ਟਵਿੱਟਰ ਫੋਟੋ : ਆਦਮ ਸਕੋਟੀ
ਟਰੂਡੋ ਦਾ ਗਰਮਜੋਸ਼ੀ ਨਾਲ ਕਿਉਂ ਸਵਾਗਤ ਨਹੀਂ ਕੀਤਾ ਮੋਦੀ ਸਰਕਾਰ ਨੇ ?
ਅਮਰਿੰਦਰ -ਟਰੂਡੋ ਮਿਲਣੀ -ਪੰਜਾਬੀ ਜਗਤ ਲਈ ਨਵੀਆਂ ਉਮੀਦਾਂ
ਪਿਛਲੇ ਸਮੇਂ ਦੌਰਾਨ ਜਦੋਂ ਵੀ ਕੋਈ ਪ੍ਰਧਾਨ ਮੰਤਰੀ ਜਾਂ ਕਿਸੇ ਮੁਲਕ ਦਾ ਮੁਖੀ ਇੰਡੀਆ ਆਉਂਦਾ ਸੀ ਤਾਂ ਹਰ ਵਾਰ ਚਰਚਾ ਲਗਭਗ ਹਰ ਵਾਰ ਚਰਚਾ ਹੁੰਦੀ ਸੀ ਸਾਡੇ ਪ੍ਰਧਾਨ ਮੰਤਰੀ ਮੋਦੀ ਦੀਆਂ ਜੱਫੀਆਂ ਦੀ , ਪ੍ਰੋਟੋਕੋਲ ਤੋੜ ਕੇ ਅੱਗੇ ਵਧ ਕੇ ਗਰਮਜੋਸ਼ੀ ਨਾਲ ਸਵਾਗਤ ਕਰਨ ਦੀ , ਆਪਣੇ ਸੂਬੇ ਗੁਜਰਾਤ ਵਿਚ ਵਿਦੇਸ਼ੀ ਮਹਿਮਾਨ ਦੇ ਨਾਲੋਂ ਨਾਲ ਘੁੰਮ ਕੇ ਰੌਚਕ ਖ਼ਬਰਾਂ ਬਣਾਉਣ ਦੀ ਪਰ ਜਸਟਿਨ ਟਰੂਡੋ ਦੇ ਇੰਡੀਆ ਦੌਰੇ ਦੌਰਾਨ ਐਨ ਇਸ ਤੋਂ ਉਲਟੀ ਚਰਚਾ ਹੋ ਰਹੀ ਹੈ, ਸੁਰਖ਼ੀਆਂ ਵੀ ਉਲਟੀਆਂ ਬਣੀਆਂ ਨੇ .
ਸੋਸ਼ਲ ਮੀਡੀਆ ਤੋਂ ਇਲਾਵਾ ਕੈਨੇਡਾ ਅਤੇ ਦੁਨੀਆ ਦੇ ਕੁਝ ਛੋਟੀ ਦੇ ਨਿਊਜ਼ ਮੀਡੀਆ ਵਿਚ ਇਹ ਸੁਰਖ਼ੀਆਂ ਛਾਈਆਂ ਨੇ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਮੋਦੀ ਸਰਕਾਰ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਪ੍ਰਤੀ ਸਿਰਫ਼ ਬੇਰੁਖ਼ੀ ਹੀ ਨਹੀਂ ਦਿਖਾਈ ਸਗੋਂ ਹੱਤਕ-ਨੁਮਾ ਵਤੀਰਾ ਅਪਣਾਇਆ .ਬੀ ਬੀ ਸੀ ਨੇ ਇਸੇ ਮੁੱਦੇ ਤੇ ਲੰਮਾ ਚੌੜਾ ਵੇਰਵਾ ਵੀ ਪਾਇਆ ਹੈ ਜਿਸ ਤੇ ਖ਼ੂਬ ਟਿੱਪਣੀਆਂ ਸੋਸ਼ਲ ਮੀਡੀਆ 'ਤੇ ਹੋ ਰਹੀਆਂ ਨੇ .
ਟਰੂਡੋ ,ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਕੈਬਿਨੇਟ ਦੇ ਸੀਨੀਅਰ ਵਜ਼ੀਰਾਂ ਦੇ 7 ਰੋਜ਼ਾ ਭਾਰਤ ਦੌਰੇ ਦੇ ਪਹਿਲੇ ਤਿੰਨ ਦਿਨਾਂ ਦਾ ਰਿਕਾਰਡ ਇਸ ਪ੍ਰਭਾਵ ਦੀ ਪੁਸ਼ਟੀ ਕਰਦਾ ਹੈ .
ਦਿੱਲੀ ਪੁੱਜਣ ਤੇ ਟਰੂਡੋ ਦੇ ਸਵਾਗਤ ਲਈ ਮੋਦੀ ਸਰਕਾਰ ਦਾ ਸਿਰਫ਼ ਇੱਕ ਜੂਨੀਅਰ ਮੰਤਰੀ ਭੇਜਿਆ ਗਿਆ .ਅਗਲੇ ਦਿਨ ਆਗਰਾ ਵਿਚ ਤਾਜ ਮਹੱਲ ਦੇ ਦੌਰੇ ਦੌਰਾਨ , ਯੂ ਪੀ ਦੇ ਮੁੱਖ ਮੰਤਰੀ ਨੇ ਤਾਂ ਕੀ ਆਉਣਾ ਸੀ , ਕੋਈ ਵਜ਼ੀਰ ਵੀ ਨਹੀਂ ਗਿਆ ਸਵਾਗਤ ਲਈ . ਸਿਰਫ਼ ਹੇਠਲੇ ਪੱਧਰ ਦੇ ਅਫ਼ਸਰ ਹੀ ਭੇਜੇ ਗਏ .ਤੀਜਾ ਦਿਨ ਟਰੂਡੋ ਪਰਿਵਾਰ ਦੇ ਗੁਜਰਾਤ ਦੌਰੇ ਦਾ ਸੀ. ਉੱਥੇ ਵੀ ਸੂਬੇ ਦੇ ਮੁੱਖ ਮੰਤਰੀ ਨਹੀਂ ਉਨ੍ਹਾਂ ਦੇ ਸਵਾਗਤ ਲਈ ਆਏ . ਗੁਜਰਾਤ ਮੋਦੀ ਜੀ ਦਾ ਆਪਣਾ ਸੂਬਾ ਹੈ . ਚੀਨੀ ਮਹਿਮਾਨ ਆਵੇ ਜਾਂ ਜਾਪਾਨੀ , ਮੋਦੀ ਜੀ ਖ਼ੁਦ ਗੁਜਰਾਤ ਦਿਖਾਉਣ ਖ਼ੁਦ ਨਾਲ ਜਾਂਦੇ ਰਹੇ ਨੇ.
ਡਿਪਲੋਮੈਟਿਕ ਅਤੇ ਸਿਆਸੀ ਹਲਕਿਆਂ ਅਤੇ ਮੀਡੀਆ ਵਿਚ ਇਹ ਉਲਟੀ ਚਰਚਾ ਇਸ ਲਈ ਹੋ ਰਹੀ ਹੈ ਕਿਉਂਕਿ ਮੋਦੀ ਜੀ ਹੋਰ ਵਿਦੇਸ਼ ਮਹਿਮਾਨਾਂ ਲਈ ਜੋ ਗਰਮ ਜੋਸ਼ੀ ਅਤੇ ਅਪਣੱਤ ਦਿਖਾਉਂਦੇ ਰਹੇ ਨੇ ਅਤੇ ਪੱਬਾਂ ਭਾਰ ਹੋ ਕੇ ਉਨ੍ਹਾਂ ਦਾ ਸਵਾਗਤ ਕਰਦੇ ਰਹੇ ਨੇ , ਇਸ ਵਾਰ ਇਹ ਸਭ ਕੁਝ ਗ਼ਾਇਬ ਹੈ . ਹਰ ਜਗਾ ਮੋਦੀ ਜੀ ਅਤੇ ਮੋਦੀ ਸਰਕਾਰ ਵੱਲੋਂ ਅਜਿਹੇ ਵਿਦੇਸ਼ ਮਹਿਮਾਨਾਂ ਨਾਲ ਕੀਤੇ ਪਿਛਲੇ ਵਿਹਾਰ ਅਤੇ ਟਰੂਡੋ ਨਾਲ ਕੀਤੇ ਤਾਜ਼ਾ ਵਿਹਾਰ ਦੀ ਤੁਲਨਾ ਹੋ ਰਹੀ ਹੈ .
ਇਸਰਾਈਲੀ ਪ੍ਰਧਾਨ ਮੰਤਰੀ ਜਦੋਂ ਆਏ ਤਾਂ ਮੋਦੀ ਜੀ ਉਨ੍ਹਾਂ ਦੇ ਨਾਲੋਂ ਨਾਲ ਵੀ ਰਹੇ , ਯੂ ਪੀ ਦੇ ਮੁੱਖ ਮੰਤਰੀ ਯੋਗੀ ਖ਼ੁਦ ਸਵਾਗਤ ਲਈ ਹੱਥ ਫੈਲਾਈ ਖੜ੍ਹੇ ਸਨ. ਪ੍ਰਧਾਨ ਮੰਤਰੀ ਵੱਲੋਂ ਪ੍ਰੋਟੋਕੋਲ ਉਲੰਘ ਕੇ ਇਸਰਾਈਲੀ ਪ੍ਰਧਾਨ ਮੰਤਰੀ ਨਾਲ ਪਾਈਆਂ ਪਿਆਰ ਪੀਂਘਾਂ ਦੀ ਖ਼ਬਰਾਂ ਸਭ ਨੇ ਪੜ੍ਹੀਆਂ ਨੇ .ਹੈਰਾਨੀ ਇਸ ਗੱਲ ਤੇ ਵੀ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਮੋਦੀ ਜੀ ਨੇ ਟਵੀਟ ਕਰ ਕੇ ਟਰੂਡੋ ਨੂੰ 'ਜੀ ਆਇਆਂ' ਵੀ ਨਹੀਂ ਕਿਹਾ .
ਸਰਕਾਰੀ ਤੌਰ 'ਤੇ ਭਾਰਤੀ ਵਿਦੇਸ਼ ਮੰਤਰਾਲੇ ਜਾਂ ਸਰਕਾਰ ਵੱਲੋਂ ਕੁਝ ਨਹੀਂ ਕਿਹਾ ਗਿਆ ਪਰ ਮੋਦੀ ਸਰਕਾਰ ਵੱਲੋਂ ਆਪਣੇ ਅਮਲੀ ਵਿਹਾਰ ਰਾਹੀਂ ਇਹ ਸਿਗਨਲ ਦੇ ਦਿੱਤੇ ਹਨ ਕਿ ਇਹ ਸੋਚੀ ਸਮਝੀ ਡਿਪਲੋਮੈਟਿਕ ਖ਼ੁਸ਼ਕੀ ਦਿਖਾ ਰਹੀ ਹੈ .
ਕੈਨੇਡਾ ਅਤੇ ਯੂਰਪ ਦੇ ਮੀਡੀਆ ਵਿਚ ਮੋਦੀ ਸਰਕਾਰ ਦੇ ਠੰਢੇ ਵਤੀਰੇ ਦੀ ਹੋਈ ਚਰਚਾ ਨੂੰ ਕਾਟ ਕਰਨ ਲਈ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਆਫ਼ ਦ ਰਿਕਾਰਡ ਤਰੀਕੇ ਰਾਹੀਂ ਇਸ ਦੋਸ਼ ਨੂੰ ਨਕਾਰਨ ਦਾ ਯਤਨ ਕੀਤਾ ਗਿਆ ਹੈ .ਕਿਹਾ ਗਿਆ ਹੈ ਜੋ ਸਵਾਗਤ ਅਤੇ ਮਾਣ-ਸਤਿਕਾਰ ਵਿਦੇਸ਼ੀ ਮਹਿਮਾਨਾਂ ਲਈ ਪ੍ਰੋਟੋਕੋਲ ਦੇ ਹਿਸਾਬ ਨਾਲ ਬਣਦਾ ਸੀ ਉਹੀ ਟਰੂਡੋ ਨੂੰ ਦਿੱਤਾ ਗਿਆ ਹੈ .ਇਹ ਮੁੱਦਾ ਤਾਂ ਉੱਠਿਆ ਹੀ ਇਸ ਕਰਕੇ ਹੈ ਪਿਛਲੇ ਸਮੇਂ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਇਸ ਪ੍ਰੋਟੋਕੋਲ ਦੇ ਅਰਥ ਹੀ ਬਦਲ ਦਿੱਤੇ ਸਨ . ਉਹ 5 ਪ੍ਰਧਾਨ ਮੰਤਰੀਆਂ / ਮੁਲਕਾਂ ਦੇ ਮੁਖੀਆਂ ਨੂੰ ਏਅਰਪੋਰਟ ਜਾ ਕੇ ਸਵਾਗਤ ਕਰ ਚੁੱਕੇ ਨੇ .ਇਨ੍ਹਾਂ ਵਿਚ ਬਰਾਕ ਓਬਾਮਾ , ਇਸਰਾਈਲ ਦੇ ਪ੍ਰਧਾਨ ਮੰਤਰੀ , ਬੰਗਲਾਦੇਸ਼ ਦੇਸ਼ ਦੀ ਪ੍ਰਧਾਨ ਮੰਤਰੀ ਅਤੇ ਆਬੂ ਧਾਬੀ ਦੇ ਪ੍ਰਿੰਸ ( ਦੋ ਵਾਰੀ ) ਸ਼ਾਮਲ ਹਨ .
ਮੋਦੀ ਸਰਕਾਰ ਨੇ ਅਸਿੱਧੇ ਢੰਗ ਨਾਲ ਟਰੂਡੋ ਦੀ ਫੇਰੀ ਦੌਰਾਨ ਸਰਕਾਰੀ-ਕਾਰੋਬਾਰੀ ਮੀਟਿੰਗਾਂ ਦੀ ਸਮਾਂ-ਸੂਚੀ ਵਿਚ ਭਾਰਤ ਸਰਕਾਰ ਨਾਲ ਮੀਟਿੰਗਾਂ ਦੌਰੇ ਦੇ ਅਖੀਰ 'ਤੇ ਰੱਖਣ ਤੇ ਵੀ ਕਿੰਤੂ -ਪ੍ਰੰਤੂ ਉਠਾਏ ਨੇ .ਕੈਨੇਡਾ ਵਿਚੋਂ ਵੀ ਟਰੂਡੋ ਵਿਰੋਧੀਆਂ ਨੇ ਉਨ੍ਹਾਂ ਦੀ ਲੰਮੀ ਫੇਰੀ ਦੌਰਾਨ ਨਿੱਜੀ ਤੇ ਪਰਿਵਾਰਕ ਰੁਝੇਵਿਆਂ ਦੇ ਭਾਰੂ ਹੋਣ 'ਤੇ ਸਵਾਲ ਉਠਾਏ ਹਨ . ਪਰ ਇਸ ਸਭ ਕਾਸੇ ਦੇ ਬਾਵਜੂਦ ਇਸ ਸੱਚ ਨੂੰ ਅਣਗੌਲਿਆ ਨਹੀਂ ਕੀਤਾ ਸਕਦਾ ਕਿ ਮੋਦੀ ਸਰਕਾਰ ਨੇ ਆਪਣੇ ਮੁੱਢਲੇ ਵਿਹਾਰ ਰਾਹੀਂ ਡਿਪਲੋਮੈਟਿਕ ਨਾ-ਖ਼ੁਸ਼ੀ ਜ਼ਾਹਿਰ ਕੀਤੀ ਹੈ ਜਿਸ ਨੇ ਕੈਨੇਡਾ ਵਿਚ ਵੱਸੇ ਭਾਰਤੀ ਮੂਲ ਦੇ ਪਰਦੇਸੀਆਂ ਨੂੰ ਨਿਰਾਸ਼ ਕੀਤਾ ਹੈ . ਕਾਫੀ ਲੋਕ ਨਾਰਾਜ਼ ਵੀ ਹੋਏ ਨੇ .
ਹਰ ਜਗਾ ਇਹੀ ਸਵਾਲ ਖੜ੍ਹਾ ਕੀਤਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਨੇ ਟਰੂਡੋ ਦੇ ਮਾਮਲੇ ਵਿਚ ਉਦਾਸੀਨ ਰੁੱਖ ਕਿਉਂ ਅਖ਼ਤਿਆਰ ਕੀਤਾ ਹੈ ?
ਕੀ ਮੋਦੀ ਟਰੂਡੋ ਦੇ ਉਸ ਬਿਆਨ ਤੇ ਖ਼ਫ਼ਾ ਨੇ ਜਿਸ ਵਿਚ ਉਨ੍ਹਾਂ ਕਿਹਾ ਸੀ " ਮੇਰੀ ਕੈਬਿਨੇਟ ਵਿਚ ਮੋਦੀ ਸਰਕਾਰ ਨਾਲੋਂ ਵਧੇਰੇ ਸਿੱਖ ਹਨ ."
ਜਾਂ ਮੋਦੀ ਸਰਕਾਰ ਕੈਨੇਡਾ ਵਿਚ ਵੱਧ ਰਹੀਆਂ ਖਾਲਿਸਤਾਨੀ ਗਰੁੱਪਾਂ ਦੀਆਂ ਸਰਗਰਮੀਆਂ ਤੋ ਔਖੀ ਹੈ ਕਿ ਇਹ ਗਰੁੱਪ ਸ਼ਰੇਆਮ ਭਾਰਤ ਵਿਚ ਵੱਖ ਵੱਡੀ ਰੁਚੀਆਂ ਨੂੰ ਹਵਾ ਦਿੰਦੇ ਨੇ ਪਰ ਕੈਨੇਡਾ ਸਰਕਾਰ ਇੰਨਾ ਨੂੰ ਚੈੱਕ ਨਹੀਂ ਕਰ ਰਹੀ .ਇਨ੍ਹਾਂ ਗਰੁੱਪਾਂ ਅਤੇ ਵਿਅਕਤੀਆਂ ਨੂੰ ਐਨੀ ਬੇਲਾਗਮ ਖੁੱਲ੍ਹ ਗਈ ਹੈ ਕਿ ਹਾਲਾਤ ਅਜਿਹੇ ਬਣ ਗਏ ਨੇ ਕਿ ਇੰਡੀਆ ਤੋਂ ਗਏ ਸਿਆਸੀ ਨੇਤਾਵਾਂ ਜਾਂ ਅਹਿਮ ਹਸਤੀਆਂ ਦਾ ਕੈਨੇਡਾ ਵਿਚ ਦਾਖਲਾ ਵੀ ਮੁਸ਼ਕਲ ਹੋ ਗਿਆ ਹੈ .
ਇਸ ਤੋਂ ਇਲਾਵਾ ਸਿੱਖਾਂ ਦੇ ਇੱਕ ਹਿੱਸੇ ਵੱਲੋਂ ਉੱਥੋਂ ਦੇ ਗੁਰਦਵਾਰਿਆਂ ਵਿਚ ਭਾਰਤ ਸਰਕਾਰ ਦੇ ਅਧਿਕਾਰੀਆਂ ਅਤੇ ਡਿਪਲੋਮੈਟਿਕ ਨੁਮਾਇੰਦਿਆਂ ਦੇ ਦਾਖ਼ਲੇ ਤੇ ਪਾਬੰਦੀ -ਮੋਦੀ ਸਰਕਾਰ ਦੇ ਤਿੱਖੀ ਸੂਲ਼ ਵਾਂਗ ਚੁਭ ਰਹੀ ਹੈ ਕਿਉਂਕਿ ਇਸ ਨੇ ਅਮਰੀਕਾ , ਯੂ ਕੇ ਅਤੇ ਯੂਰਪ ਦੇ ਗੁਰਦਵਾਰਿਆਂ ਵਿਚ ਅਜਿਹੀ ਪਾਬੰਦੀ ਨੂੰ ਹਵਾ ਦਿੱਤੀ .ਹਾਲਾਂਕਿ ਇਸ ਮੁੱਦੇ ਤੇ ਉਥੋਂ ਦੇ ਸਾਰੇ ਗੁਰਦਵਾਰਾ ਪ੍ਰਬੰਧਕ ਇੱਕ-ਮੱਤ ਨਹੀਂ ਅਤੇ ਅੰਦਰੋਂ ਇਸ ਦਾ ਵਿਰੋਧ ਵੀ ਹੋਇਆ ਹੈ ਇਸ ਮੁੱਦੇ ਤੇ ਮੋਦੀ ਸਰਕਾਰ ਅਤੇ ਇਸ ਦੀਆਂ ਏਜੰਸੀਆਂ ਅਤੇ ਖ਼ਾਸ ਕਰਕੇ ਵਿਦੇਸ਼ ਮਹਿਕਮੇ ਦੇ ਆਲ੍ਹਾ ਅਫ਼ਸਰ ਬਹੁਤ ਬੇਚੈਨ ਅਤੇ ਖ਼ਫ਼ਾ ਹਨ ਕਿ ਕੈਨੇਡਾ ਦੇ ਸਰਕਾਰੀ ਅਤੇ ਗੈਰ-ਸਰਕਾਰੀ ਨੇਤਾ ਲੋਕ ਰਾਜੀ, ਮਨੁੱਖੀ ਅਤੇ ਘੱਟ ਗਿਣਤੀ ਅਧਿਕਾਰਾਂ ਦੀ ਰਾਖੀ ਦੀ ਆੜ ਹੇਠ ਆਪਣੀ ਵੋਟ-ਰਾਜਨੀਤੀ ਲਈ ਖਾਲਿਸਤਾਨੀਆਂ ਅਤੇ ਹੋਰ ਭਾਰਤ ਵਿਰੋਧੀਆਂ ਅੱਗੇ ਲਿਫ ਜਾਂਦੇ ਨੇ ਜਾਂ ਉਨ੍ਹਾਂ ਨਾਲ ਬੇ ਐਲਾਨੇ ਸਮਝੌਤੇ ਕਰਦੇ ਨੇ.
ਇਹ ਦੋਸ਼ ਕੈਨੇਡਾ ਵਿਚਲੇ ਐਨ ਆਰ ਆਈਜ਼ ਦਾ ਇੱਕ ਹਿੱਸਾ ਵੀ ਲਾਉਂਦਾ ਰਿਹਾ ਹੈ . ਆਪਣੇ ਖ਼ਾਲਿਸਤਾਨ-ਵਿਰੋਧੀ ਅਤੇ ਲਿਬਰਲ ਵਿਚਾਰਾਂ ਲਈ ਚਰਚਿਤ ਰਹੇ ਕੈਨੇਡਾ ਦੇ ਸਾਬਕਾ ਫੈਡਰਲ ਸਿਹਤ ਮੰਤਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਉੱਜਲ ਦੋਸਾਂਝ
ਨੇ ਪਹਿਲਾਂ ਵੀ ਅਜਿਹੇ ਮੁੱਦੇ ਉਠਾਏ ਨੇ ਅਤੇ ਹੁਣ ਵੀ . ਸੀ ਬੀ ਸੀ ਨੂੰ ਦਿੱਤੀ ਇੱਕ ਇੰਟਰਵਿਊ ਵਿਚ ਦੋਸਾਂਝ ਨੇ ਕਿਹਾ ਹੈ ਕਿ ਟਰੂਡੋ ਨੂੰ ਭਾਰਤ ਜਾਣ ਤੋਂ ਪਹਿਲਾਂ ਉੱਥੋਂ ਦੀ ਸਰਕਾਰ ਅਤੇ ਲੋਕਾਂ ਦੀ ਚਿੰਤਾ ਵਾਲੇ ਮੁੱਦੇ ਸਮਝਣੇ ਚਾਹੀਦੇ ਸਨ .ਦੋਸਾਂਝ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਵੀ ਹਾਅ ਦਾ ਨਾਅਰਾ ਮਾਰਿਆ . ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ਼ ਫੇਰੀ ਦੌਰਾਨ ਕੈਨੇਡਾ ਵਿਚ ਦਾਖਲ ਹੋਣ ਤੇ ਪਾਬੰਦੀ ਦੇ ਹੁਕਮਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਇੱਕ ਲੋਕਰਾਜੀ ਮੁਲਕ ਵਿਚ ਅਜਿਹਾ ਕਰਨਾ ਜਾਇਜ਼ ਨਹੀਂ ਸੀ . ਜਿੱਥੋਂ ਤੱਕ ਵੋਟ ਰਾਜਨੀਤੀ ਦਾ ਸਵਾਲ ਹੈ ਇਸ ਮਾਮਲੇ ਵਿਚ ਦੋਵਾਂ ਮੁਲਕਾਂ ਦੇ ਨੇਤਾ ਹੀ ਕਿਸੇ ਨਾ ਕਿਸੇ ਰੂਪ ਵਿਚ ਅਜਿਹੇ ਸਮਝੌਤੇ ਕਰਦੇ ਨੇ .
ਸ਼ਾਇਦ ਮੋਦੀ ਸਰਕਾਰ ਇਸ ਗੱਲੋਂ ਟਰੂਡੋ ਸਰਕਾਰ ਤੇ ਨਾਰਾਜ਼ ਹੋਵੇ ਕਿ ਇਸ ਨੇ ਗੁਰਦਵਾਰਿਆਂ ਵਿਚ ਭਾਰਤੀ ਅਧਿਕਾਰੀਆਂ 'ਤੇ ਲਾਈ ਪਾਬੰਦੀ ਦਾ ਵਿਰੋਧ ਤਾਂ ਕੀ ਕਰਨਾ ਸੀ ਇਸ ਤੇ ਆਪਣੀ ਨਾ-ਖ਼ੁਸ਼ੀ ਵੀ ਜ਼ਾਹਿਰ ਨਹੀਂ ਕੀਤੀ .ਇਹ ਮੁੱਦਾ ਅਜੇ ਖੜ੍ਹਾ ਹੈ ਅਤੇ ਸਮਝਿਆ ਜਾਂਦਾ ਹੈ ਟਰੂਡੋ -ਮੋਦੀ ਮੀਟਿੰਗ ਦੌਰਾਨ ਖਾਲਿਸਤਾਨੀ ਸਰਗਰਮੀਆਂ ਦੇ ਨਾਲ ਨਾਲ ਇਹ ਮੁੱਦਾ ਵੀ ਉੱਠੇਗਾ .
ਯਾਦ ਰਹੇ ਕਿ ਜਦੋਂ ਕੈਨੇਡਾ ਦੇ ਓਨਟਾਰੀਓ ਰਾਜ ਦੀ ਅਸੈਂਬਲੀ ਨੇ 1984 ਦੇ ਸਿੱਖ-ਵਿਰੋਧੀ ਦੰਗਿਆਂ ਨੂੰ " ਨਸਲਕੁਸ਼ੀ " ਕਰਾਰ ਦੇਣ ਦਾ ਮਤਾ ਪਾਸ ਕੀਤਾ ਸੀ ਤਾਂ ਉਦੋਂ ਵੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਇਸ ਤੇ ਸਖ਼ਤ ਇਤਰਾਜ਼ ਜਤਾਇਆ ਸੀ .ਭਾਰਤੀ ਪਾਰਲੀਮੈਂਟ ਨੇ ਅਜੇ ਤੱਕ ਵੀ ਅਜਿਹਾ ਕੋਈ ਮਤਾ ਨਹੀਂ ਪਾਸ ਕੀਤਾ .
ਦੂਜੇ ਪਾਸੇ ਕੈਨੇਡਾ ਦੇ ਲੋਕ ਅਤੇ ਖ਼ਾਸ ਕਰਕੇ ਐਨ ਆਰ ਆਈ ਮੀਡੀਆ ਦੇ ਕੁਝ ਸੀਨੀਅਰ ਕਰਮੀਂ ਗਰਮ-ਖ਼ਿਆਲੀ ਸਿੱਖਾਂ ਅਤੇ ਗਰਮ ਨਾਅਰਿਆਂ ਦੇ ਮਾਮਲੇ ਤੇ ਜੋ ਦਲੀਲ ਦਿੰਦੇ ਹਨ ਇਹ ਵੀ ਵਜ਼ਨਦਾਰ ਹੈ . ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਵਿਚ ਵੀ ਕੁਝ ਅਜਿਹੀਆਂ ਜਥੇਬੰਦੀਆਂ , ਧੜੇ ਅਤੇ ਸਰਕਾਰੀ ਅਤੇ ਗ਼ੈਰਸਰਕਾਰੀ ਅਹੁਦਿਆਂ ਤੇ ਲੋਕ ਬੈਠੇ ਨੇ ਜਿਹੜੇ ਕੱਟੜ, ਮੂਲਵਾਦੀ ਅਤੇ ਸਿਰੇ ਦੇ ਫ਼ਿਰਕਾਪ੍ਰਸਤ ਨਾਅਰੇ ਦਿੰਦੇ ਰਹਿੰਦੇ ਹਨ, ਕੋਈ ਹਿੰਦੂ ਨਾਹਰ ਦੀ ਗੱਲ ਕਰਦਾ ਹੈ ਅਤੇ ਕੋਈ ਮੁਸਲਮਾਨਾਂ ਨੂੰ ਪਾਕਿਸਤਾਨ ਭੇਜਣ ਦੀ . ਇੱਥੋਂ ਕਿ ਵਿਰੋਧੀਆਂ ਦੇ ਸਿਰਾਂ ਦੇ ਇਨਾਮ ਵੀ ਖੁੱਲ੍ਹੇਆਮ ਰੱਖ ਦਿੰਦੇ ਨੇ. ਖਾਣ -ਪਹਿਨਣ ਦੇ ਵਖਰੇਵੇਂ ਤੇ ਕਤਲ ਵੀ ਕਰ ਦਿੰਦੇ ਨੇ . ਕੀ ਇਸ ਨਾਲ ਉਹ ਇਹ ਸਮਝ ਲੈਣ ਕਿ ਸਾਰਾ ਭਾਰਤ ਅਤੇ ਇੱਥੋਂ ਦੀ ਸਰਕਾਰ ਸਭ ਕੁਝ ਨੂੰ ਸਰਪ੍ਰਸਤੀ ਦੇ ਰਹੀ ਹੈ ? ਕੀ ਇਸ ਆਧਾਰ ਤੇ ਕਿਸੇ ਹੋਰ ਮੁਲਕ ਦੀ ਸਰਕਾਰ ਜਾਂ ਉੱਥੋਂ ਦੇ ਨੇਤਾ , ਭਾਰਤ ਸਰਕਾਰ ਦੇ ਨੇਤਾਵਾਂ ਬਾਰੇ ਆਪਣਾ ਰਵੱਈਆ ਅਖ਼ਤਿਆਰ ਕਰਨ ? ਕਹਿਣ ਦਾ ਭਾਵ ਕੁਝ ਚੰਦ ਲੋਕਾਂ ਜਾਂ ਲੋਕਾਂ ਦੇ ਕਿਸੇ ਖ਼ਾਸ ਤਬਕੇ ਦੀ ਬਿਆਨਬਾਜ਼ੀ ,ਸਰਗਰਮੀ ਜਾਂ ਭੜਕਾਊ ਵਿਹਾਰ ਨਾਲ ਸਾਰੇ ਲੋਕਾਂ ਨੂੰ ਇੱਕੋ ਰੱਸੇ ਬੰਨ੍ਹਣਾ ਅਤੇ ਇਸ ਦਾ ਸਾਰਾ ਦੋਸ਼ ਸਰਕਾਰ ਸਿਰ ਮੜ੍ਹਨਾ ਵਾਜਬ ਨਹੀਂ . ਤਰਕ ਇਹ ਕਿ ਕੈਨੇਡਾ ਦਿਆਂ ਕੁੱਝ ਇੱਕ ਜਥੇਬੰਦੀਆਂ , ਧੜਿਆਂ ਜਾਂ ਵਿਅਕਤੀਆਂ ਦੇ ਖ਼ਾਲਿਸਤਾਨ -ਪੱਖੀ-ਜਾਂ ਭਾਰਤ -ਵਿਰੋਧੀ ਵਿਹਾਰ ਕਰਕੇ ਬਾਕੀ ਸਭ ਨੂੰ ਉਨ੍ਹਾਂ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ .ਇਹ ਠੀਕ ਹੈ ਕਿ ਕਈ ਵਾਰ ਮਨੁੱਖੀ ਅਧਿਕਾਰਾਂ ਅਤੇ ਘਟ-ਗਿਣਤੀਆਂ ਦੇ ਹੱਕਾਂ ਦੀ ਗੱਲ ਕਰਨ ਅਤੇ ਵੱਖਵਾਦੀ/ ਅੱਤਵਾਦੀ ਰੁਝਾਨ ਵਿਚਕਾਰ ਲਕੀਰ ਬਹੁਤ ਪਤਲੀ ਹੁੰਦੀ ਹੈ .
ਤਿੰਨ ਦਿਨਾਂ ਵਿਚ ਜੋ ਕੁਝ ਵਾਪਰਿਆ ਇਸ ਨੇ ਕਈ ਸ਼ੱਕ-ਸ਼ੁਭੇ ਖੜ੍ਹੇ ਕਰ ਦਿੱਤੇ ਨੇ. ਹੋ ਸਕਦੈ ਕਿ ਬਾਕੀ ਬਚੇ ਚਾਰ ਦਿਨਾਂ ਵਿਚ ਭਾਰਤ ਸਰਕਾਰ ਅਤੇ ਮੋਦੀ ਜੀ ਬੇਰੁਖ਼ੀ ਦੂਰ ਕਰਨ ਵਾਲਾ ਵਤੀਰਾ ਅਪਨਾਉਣ ਅਤੇ ਕੋਈ ਅਜਿਹਾ ਨਾਟਕੀ 'ਉੱਦਮ ' ਕਰਨ ਜੋ ਪਿਛਲੇ ਤਿੰਨ ਦਿਨਾਂ ਤੇ ਹਾਵੀ ਹੋ ਜਾਵੇ . ਜੇਕਰ ਦੋਵਾਂ ਮੁਲਕਾਂ ਵਿਚਕਾਰ ਸੁਖਾਵੇਂ ਰਿਸ਼ਤੇ ਨਹੀਂ ਰਹੰਦੇ ਤਾਂ ਇਸ ਦਾ ਨਾਂਹ-ਪੱਖੀ ਅਸਰ ਪੰਜਾਬ ਅਤੇ ਦੁਨੀਆ ਭਰ ਵਿਚ ਵਸੇ ਪੰਜਾਬੀਆਂ ਤੇ ਜ਼ਰੂਰ ਪੈ ਸਕਦਾ ਹੈ ਕਿਉਂਕਿ ਕੈਨੇਡਾ ਵਿਚ ਭਾਰਤੀ ਮੂਲ ਦੇ ਲੋਕਾਂ ਵਿਚੋਂ ਪੰਜਾਬੀ ਅਤੇ ਖ਼ਾਸ ਕਰਕੇ ਸਿੱਖ ਵਸੋਂ ,ਕੈਨੇਡੀਅਨ ਸਮਾਜ ਅਤੇ ਸਿਸਟਮ ਦਾ ਇੱਕ ਅਹਿਮ ਹਿੱਸਾ ਬਣ ਚੁੱਕੇ ਹਨ ਜਿਨ੍ਹਾਂ ਦਾ ਲਗਾਤਾਰ ਰਾਬਤਾ ਰਹਿੰਦਾ ਹੈ.
ਇੰਝ ਲਗਦੈ ਕਿ ਇਸ ਸਾਰੇ ਮਾਹੌਲ ਵਿਚੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜ਼ਰੂਰ ਲਾਹਾ ਲੈ ਸਕਦੇ ਨੇ .ਉਹ ਪੂਰੀ ਗਰਮਜੋਸ਼ੀ ਨਾਲ ਟਰੂਡੋ ਦਾ ਸਵਾਗਤ ਕਰਨ ਲਈ ਤਿਆਰ ਲਗਦੇ ਨੇ . ਪੰਜਾਬੀ ਅਤੇ ਖ਼ਾਸ ਕਰਕੇ ਸਿੱਖ ਜਗਤ ਵਿਚ ਇਸ ਮੁਲਾਕਾਤ ਦੇ ਐਲਾਨ ਦਾ ਸਵਾਗਤ ਕੀਤਾ ਗਿਆ ਹੈ . ਚੰਗੀ ਗੱਲ ਹੈ ਦੋਹਾਂ ਧਿਰਾਂ ਬੇਲੋੜੀ ਅੜੀ ਛੱਡ ਕੇ ਮੇਲ-ਮਿਲਾਪ ਦੇ ਰਾਹ ਪਈਆਂ ਨੇ.
ਟਰੂਡੋ ਨਾਲ 21 ਫਰਵਰੀ ਨੂੰ ਅੰਮ੍ਰਿਤਸਰ ਵਿਚ ਅਮਰਿੰਦਰ ਸਿੰਘ ਨਾਲ ਤਜਵੀਜ਼ ਕੀਤੀ ਮੀਟਿੰਗ ਪਿਛਲੀ ਕੁੜੱਤਣ ਨੂੰ ਵੀ ਘਟਾਏਗੀ ਅਤੇ ਪੰਜਾਬ ਅਤੇ ਪੰਜਾਬੀਆਂ ਨਾਲ ਸਬੰਧਿਤ ਰੜਕਵੇਂ ਮੁੱਦੇ ਵੀ ਵਿਚਾਰ ਅਧੀਨ ਆ ਸਕਦੇ ਨੇ. ਹਵਾਈ ਆਵਾਜਾਈ , ਵਪਾਰ -ਕਾਰੋਬਾਰ, ਰੁਜ਼ਗਾਰ , ਸਿੱਖਿਆ ਅਤੇ ਟੈਕਨਾਲੋਜੀ ਦੇ ਆਦਾਨ-ਪ੍ਰਦਾਨ ਲਈ ਨਵੇਂ ਰਾਹ ਖੁੱਲ੍ਹਣ ਦਾ ਮਾਹੌਲ ਬਣ ਸਕਦਾ ਹੈ .
20 ਫਰਵਰੀ , 2018
ਸੰਪਾਦਕ
ਬਾਬੂਸ਼ਾਹੀ ਡਾਟ ਕਾਮ
ਚੰਡੀਗੜ੍ਹ
tirshinazar@gmail.com
+91-9915177722