ਲੋਕੇਸ਼ ਰਿਸ਼ੀ
ਗੁਰਦਾਸਪੁਰ, 15 ਫਰਵਰੀ 2019 -ਬੀਤੇ ਵੀਰਵਾਰ ਕਸ਼ਮੀਰ ਵਿਖੇ ਭਾਰਤੀ ਸੈਨਾ ਦੇ ਕਾਫ਼ਲੇ ਉੱਪਰ ਅੱਤਵਾਦੀ ਵੱਲੋਂ ਕੀਤੇ ਗਏ ਹਮਲੇ ਨੂੰ ਲੈ ਕੇ ਪੂਰੇ ਦੇਸ਼ ਦੇ ਲੋਕਾਂ ਅੰਦਰ ਭਾਰੀ ਗ਼ੁੱਸਾ ਪਾਇਆ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਵਾਸੀਆਂ ਨੇ ਵੀ ਪਾਕਿਸਤਾਨ ਅਤੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਖ਼ਿਲਾਫ਼ ਵਿਰੋਧ ਪ੍ਰਤੀ ਆਪਣਾ ਜ਼ਾਹਿਰ ਕਰਦਿਆਂ ਜਗ੍ਹਾ-ਜਗ੍ਹਾ ਪਾਕਿਸਤਾਨ ਦੇ ਝੰਡਾ ਫ਼ੂਕ ਕੇ ਰੋਸ ਮੁਜ਼ਾਹਿਰੇ ਕੀਤੇ।
ਇਸੇ ਦੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿਖੇ ਵੀ ਵੱਖ ਵੱਖ ਵਿਦਿਆਰਥੀਆਂ ਸਮੇਤ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਗੁਆਂਢੀ ਮੁਲਕ ਪਾਕਿਸਤਾਨ ਅਤੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਸਖ਼ਤ ਵਿਰੋਧ ਹੁੰਦਾ ਵਿਖਾਈ ਦਿੱਤਾ। ਜਿੱਥੋਂ ਦੇ ਲੋਕਾਂ ਨੇ ਆਪਣੇ ਗ਼ੁੱਸੇ ਦਾ ਇਜ਼ਹਾਰ ਕਰਦਿਆਂ ਪਹਿਲਾਂ ਤਾਂ ਪਾਕਿਸਤਾਨ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਬਾਦ ਵਿੱਚ ਪਾਕਿਸਤਾਨੀ ਝੰਡੇ ਨੂੰ ਅੱਗ ਦੇ ਹਵਾਲੇ ਕਰਦਿਆਂ, ਭਾਰਤ ਸਰਕਾਰ ਨੂੰ ਅਪੀਲ ਕੀਤੀ ਕੀ ਹੁਣ ਖ਼ੂਨ ਵਹਾਉਣ ਦਾ ਸਮਾਂ ਨਹੀਂ ਬਲਕਿ ਦੁਸ਼ਮਣ ਨੂੰ ਉਸ ਦੀ ਔਕਾਤ ਦੱਸਣ ਦਾ ਸਮਾਂ ਹੈ।
ਉਕਤ ਪ੍ਰਦਰਸ਼ਨ ਦੌਰਾਨ ਸਾਬਕਾ ਫ਼ੌਜੀ ਜੇ.ਐਨ. ਸ਼ਰਮਾ ਨੇ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਦੇ ਕੁਝ ਨੇਤਾਵਾਂ ਦੀ ਦੋਗਲੀ ਨੀਤੀ ਕਾਰਨ ਪਾਕਿਸਤਾਨ ਦੇ ਹੌਸਲੇ ਵਧਦੇ ਜਾ ਰਹੇ ਹਨ, ਜੋ ਭਾਰਤ ਵਾਸੀਆਂ ਲਈ ਵੱਡੇ ਖ਼ਤਰੇ ਦਾ ਸੰਕੇਤ ਹੈ। ਉਨ੍ਹਾਂ ਸਰਕਾਰ ਕੋਲੋਂ ਅਪੀਲ ਕਰਦਿਆਂ ਕਿਹਾ ਕਿ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਵੇਖਦਿਆਂ ਹੀ ਗੋਲੀ ਮਾਰੇ ਜਾਣ ਦੇ ਹੁਕਮ ਜਾਰੀ ਕੀਤੇ ਜਾਣੇ ਚਾਹੀਦੇ ਹਨ।
ਇਸ ਮੌਕੇ ਉੱਗੇ ਸਮਾਜ ਸੇਵਕ ਮਾਸਟਰ ਜੋਗਿੰਦਰ ਸਿੰਘ, ਆਰ.ਐਸ.ਐਸ ਦੇ ਜ਼ਿਲ੍ਹਾ ਸੰਗ ਚਾਲਕ ਕੁਲਦੀਪ ਮਹਾਜਨ, ਸਵਦੇਸ਼ੀ ਜਾਗਰਨ ਮੰਚ ਇਸਤ੍ਰੀ ਪ੍ਰਧਾਨ ਨੀਲਮ ਮਹਾਜਨ, ਬ੍ਰਾਹਮਣ ਸਭਾ ਬਟਾਲਾ ਦੇ ਪ੍ਰਧਾਨ ਬਰਾਮਦ ਸ਼ਰਮਾ, ਪਰਜਾਪਤ ਸਭਾ ਦੇ ਪ੍ਰਧਾਨ ਓਮ ਪ੍ਰਕਾਸ਼ ਅਤੇ ਪ੍ਰੋ. ਸੋਹਣ ਲਾਲ, ਐਡਵੋਕੇਟ ਆਸ਼ੂਤੋਸ਼ ਨੇ ਆਪਣੇ ਸੰਬੋਧਨ ਦੌਰਾਨ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਦੁਸ਼ਮਣ ਸਿਰ ਤੇ ਚੜ੍ਹ ਆਇਆ ਹੈ ਇਸ ਲਈ ਆਪਣੇ ਜਵਾਨਾਂ ਦਾ ਖ਼ੂਨ ਡੋਲ੍ਹਣ ਦਾ ਸਮਾਂ ਨਹੀਂ ਬਲ ਕੀ ਹੁਣ ਦੁਸ਼ਮਣ ਦਾ ਸਿਰ ਕਲਮ ਕਰਨਾ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਬਿਨਾ ਕਿਸੇ ਦੇਰੀ ਦੁਸ਼ਮਣ ਨੂੰ ਸਬਕ ਦਿਖਾਵੇ। ਤਾਂ ਜੋ ਲਗਾਤਾਰ ਸ਼ਹੀਦ ਹੋ ਰਹੇ ਸੈਨਿਕਾਂ ਦੇ ਪਰਿਵਾਰਾਂ ਸਮੇਤ ਪੂਰਾ ਦੇਸ਼ ਸੁਰੱਖਿਅਤ ਮਹਿਸੂਸ ਕਰ ਸਕੇ।