ਅਸ਼ੋਕ ਵਰਮਾ
ਬਠਿੰਡਾ, 05 ਜੁਲਾਈ 2020: ਬਠਿੰਡਾ ਜਿਲੇ ’ਚ ਨਵੇਂ ਨਿਯੁਕਤ ਹੋਏ ਸੀਨੀਅਰ ਪੁਲਿਸ ਕਪਤਾਨ ਭੁਪਿੰਦਰਜੀਤ ਸਿੰਘ ਵਿਰਕ ਅੱਗੇ ਰੂੜੀ ਮਾਰਕਾ ਸ਼ਰਾਬ ਦੇ ਵਗਦੇ ਹੜ ਨੂੰ ਠੱਲ ਪਾਉਣ ਦੀ ਚੁਣੌਤੀ ਹੋਵੇਗੀ। ਜਹਿਰੀਲੀ ਸ਼ਰਾਬ ਕਾਰਨ ਸੌ ਤੋਂ ਵੱਧ ਬੰਦਿਆਂ ਦੀ ਮੌਤ ਤੋਂ ਬਾਅਦ ਪੁਲਿਸ ਦੀ ਜਿੰਮੇਵਾਰੀ ਹੋਰ ਵੀ ਵਧ ਗਈ ਹੈ। ਸ੍ਰ੍ਰੀ ਵਿਰਕ ਦੇ ਅਹੁਦਾ ਸੰਭਾਲਣ ਉਪਰੰਤ ਜਿਲਾ ਪੁਲਿਸ ਕਾਫੀ ਸਰਗਰਮ ਹੋਈ ਹੈ ਫਿਰ ਵੀ ਅਜੇ ਕਾਫੀ ਕੁੱਝ ਕਰਨਾ ਬਾਕੀ ਹੈ। ਹਾਲਾਂਕਿ ਅੱਜ ਪਹਿਲੀ ਪੱਤਰਕਾਰ ਮਿਲਣੀ ਦੌਰਾਨ ਉਨਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਗੈਰਸਮਾਜੀ ਅਨਸਰਾਂ ਖਿਲਾਫ ਸਖਤ ਹਨ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ’ਚ ਦੀ ਇਜਾਜਤ ਨਹੀਂ ਦਿੱਤੀ ਜਾਏਗੀ ਫਿਰ ਵੀ ਅਮਨ ਕਾਨੂੰਨ ਨੂੰ ਕਾਬੂ ’ਚ ਰੱਖਣਾ ਅਤੇ ਚੋਰ ਲੁਟੇਰਿਆਂ ਨੂੰ ਨੱਥ ਪਾਉਣ ਵਰਗੇ ਮਸਲੇ ਬਰਕਰਾਰ ਹਨ। ਉਨਾਂ ਨੂੰ ਆਮ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਲਈ ਕਰੋਨਾ ਵਾਇਰਸ ਕਾਰਨ ਲਾਈਆਂ ਪਾਬੰਦੀਆਂ ਨੂੰ ਲਾਗੂ ਕਰਵਾਉਣ ਲਈ ਜਿੱਥੇ ਆਮ ਨਾਗਰਿਕਾਂ ਦਾ ਸਹਿਯੋਗ ਲੈਣਾ ਹੋਵੇਗਾ ਉੱਥੇ ਹੀ ਡਿਊਟੀ ਦੌਰਾਨ ਕਿਸੇ ਨਾਲ ਵੀ ਧੱਕਾ ਕਰਨ ਵਾਲੇ ਪੁਲਿਸ ਮੁਲਾਜਮਾਂ ਦੀ ਕਾਰਜਸ਼ੈਲੀ ’ਚ ਤਬਦੀਲੀ ਕਰਨ ਦੇ ਯਤਨ ਕਰਨੇ ਪੈਣਗੇ ਤਾਂ ਜੋ ਪੁਲਿਸ ਦੀ ਕਾਰਜਸ਼ੈਲੀ ’ਚ ਸੁਧਾਰ ਆਵੇ।
ਐਸਐਸਪੀ ਨੇ ਮੰਨਿਆਂ ਕਿ ਉਨਾਂ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ ਜਿਸ ਨਾਲ ਰਾਤੋ ਰਾਤ ਸਭ ਠੀਕ ਹੋ ਜਾਵੇ ਪਰ ਉਹ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੂਰੀ ਵਾਹ ਲਾ ਦੇਣਗੇ। ਪੰਜਾਬ ’ਚ ਅੱਤਵਾਦ ਨਾਲ ਨਿਪਟਣ ਲਈ ਬਣਾਏ ਸਪੈਸ਼ਲ ਓਪਰੇਸ਼ਨ ਗਰੁੱਪ ’ਚ ਕਾਫੀ ਸਮਾਂ ਕਰਨ ਵਾਲੇ ਸ੍ਰੀ ਵਿਰਕ ਨੂੰ ਹਾਲ ਹੀ ਵਿੱਚ ਬਠਿੰਡਾ ਜਿਲੇ ਦਾ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ ਹੈ। ਉਨਾਂ ਕੋਲ ਐਸਐਸਪੀ ਗੁਰਦਾਸਪੁਰ ਵਜੋਂ ਕੰਮ ਕਰਨ ਕਾਰਨ ਪ੍ਰਸ਼ਾਸ਼ਨਿਕ ਤਜ਼ਰਬਾ ਵੀ ਹੈ ਅਤੇ ਜੇਲ ਵਿਭਾਗ ’ਚ ਰਹਿਣ ਕਰਕੇ ਉਹ ਗੈਰਸਮਾਜੀ ਅਨਸਰਾਂ ਵੱਲੋਂ ਅਪਣਾਈ ਜਾਂਦੀ ਰਣਨੀਤੀ ਵੀ ਜਾਣਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਨੇ ਸ਼ਹਿਰ ’ਚ ਹੁੰਦੇ ਕਈ ਤਰਾਂ ਦੇ ਹੋਰ ਵੀ ਗੈਰਕਾੂਨੀ ਧੰਦਿਆਂ ਤੇ ਰੋਕ ਲਾਉਣ ਦਾ ਦਾਅਵਾ ਕੀਤਾ ਹੈ। ਇਸ ਦੇ ਬਾਵਜੂਦ ਹਰਿਆਣਾ ਤੇ ਰਾਜਸਥਾਨ ਨਾਲ ਜਿਲੇ ਦੀ ਸੀਮਾ ਲਗਦੀ ਹੋਣ ਕਰਕੇ ਗੁਆਂਢੀ ਰਾਜਾਂ ਤੋਂ ਨਸ਼ਿਆਂ ਦੀ ਤਸਕਰੀ ਦਾ ਖਤਰਾ ਬਣਿਆ ਰਹਿੰਦਾ ਹੈ । ਖਾਸ ਤੌਰ ਤੇ ਹਰਿਆਣਾ ਚੋਂ ਆ ਕੇ ਬਠਿੰਡਾ ਜਿਲੇ ’ਚ ਵਿਕਦੀ ਹਰਿਆਣਵੀ ਸ਼ਰਾਬ ਦੀ ਤਸਕਰੀ ਨੂੰ ਰੋਕਣਾ ਵੀ ਚੁਣੌਤੀਆਂ ’ਚ ਸ਼ੁਮਾਰ ਹੁੰਦਾ ਹੈ।
ਬਠਿੰਡਾ ’ਚ ਪੁਲਿਸ ਰੇਂਜ, ਵਿਜੀਲੈਂਸ ਰੇਂਜ ਅਤੇ ਕਾਉਂਟਰ ਇੰਟੈਲੀਜੈਂਸੀ ਆਦਿ ਦੇ ਵੱਡੇ ਪੁਲਿਸ ਅਫਸਰਾਂ ਨਾਲ ਆਪਣੇ ਕੰਮ ਨੂੰ ਅੱਗੇ ਵਧਾਉਣਾ ਵੀ ਅਗਨੀ ਪ੍ਰੀਖਿਆ ਦੀ ਤਰਾਂ ਹੈ। ਅਕਤੂਬਰ ’ਚ ਸੰਭਾਵੀ ਮੰਨੀਆਂ ਜਾ ਰਹੀਆਂ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਦੌਰਾਨ ਲਾਅ ਐਂਡ ਆਰਡਰ ਬਣਾਈ ਰੱਖਣਾ ਵੀ ਨਵੇਂ ਐਸਐਸਪੀ ਲਈ ਇਮਤਿਹਾਨ ਮੰਨਿਆ ਜਾ ਰਿਹਾ ਹੈ। ਇੰਨਾਂ ਚੋਣਾਂ ਦੌਰਾਨ ਵੱਖ ਵੱਖ ਸਿਆਸੀ ਧਿਰਾਂ ਦੇ ਕੁੱਦਣ ਕਾਰਨ ਗਰਮ ਹੋਣ ਵਾਲੇ ਮੈਦਾਨ ਨੂੰ ਠੰਢਾ ਰੱਖਣਾ ਵੀ ਬਠਿੰਡਾ ਪੁਲਿਸ ਦੇ ਹਿੱਸੇ ਆਵੇਗਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸੰੰਸਦੀ ਹਲਕੇ ਦੇ ਭਾਗ, ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਅਸੈਂਬਲੀ ਹਲਕੇ, ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਿਲੇ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਤਾਲਮੇਲ ਬਿਠਾਉਣਾ ਵੀ ਨਵੇਂ ਪੁਲਿਸ ਮੁਖੀ ਲੲਂ ਸਭ ਤੋਂ ਵੱਡੀ ਚੁਣੌਤੀ ਹੋਵੇਗੀ । ਬਾਦਲ ਪ੍ਰੀਵਾਰ ਅਤੇ ਵਿੱਤ ਮੰਤਰੀ ਦਾ ਹਲਕਾ ਹੋਣ ਕਰਕੇ ਵੀ ਬਠਿੰਡਾ ਦਾ ਸਿਆਸੀ ਪਿੜ ਬਾਕੀ ਜਿਲਿਆਂ ਨਾਲੋਂ ਵੱਖਰਾ ਹੈ । ਵਿੱਤ ਮੰਤਰੀ ਦੇ ਹਲਕੇ ਕਾਰਨ ਇੱਥੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਵਾਸਤੇ ਆੳਣ ਵਾਲੇ ਕਿਸਾਨਾਂ,ਮਜਦੂਰਾਂ, ਅਧਿਆਪਕਾਂ ਅਤੇ ਮੁਲਾਜਮ ਧਿਰਾਂ ਨਾਲ ਨਜਿੱਠਣ ਲਈ ਰਣਨੀਤੀ ਘੜਨੀ ਪਵੇਗੀ।
ਨਸ਼ਾ ਰੋਕਣ ਲਈ ਸਖਤ ਹਦਾਇਤਾਂ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਬਿਕਰਮਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਸਮੂਹ ਥਾਣਿਆਂ ਨੂੰ ਰੂੜੀ ਮਾਰਕਾ ਦੇ ਉਤਪਾਦਨ ਅਤੇ ਤਸਕਰੀ ਰਾਹੀਂ ਆਉਣ ਵਾਲੀ ਸ਼ਰਾਬ ਨੂੰ ਰੋਕਣ ਲਈ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਨਸ਼ਿਆਂ ਨੂੰ ਰੋਕਣਾ ਉਨਾਂ ਦਾ ਮੁੱਖ ਏਜੰਡਾ ਹੈ ਜਿਸ ਲਈ ਕਿਸੇ ਨਾਲ ਕੋਈ ਵੀ ਸਮਝੌਤਾ ਨਹੀਂ ਹੋਵੇਗਾ। ਉਨਾਂ ਦੱਸਿਆ ਕਿ ਪੁਲਿਸ ਨਾਗਰਿਕਾਂ ਦੀ ਪਹਿਰੇਦਾਰ ਬਣੇਗੀ ਅਤੇ ਗੈਰਸਮਾਜਿਕ ਅਨਸਰਾਂ ਨਾਲ ਸਖਤੀ ਨਾਲ ਨਜਿੱਠੇਗੀ ਤਾਂ ਜੋ ਸੜਕ ਤੇ ਤੁਰਦੇ ਹੋਏ ਕਿਸੇ ਧੀਅ ਭੈਣ ਨੂੰ ਕੋਈ ਡਰ ਮਹਿਸੂਸ ਨਾ ਹੋਵੇ। ਉਨਾਂ ਪੁਲਿਸ ਪ੍ਰਸ਼ਾਸ਼ਨ ਦੇ ਕੰੰਮ ਦੌਰਾਨ ਮੀਡੀਆ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ।
ਪੰਜ ਦਿਨਾਂ ਦੌਰਾਨ ਪੁਲਿਸ ਦੀ ਕਾਰਗੁਜਾਰੀ
ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਪਹਿਲੇ ਪੰਜ ਦਿਨਾਂ ਦੌਰਾਨ 8 ਮੁਕੱਦਮੇ ਦਰਜ ਕਰਕੇ 13 ਵਿਅਕਤੀ ਫੜੇ ਹਨ ਅਤੇ 15430 ਨਸ਼ੀਲੀਆਂ ਗੋਲੀਆਂ,5 ਕਿੱਲੋਂ ਭੁਕੀ,ਇੱਕ ਕਿੱਲੋ ਅਫੀਮ ਤੇ ਹੈਰੋਇਨ ਫੜੀ ਹੈ। ਇਸੇ ਤਰਾਂ ਹੀ 47 ਮੁਕੱਦਮੇ ਦਰਜ ਕਰਕੇ 36 ਵਿਅਕਤੀ ਗ਼ਿਫਤਾਰ ਕੀਤੇ ਹਨ ਜਿੰਨਾਂ ਤੋਂ 46 ਕੁਇੰਟਲ 20 ਕਿੱਲੋ ਲਾਹਣ ਤੋਂ ਇਲਾਵਾ 18 ਕਿੱਲੋ 400 ਗਰਾਮ ਸੁੱਖਾ ਤੇ ਦੋ ਤਰਾਂ ਦੀ ਸ਼ਰਾਬ 384.195 ਲਿਟਰ ਅਤੇ 124.875 ਲਿਟਰ ਬਰਾਮਦ ਕੀਤੀ ਹੈ। ਪੁਲਿਸ ਨੇ32 ਬੋਰ ਦਾ ਪਿਸਤੌਲ ਤੇ ਦੋ ਕਾਰਤੂਸ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਜਿਲਾ ਪੁਲਿਸ ਨੇ ਜੁਰਮ ਕਰਨ ਦੇ ਆਦੀ 8 ਵਿਅਕਤੀਆਂ ਖਿਲਾਫ ਧਾਂਰਾ 110 ਤਹਿਤ ਕਾਰਵਾਈ ਕੀਤੀ ਹੈ।