੀਲ੍ਹਰ ਤੇ ਆਈ ਸੀ ਅਰੋਮਾ ਦੀ ਨਾਈਟ ਕਾਫ਼ੀ ਸ਼ਾਪ ਤੇ . ਉੱਥੇ 5-6 ਮੁੰਡੇ ਸੀ . ਪਹਿਲਾਂ ਉਸ ਨਾਲ ਗੱਲਾਂ ਕਰਦੇ ਰਹੇ ਫੇਰ ਉਸ ਨੂੰ ਜਬਰੀ ਆਪਣੀ ਕਾਰ ਵਿਚ ਬਿਠਾ ਕੇ ਲੈ ਗਏ . ਉਸ ਨੇ ਦੱਸਿਆ ਕਾਰ ਲਾਲ ਬੱਤੀ ਵਾਲੀ ਗੱਡੀ ਵੀ ਸੀ ਤੇ ਨਾਲੇ ਗੰਨਮੈਨ ਵੀ ਸਨ . ਉਸ ਨੇ ਇਹ ਵੀ ਦੱਸਿਆ ਮਾਮਲਾ ਪੁਲਿਸ ਕੋਲ ਵੀ ਗਿਆ ਹੈ .
ਮੈਂ ਕਿਹਾ ਅੱਛਾ , ਪਤਾ ਕਰਦੇ ਹਾਂ . ਯਾਦ ਕਰਾਂ ਦਿਆਂ ਕਿ ਉਦੋਂ ਸਿਰਫ਼ ਲੈਂਡ ਲਾਈਨ ਫ਼ੋਨ ਹੀ ਹੁੰਦੇ ਸੀ .
ਅਰੋਮਾ ਹੋਟਲ, ਐਨ ਸਾਡੇ ਉਸ ਦਫ਼ਤਰ ਦੇ ਸਾਹਮਣੇ ਹੀ ਸੀ . ਇਸਦੇ ਮਾਲਕ ਮਨਮੋਹਨ ਸਿੰਘ ਨੇ ਰਾਤ ਭਰ ਚੱਲਣ ਵਾਲਾ ਰੈਸਟੋਰੈਂਟ ਕੁੱਝ ਸਮਾਂ ਪਹਿਲਾਂ ਹੀ ਸ਼ੁਰੂ ਕੀਤਾ ਸੀ .
ਮੈਂ ਉੱਥੇ ਗਿਆ . ਪਤਾ-ਸੁਤਾ ਕੀਤਾ . ਇਨ੍ਹਾਂ ਕੁ ਸੁਰਾਗ ਮਿਲਿਆ ਕਿ ਇੱਕ ਗੋਰੀ ਕੁੜੀ ਇੱਕ ਅਫ਼ਰੀਕੀ ਮੁੰਡੇ ਅਤੇ ਇੱਕ ਅਫ਼ਰੀਕਣ ਕੁੜੀ ਨਾਲ ਅੱਧੀ ਰਾਤ ਨੂੰ ਅਰੋਮਾ ਵਿਚੋਂ ਖਾਣਾ ਖ਼ਾਕੇ ਗਈ ਸੀ . ਇਹ ਵੀ ਪਤਾ ਲੱਗਾ ਬਾਹਰ ਸੜਕ ਤੇ ਕੁੱਝ ਮੁੰਡੇ ਇੱਕ ਗੋਰੀ ਕੁੜੀ ਅਤੇ ਉਸ ਦੇ ਦੋਸਤ ਨਾਲ ਉਲਝ ਰਹੇ ਸੀ . ਇਸ ਤੋਂ ਵੱਧ ਕੁੱਝ ਨਹੀਂ .
ਜ਼ੁਕਾਮ ਨਾਲ ਮੇਰੀ ਉਸ ਦਿਨ ਤਬੀਅਤ ਠੀਕ ਨਹੀਂ ਸੀ . ਥੋੜ੍ਹਾ ਬੁਖ਼ਾਰ ਜਿਹਾ ਵੀ ਸ਼ੁਰੂ ਹੋ ਰਿਹਾ ਸੀ .ਮੈਂ ਇੱਧਰ ਉੱਧਰ ਫ਼ੋਨ ਕੀਤੇ ਪਰ ਕੋਈ ਜਾਣਕਾਰੀ ਨਹੀਂ ਮਿਲੀ . ਇੰਨੇ ਨੂੰ ਮੇਰੇ ਸਾਥੀ ਅਜਾਇਬ ਔਜਲਾ ਹੋਰੀਂ ਆ ਗਏ . ਮੈਂ ਮੈਂ ਗੋਰੀ ਕੁੜੀ ਵੱਲ ਸੁਣੀ ਗੱਲ ਉਸ ਨਾਲ ਸ਼ੇਅਰ ਕੀਤੀ . ਮੈਂ ਦੱਸਿਆ ਕਿ ਮੇਰੀ ਤਬੀਅਤ ਠੀਕ ਨਹੀਂ ,ਮੇਰੇ ਲਈ ਸਕੂਟਰ ਚਲਾਉਣਾ ਔਖੈ . ਔਜਲਾ ਕਹਿਣ ਲੱਗਾ , "ਆਓ ਮੇਰੇ ਮੋਟਰ -ਸਾਈਕਲ ਤੇ ਚਲਦੇ ਹਾਂ ."
ਅਸੀਂ ਦੋਵੇਂ ਉਸ ਦੇ ਰਾਜਦੂਤ ਮੋਟਰਸਾਈਕਲ ਤੇ ਚੱਲ ਪਏ . ਏਨੇ ਨੂੰ ਸ਼ਾਮ ਦੇ 6 ਕੁ ਵੱਜ ਗਏ ਸਨ . ਪਹਿਲਾਂ ਅਸੀਂ ਪੁਲਿਸ ਵਾਲਿਆਂ ਕੋਲ ਫ਼ੇਜ਼ 8 ਦੇ ਥਾਣੇ ਗਏ . ਇੰਨਾ ਜ਼ਰੂਰ ਪਤਾ ਲੱਗਾ ਕਿ ਥਾਣੇ ਵਿਚ ਉਹ ਗੋਰੀ ਕੁੜੀ ਆਈ ਵੀ ਤੇ ਪੁਲਿਸ ਵਾਲਿਆਂ ਉਸ ਦੇ ਬਿਆਨ ਵੀ ਦਰਜ ਕੀਤੇ ਸਨ ਪਰ ਇਸ ਤੋਂ ਵੱਧ ਕੋਈ ਦੱਸਣ ਲਈ ਤਿਆਰ ਨਹੀਂ ਸੀ . ਜਦੋਂ ਅਸੀਂ ਚੱਲਣ ਲੱਗੇ ਤਾਂ ਇੱਕ ਸਿਪਾਹੀ ਸਾਡੇ ਕੰਨ ਵਿਚ ਇਹ ਗੱਲ ਪਾ ਦਿੱਤੀ ਕਿ ਉਹ ਫ਼ੇਜ਼ 9 ਵਿਚ ਕਿਸੇ ਘਰ ਵਿਚ ਠਹਿਰੀ ਹੋਈ ਹੈ . ਮਕਾਨ ਨੰਬਰ ਉਸ ਨੇ ਨਹੀਂ ਦੱਸਿਆ .
ਉਦੋਂ ਮੁਹਾਲੀ ਦੀ ਆਬਾਦੀ ਬਹੁਤੀ ਨਹੀਂ ਸੀ ਖ਼ਾਸ ਕਰ ਕੇ ਨਵੇਂ ਵਿਕਸਤ ਹੋ ਰਹੇ ਫ਼ੇਜ਼ 9 ਵਿਚ . ਅਸੀਂ ਪੁੱਛ ਪਛਾ ਕੇ ਉਹ ਆਖ਼ਰ ਉਹ ਘਰ ਲੱਭ ਹੀ ਲਿਆ ਜਿੱਥੇ ਉਹ ਠਹਿਰੀ ਹੋਈ ਸੀ . ਇਹ ਮਕਾਨ ਨੰਬਰ 1247 ਸੀ .
ਪਤਾ ਲੱਗਾ ਕਿ ਉਹ ਗੋਰੀ ਕੁੜੀ ਆਪਣੇ ਇੱਕ ਅਫ਼ਰੀਕਣ ਦੋਸਤ ਜੇਮਜ਼ ਫਿਲਿਪਸ ਅਤੇ ਉਸ ਦੀ ਪਤਨੀ ਨਾਲ ਰਹਿ ਰਹੀ ਸੀ ਜਿਹੜੇ ਕਿ ਖ਼ੁਦ ਇਸ ਘਰ ਦੇ ਇੱਕ ਹਿੱਸੇ ਵਿਚ ਕਿਰਾਏ ਤੇ ਰਹਿੰਦੇ ਸਨ।
ਅਸੀਂ ਦਰਵਾਜ਼ੇ 'ਤੇ ਬੈੱਲ ਦਿੱਤੀ . ਅੰਦਰੋਂ ਇੱਕ ਔਰਤ ਦੀ ਆਵਾਜ਼ ਆਈ . ਉਸ ਨੇ ਜਾਅਲੀ ਵਾਲਾ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਅੰਦਰੋਂ ਹੀ ਗੱਲ ਕੀਤੀ . ਉਹ ਜੇਮਜ਼ ਦੀ ਪਤਨੀ ਸੀ . ਉਹ ਬਹੁਤ ਡਰੀ ਹੋਈ ਸੀ . ਇੱਥੋਂ ਤੱਕ ਕਿ ਉਨ੍ਹਾਂ ਨੇ ਕਮਰੇ ਅੰਦਰਲੇ ਲਾਈਟ ਵੀ ਨਹੀਂ ਜਗਾਈ .ਸਾਨੂੰ ਜਾਅਲੀ ਵਿਚੋਂ ਗੋਰੀ ਕੁੜੀ ਦੇ ਅਗਵਾ ਦੀ ਦਾ ਕਿੱਸਾ ਸੰਖੇਪ ਜਿਹੇ ਸ਼ਬਦਾਂ ਵਿਚ ਉਸ ਨੇ ਸੁਣਾਇਆ .ਉਦੋਂ ਪਤਾ ਲੱਗਾ ਕਿ ਅਗਵਾ ਦੀ ਘਟਨਾ ਮੁਹਾਲੀ ਦੇ ਇਸ ਘਰ ਵਿਚੋਂ ਹੋਈ ਸੀ ਅਤੇ ਮੁੰਡਿਆਂ ਨੇ ਪਿੱਛਾ ਅਰੋਮਾ ਚੌਂਕ ਤੋਂ ਸ਼ੁਰੂ ਕੀਤਾ ਸੀ .
ਸਾਨੂੰ ਉਸ ਕੁੜੀ ਦੇ ਮੁਲਕ ਅਤੇ ਉਸ ਦੇ ਨਾਂ ਕਾਤੀਆ ਦਾ ਉਦੋਂ ਹੀ ਪਤਾ ਲੱਗਾ ਪਰ ਉਦੋਂ ਖ਼ਬਰਾਂ ਵਿਚ ਅਸੀਂ ਉਸ ਨੂੰ ਕੇਤੀਆ ਹੀ ਲਿਖਦੇ ਰਹੇ ਸੀ . ਜੇਮਜ਼ ਦੀ ਪਤਨੀ ਦੇ ਦੱਸਣ ਮੁਤਾਬਿਕ ਅੱਧੀ ਰਾਤ ਤੋਂ ਬਾਅਦ 2 ਤੋਂ ਤਿੰਨ ਵਜੇ ਦਰਮਿਆਨ ਬੰਦੂਕ ਧਾਰੀ ਗੰਨਮੈਨ ਅਤੇ ਕੁੱਝ ਮੁੰਡੇ ਜਬਰੀ ਕਾਤੀਆ ਨੂੰ ਇੱਕ ਜਿਪਸੀ ਵਿਚ ਚੁੱਕ ਕੇ ਲੈ ਗਏ ਸਨ . ਵਿਰੋਧ ਕਰਨ ਉਨ੍ਹਾਂ ਦੇ ਰਫ਼ਲਾਂ ਬੱਟਾਂ ਮਾਰੀਆਂ ਗਈਆਂ ਅਤੇ ਧਮਕੀਆਂ ਦਿੱਤੀਆਂ ਗਈਆਂ . ਇਹ ਵੀ ਦੱਸਿਆ ਕਿ ਕਾਤੀਆ , ਉਸ ਦਿਨ ਸਵੇਰੇ 9 ਵਜੇ ਵਾਪਸ ਇਕੱਲੀ ਹੀ ਪਰਤੀ ਸੀ . ਇਸ ਤੋਂ ਬਾਅਦ ਉਸ ਨੂੰ ਪੁਲਿਸ ਟੀਮ , ਜਗਾ ਅਤੇ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਲਈ ਨਾਲ ਲੈ ਗਈ ਸੀ .
ਉਸ ਨੇ ਇਹ ਵੀ ਦੱਸਿਆ ਕਿ ਪੁਲਿਸ ਦਿੱਤੀ ਸ਼ਿਕਾਇਤ ਵਿਚ ਕਾਤੀਆ ਨੇ ਇਹ ਲਿਖਿਆ ਹੈ ਕਿ ਦੋਸ਼ੀਆਂ ਨੇ ਉਸ ਦੀ ਇੱਜ਼ਤ ਨਾਲ ਵੀ ਖਿਲਵਾੜ ਕੀਤਾ ਗਿਆ ਸੀ ਪਰ ਉਹ ਮੌਕਾ ਪਾ ਕੇ ਉਨ੍ਹਾਂ ਦੇ ਚੁੰਗਲ ਵਿਚੋਂ ਬਚ ਕੇ ਭੱਜਣ ਵਿਚ ਕਾਮਯਾਬ ਹੋ ਗਈ ਸੀ
ਮੇਰੇ ਅਤੇ ਔਜਲਾ ਵੱਲੋਂ ਇਹ ਗੱਲਬਾਤ ਕਰਦੇ ਤੱਕ ਹਨੇਰਾ ਹੋਣ ਲੱਗਾ ਸੀ . ਅਸੀਂ ਸੋਚਿਆ ਕਿ ਹੋਰ ਵੇਰਵੇ ਲੱਭਣ ਲੱਗੇ ਤਾਂ ਖ਼ਬਰ ਭੇਜਣੀ ਵੀ ਮੁਸ਼ਕਲ ਹੋ ਜਾਵੇਗੀ . ਉਦੋਂ ਅੱਜ ਵਾਂਗ ਕੰਪਿਊਟਰ ਅਤੇ ਇੰਟਰਨੈੱਟ ਦਾ ਯੁੱਗ ਨਹੀਂ ਸੀ . ਖ਼ਬਰਾਂ ਹੱਥ ਨਾਲ ਲਿਖ ਕੇ ਫੈਕਸ ਤੇ ਜਾਣ ਟੈਲੀਪ੍ਰਿੰਟਰ ਰਾਹੀਂ ਭੇਜੀਆਂ ਜਾਂਦੀਆਂ ਸਨ .
ਅਗਵਾਕਾਰ ਕੌਣ ਸਨ ? ਉਦੋਂ ਤੱਕ ਸ਼ਾਇਦ ਉਨ੍ਹਾਂ ਨੂੰ ਵੀ ਨਹੀਂ ਸੀ ਪਤਾ ਅਤੇ ਨਾ ਹੀ ਸਾਨੂੰ ਕੋਈ ਜਾਣਕਾਰੀ ਲੱਗੀ . ਬੱਸ ਇੰਨਾ ਹੀ ਪਤਾ ਸੀ ਕੋਈ ਵੀ ਆਈ ਪੀ ਕਾਕੇ ਸਨ ਅਤੇ ਉਨ੍ਹਾਂ ਕੋਲ ਇੱਕ ਗੱਡੀ ਸਰਕਾਰੀ ਵੀ ਸੀ . ਅਸੀਂ ਦਫ਼ਤਰ ਵਾਪਸ ਆਏ . ਖ਼ਬਰ ਭੇਜੀ .
ਮੈਨੂੰ ਯਾਦ ਹੈ ਕਿ ਅਜੀਤ ਦੇ ਪਹਿਲੇ ਸਫ਼ੇ ਤੇ ਉਹ ਖ਼ਬਰ ਹੇਠਾਂ ਨੂੰ ਲੰਬੇ ਜਿਹੇ ਦੋ ਕਾਲਮ ਵਿਚ ਛਪੀ ਸੀ . ਸਵੇਰੇ ਖ਼ਬਰ ਪੜ੍ਹ ਕੇ ਸਭ ਤੋਂ ਪਹਿਲਾ ਫ਼ੋਨ ਗੋਬਿੰਦ ਠੁਕਰਾਲ ਹੋਰਾਂ ਦਾ ਆਇਆ ਸੀ . ਖ਼ਬਰ ਛਪਣ ਤੋਂ ਬਾਅਦ ਤਾਂ ਫੇਰ ਮੀਡੀਆ , ਸਿਆਸੀ ਅਤੇ ਸਰਕਾਰੀ ਹਲਕਿਆਂ ਅੰਦਰ ਚਰਚਾ ਸ਼ੁਰੂ ਹੋ ਗਈ . ਕ੍ਰਾਈਮ ਰਿਪੋਰਟਰਾਂ ਦੀ ਸਰਗਰਮੀ ਸ਼ੁਰੂ ਹੋ ਗਈ . ਕੁੱਝ ਇੱਕ ਲੋਕਲ ਪੱਤਰਕਾਰਾਂ ਦੀ ਤਾਂ ਸੰਪਾਦਕਾਂ ਵੱਲੋਂ ਖਿਚਾਈ ਵੀ ਹੋਈ ਕਿ ਉਨ੍ਹਾਂ ਨੂੰ ਕਿਉਂ ਨਹੀਂ ਪਤਾ ਲੱਗੀ ਇਹ ਖ਼ਬਰ . ਪਹਿਲੀ ਰਿਪੋਰਟ ਅਗਵਾ ਅਤੇ ਬਲਾਤਕਾਰ ਦੀ ਸੀ ਪਰ ਬਾਅਦ ਵਿਚ ਬਲਾਤਕਾਰ ਦੀ ਪੁਸ਼ਟੀ ਨਹੀਂ ਸੀ ਹੋਈ .
ਅਸੀਂ ਫਿਰ ਇਸ ਨੂੰ " ਅਗਵਾ ਅਤੇ ਜਿਸਮਾਨੀ ਛੇੜਖ਼ਾਨੀ " ਦੀ ਵਾਰਦਾਤ ਲਿਖਣਾ ਸ਼ੁਰੂ ਕਰ ਦਿੱਤਾ ਸੀ .ਜਦੋਂ ਦੋ ਸਤੰਬਰ ਨੂੰ ਅਸੀਂ ਉਸਨੂੰ ਇੰਟਰਵਿਊ ਕਰਦਿਆਂ ਬਲਾਤਕਾਰ ਬਾਰੇ ਪੁੱਛਿਆ ਤਾਂ ਉਸ ਨੇ ਉਸਦੇ ਦੋਸਤ ਨੇ ਖ਼ੁਦ ਹੀ ਇਹ ਸ਼ਬਦ ਵਰਤਣ ਤੋਂ ਮਨ੍ਹਾ ਕਰ ਦਿੱਤਾ ਸੀ.
2 ਸਤੰਬਰ ਨੂੰ ਮੈਂ ਤੇ ਉਸ ਵੇਲੇ ਅਜੀਤ ਵਿਚ ਮੇਰੇ ਸਾਥੀ ਫ਼ੋਟੋ ਗ੍ਰਾਫਰ ਟੀ ਐਸ ਬੇਦੀ ਨੇ ਸਵੇਰੇ -ਸਵੇਰੇ ਜਾ ਕੇ ਕਾਤੀਆ ਨਾਲ ਗੱਲਬਾਤ ਕੀਤੀ . ਉਹ ਬਹੁਤ ਮੁਸ਼ਕਲ ਨਾਲ ਗੱਲ ਕਰਨ ਲਈ ਤਿਆਰ ਹੋਈ ਅਤੇ ਕਹਿਣ ਲੱਗੀ ਉਹ ਦਸ ਵਾਰ ਸਾਰੀ ਕਹਾਣੀ ਪੁਲਿਸ ਨੂੰ ਸੁਣਾ ਚੁੱਕੀ ਸੀ . ਖ਼ੈਰ , ਅਗਲੇ ਦਿਨ ਅਜੀਤ ਵਿਚ ਵਿਚ ਉਸ ਦੀ ਤਸਵੀਰ ਵੀ ਸਟੋਰੀ ਦੇ ਨਾਲ ਪ੍ਰਕਾਸ਼ਿਤ ਕੀਤੀ . ਉਦੋਂ ਬਲਾਤਕਾਰ ਜਾਂ ਛੇੜ-ਛਾੜ ਦੀ ਸ਼ਿਕਾਰ ਔਰਤ ਦਾ ਨਾਂ ਜਾਂ ਫੋਟੋ ਪਰਕਾਸ਼ਤ ਕਰਨ ਤੇ ਕੋਈ ਕਾਨੂੰਨੀ ਪਾਬੰਦੀ ਨਹੀਂ ਸੀ
ਖ਼ੈਰ , ਉਸੇ ਦਿਨ ਦੁਪਹਿਰ ਤੱਕ , ਇਹ ਕਨਸੋਅ ਮਿਲਣੀ ਸ਼ੁਰੂ ਹੋ ਗਈ ਸੀ ਕਿ ਉਹ ਜਿਪਸੀ ਅਤੇ ਗੰਨਮੈਨ , ਸੀ ਐਮ ਦਫ਼ਤਰ ਨਾਲ ਸਬੰਧਤ ਸਨ ਅਤੇ ਮੁੱਖ ਮੰਤਰੀ ਦੇ ਪਰਿਵਾਰ ਵੱਲ ਉਂਗਲੀਆਂ ਉਠਣੀਆਂ ਸ਼ੁਰੂ ਹੋ ਗਈਆਂ ਸਨ .
2 ਸਤੰਬਰ ਨੂੰ ਮੈਂ ਤੇ ਉਸ ਵੇਲੇ ਅਜੀਤ ਵਿਚ ਮੇਰੇ ਸਾਥੀ ਫ਼ੋਟੋ ਗ੍ਰਾਫਰ ਟੀ ਐਸ ਬੇਦੀ ਨੇ ਸਵੇਰੇ -ਸਵੇਰੇ ਜਾ ਕੇ ਕਾਤੀਆ ਨਾਲ ਗੱਲਬਾਤ ਕੀਤੀ . ਉਹ ਬਹੁਤ ਮੁਸ਼ਕਲ ਨਾਲ ਗੱਲ ਕਰਨ ਲਈ ਤਿਆਰ ਹੋਈ ਅਤੇ ਕਹਿਣ ਲੱਗੀ ਉਹ ਦਸ ਵਾਰ ਸਾਰੀ ਕਹਾਣੀ ਪੁਲਿਸ ਨੂੰ ਸੁਣਾ ਚੁੱਕੀ ਸੀ . ਖ਼ੈਰ , ਅਗਲੇ ਦਿਨ ਅਜੀਤ ਵਿਚ ਵਿਚ ਉਸ ਦੀ ਤਸਵੀਰ ਵੀ ਸਟੋਰੀ ਦੇ ਨਾਲ ਪ੍ਰਕਾਸ਼ਿਤ ਕੀਤੀ . ਉਦੋਂ ਬਲਾਤਕਾਰ ਜਾਂ ਛੇੜ-ਛਾੜ ਦੀ ਸ਼ਿਕਾਰ ਔਰਤ ਦਾ ਨਾਂ ਜਾਂ ਫੋਟੋ ਪਰਕਾਸ਼ਤ ਕਰਨ ਤੇ ਕੋਈ ਕਾਨੂੰਨੀ ਪਾਬੰਦੀ ਨਹੀਂ ਸੀ
ਇਸ ਤੋਂ ਇੱਕ ਦਿਨ ਬਾਅਦ ਅਸੀਂ ਮੁਹਾਲੀ ਦੇ ਇੰਡਸਟਰੀਅਲ ਏਰੀਆ ਦੀ ਉਹ ਇਮਾਰਤ ਵੀ ਲੱਭ ਲਈ ਜਿੱਥੇ ਕਾਤੀਆ ਨੂੰ ਰੱਖਿਆ ਗਿਆ ਸੀ . ਇਸ ਤੋਂ ਬਾਅਦ ਕਈ ਦਿਨ ਇਹ ਕਾਂਡ ਦੁਨੀਆ ਭਰ ਦੇ ਮੀਡੀਆ ਦੀਆਂ ਸੁਰਖ਼ੀਆਂ ਬਣਦਾ ਰਿਹਾ . ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ , ਉਸਦੀ ਸਰਕਾਰ ਅਤੇ ਕਾਂਗਰਸ ਪਾਰਟੀ ਲਈ ਇਹ ਘਟਨਾ ਬਹੁਤ ਸਿਆਸੀ ਨਮੋਸ਼ੀ ਵਾਲੀ ਸਬਾਤ ਹੋਈ ਸੀ . ਦੋਸ਼ੀ ਗ੍ਰਿਫ਼ਤਾਰ ਵੀ ਹੋ ਗਏ . ਜ਼ਮਾਨਤਾਂ ਤੇ ਵੀ ਆ ਗਏ ਅਤੇ ਆਖ਼ਰ 1999 ਵਿਚ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ " ਸਬੂਤਾਂ ਅਤੇ ਗਵਾਹੀਆਂ ਦੀ ਘਾਟ " ਕਰਕੇ ਉਨ੍ਹਾਂ ਨੂੰ ਬਰੀ ਵੀ ਕਰ ਦਿੱਤਾ .ਖ਼ੁਦ ਕਾਤੀਆ ਵੀ ਗਵਾਹੀ ਦੇਣ ਲਈ ਨਹੀਂ ਆਈ ਪਰ ਇੱਕ ਪੱਤਰਕਾਰ ਵਜੋਂ ਕਾਤੀਆ ਅਗਵਾ ਕੇਸ ਮੇਰੇ ਕੈਰੀਅਰ ਦੀ ਇੱਕ ਅਭੁੱਲ ਯਾਦ ਬਣ ਗਿਆ .ਮੇਰੇ ਕੋਲ ਇਸ ਕੇਸ ਨਾਲ ਸਬੰਧਤ ਅਜੀਤ ਵਿਚ ਪ੍ਰਕਾਸ਼ਤ ਆਪਣੀਆਂ ਸਾਰੀਆਂ ਰਿਪੋਰਟਾਂ ਅੱਜ ਵੀ ਸੰਭਾਲੀਆਂ ਹੋਈਆਂ ਹਨ
Posted on August.14 ,2017
ਸੰਪਾਦਕ
ਬਾਬੂਸ਼ਾਹੀ ਡਾਟ ਕਾਮ
ਚੰਡੀਗੜ੍ਹ
+91-9915177722