ਅੰਮ੍ਰਿਤਸਰ,21 ਦਸੰਬਰ,2020: ਅੰਮ੍ਰਿਤਸਰ ਸਿਵਲ ਹਸਪਤਾਲ ਦੇ ਸਾਬਕਾ ਐਸਐਮਓ ਡਾ. ਅਰੁਣ ਸ਼ਰਮਾ ਦੀ ਪਤਨੀ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ। ਡਾ. ਅਰੁਣ ਸ਼ਰਮਾ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਪਤਨੀ ਡਾ. ਸੋਨੀਆ ਵੀ ਤਣਾਅ ਵਿਚ ਸੀ।
ਡਾ. ਅਰੁਣ ਸ਼ਰਮਾ ਦੀ ਮੌਤ ਤੋਂ ਬਾਅਦ ਵਿੱਤੀ ਲਾਭ ਹਾਸਲ ਨਹੀਂ ਸੀ ਹੋਇਆ। ਇਸੇ ਤੋਂ ਡਾ. ਸੋਨੀਆ ਵੀ ਦੁਖੀ ਸੀ, ਡਾ. ਸੋਨੀਆ ਨਗਰ ਨਿਗਮ ਵਿੱਚ ਮੈਡੀਕਲ ਅਫਸਰ ਵਜੋਂ ਸੇਵਾਵਾਂ ਨਿਭਾਅ ਰਹੀ ਸੀ। ਡਾ ਸੋਨੀਆ ਮਜੀਠਾ ਰੋਡ ਤੇ ਸਥਿਤ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦਮ ਤੋੜ ਦਿੱਤਾ ।
ਡਾ.ਅਰੁਣ ਸ਼ਰਮਾ ਦੀ ਫਾਈਲ ਫੋਟੋ
ਸਿਵਲ ਹਸਪਤਾਲ ਇੰਪਲਾਈਜ਼ ਫੈਡਰੇਸ਼ਨ ਦੇ ਮੁਖੀ ਡਾ ਰਾਕੇਸ਼ ਸ਼ਰਮਾ ਨੇ ਕੁਝ ਦਿਨ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਇਕ ਚਿੱਠੀ ਲਿਖੀ ਸੀ। ਜਿਸ ਵਿਚ ਇਹ ਨਾਰਾਜ਼ਗੀ ਜਤਾਈ ਗਈ ਸੀ ਕਿ 30 ਅਗਸਤ ਤੋਂ ਬਾਅਦ ਹੁਣ ਤਕ ਸਰਕਾਰ ਨੇ ਡਾ ਅਰੁਣ ਸ਼ਰਮਾ ਦੇ ਪਰਿਵਾਰ ਨੂੰ ਬਣਦੇ ਲਾਭ ਨਹੀਂ ਦਿੱਤੇ ਹਨ ਅਤੇ ਜਲਦ ਤੋਂ ਜਲਦ ਇਹ ਜਾਰੀ ਕੀਤੇ ਜਾਣ। ਡਾ. ਅਰੁਣ ਸ਼ਰਮਾ ਵੱਲੋਂ ਕੋਰੋਨਾ ਕਾਲ ਦੇ ਦੌਰਾਨ ਆਪਣੀਆਂ ਸੇਵਾਵਾਂ ਬਹੁਤੀ ਇਮਾਨਦਾਰੀ ਦੇ ਨਾਲ ਨਿਭਾਈਆਂ ਗਈਆਂ ਸਨ ਜਿਸ ਤੋਂ ਬਾਅਦ ਉਹ ਕੋਵਿਡ ਪਾਜ਼ੀਟਿਵ ਹੋ ਗਏ ਸਨ। ਅੱਜ ਉਨ੍ਹਾਂ ਦੀ ਪਤਨੀ ਡਾ. ਸੋਨੀਆ ਜੋ ਕਿ ਡਿਪਰੈਸ਼ਨ ਵਿੱਚ ਦੱਸੇ ਜਾ ਰਹੇ ਸਨ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕੀਤੀ ਹੈ।