ਗੁਰ ਰੰਧਾਵਾ
- ਪੀੜਤ ਪਰਿਵਾਰਾਂ ਨੇ ਪੁਲਿਸ ਦੇ ਭਾਰੀ ਦਬਾਅ ਦੇ ਬਾਵਜੂਦ ਮੁੱਖ ਮੰਤਰੀ ਦੇ ‘ਸੰਮਨ’ ਲੈਣ ਤੋਂ ਕੀਤੀ ਨਾਂਹ
- ਅਕਾਲੀ ਆਗੂਆਂ ਤੇ ਪੀੜਤ ਪਰਿਵਾਰਾਂ ਵਲੋਂ ਜ਼ੋਰਦਾਰ ਰੋਸ ਮੁਜ਼ਾਹਰਾ
ਤਰਨਤਾਰਨ, 7 ਅਗਸਤ 2020 - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਇਸ ਸ਼ਹਿਰ ਦਾ ਦੌਰਾ ਸਿਰਫ 15 ਮਿੰਟ ਵਿਚ ਹੀ ਸਮੇਟਣਾ ਪਿਆ ਤੇ ਉਹ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦੇ ਪੀੜਤ ਪਰਿਵਾਰਾਂ ਦੇ ਰੋਹ ਨੂੰ ਵੇਖਦਿਆਂ ਪੁਲਸ ਲਾਈਨ ਵਿਚੋਂ ਬਾਹਰ ਨਹੀਂ ਨਿਕਲੇ, ਜਦਕਿ ਪੀੜਤ ਪਰਿਵਾਰਾਂ ਨੇ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਭਾਰੀ ਦਬਾਅ ਦੇ ਬਾਵਜੂਦ ਮੁੱਖ ਮੰਤਰੀ ਦੇ ‘ਸੰਮਨ’ ਲੈਣ ਤੋਂ ਨਾਂਹ ਕਰ ਦਿੱਤੀ।
ਇੱਥੇ ਅਕਾਲੀ ਦਲ ਨੇ ਅੱਜ ਇੱਥੇ ਜ਼ਹਿਰੀਲੀ ਸ਼ਰਾਬ ਪੀੜਤਾਂ ਦੇ ਪਰਿਵਾਰਾਂ ਨਾਲ ਰਲ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਪਰਿਵਾਰਾਂ ਨੇ ਪੁਲਸ ਬੈਰੀਕੇਡ ਤੋੜ ਕੇ ਪੁਲਸ ਲਾਈਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸਨੂੰ ਭਾਰੀ ਪੁਲਸ ਫੋਰਸ ਨੇ ਰੋਕ ਦਿੱਤਾ। ਇਸ ਮਗਰੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜਦੋਂ ਲੱਗਾ ਕਿ ਪੁਲਸ ਲਾਈਨ ਦੇ ਬਾਹਰ ਪੀੜਤ ਪਰਿਵਾਰਾਂ ਨੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਹੈ ਤਾਂ ਮੁੱਖ ਮੰਤਰੀ ਆਪਣੇ ਹੈਲੀਕਾਪਟਰ ਤੋਂ ਹੇਠਾਂ ਉਤਰਣ ਦੇ 15 ਮਿੰਟ ਮਗਰੋਂ ਹੀ ਵਾਪਸ ਪਰਤ ਗਏ।
ਵਲਟੋਹਾ, ਜਿੰਨਾਂ ਦੇ ਨਾਲ ਹਰਮੀਤ ਸਿੰਘ ਸੰਧੂ, ਇਕਬਾਲ ਸਿੰਘ ਸੰਧੂ ਅਤੇ ਅਲਵਿੰਦਰ ਸਿੰਘ ਪੱਖੋਕੇ ਵੀ ਸਨ, ਨੇ ਕਿਹਾ ਕਿ ਲੋਕਾਂ ਦੇ ਰੋਹ ਕਾਰਨ ਮੁੱਖ ਮੰਤਰੀ ਨੂੰ ਤਰਨਤਾਰਨ ਆਉਣ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਜਦੋਂ ਉਹ ਇਥੇ ਆਏ ਤਾਂ ਪੀੜਤਾਂ ਦਾ ਸਾਹਮਣਾ ਨਹੀਂ ਕਰ ਸਕੇ ਅਤੇ ਉਨ੍ਹਾਂ ਚੰਡੀਗੜ੍ਹ ਵਿਚ ਆਪਣੇ ਫਾਰਮ ਹਾਊਸ ’ਤੇ ਪਰਤਣ ਵਿਚ ਹੀ ਭਲਾਈ ਸਮਝੀ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਵਲੋਂ ਪੀੜਤ ਪਰਿਵਾਰਾਂ ਨੂੰ ਜ਼ਬਰੀ ਰਾਜੇ ਦੇ ਦਰਬਾਰ ਵਿਚ ਲਿਆਉਣ ਦੇ ਯਤਨ ਫੇਲ੍ਹ ਹੋ ਗਏ ਤੇ ਬਹੁਤੇ ਪੀੜਤ ਪਰਿਵਾਰ ਉਨਾਂ ਦੇ ਪ੍ਰੋਗਰਾਮ ਤੋਂ ਦੂਰ ਰਹੇ।
ਉਨ੍ਹਾਂ ਕਿਹਾ ਕਿ ਇਸੇ ਲਈ ਮੁੱਖ ਮੰਤਰੀ ਨੇ ਸਿਰਫ ਦੋ ਮਿੰਟ ਦਾ ਭਾਸ਼ਣ ਦਿੱਤਾ ਤੇ ਆਪਣਾ ਦੌਰਾ ਖਤਮ ਕਰ ਦਿੱਤਾ। ਅਕਾਲੀ ਆਗੂ ਨੇ ਕਿਹਾ ਕਿ ਇਲਾਕੇ ਦੇ ਅਕਾਲੀ ਵਰਕਰਾਂ ਨੇ ਨਾਲ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਦਾ ਫੈਸਲਾ ਕੀਤਾ ਸੀ ਤਾਂ ਕਿ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦੇ ਅਸਲ ਮੁਜ਼ਰਮ ਕੌਣ ਹਨ। ਪੀੜਤ ਕਮਲਦੀਪ ਕੌਰ ਜਿਸਨੇ ਪੁਲਸ ਕੋਲ ਦਰਜ ਕਰਵਾਏ ਬਿਆਨ ਵਿਚ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਆਪਣੇ ਪੀ.ਏ. ਜਰਮਨਜੀਤ ਸਿੰਘ ਰਾਹੀਂ ਜ਼ਹਿਰੀਲੀ ਸ਼ਰਾਬ ਵੰਡਣ ਦਾ ਦੋਸ਼ ਠਹਿਰਾਇਆ ਹੈ, ਮੁੱਖ ਮੰਤਰੀ ਨੂੰ ਸ਼ਰਾਬ ਦੇ ਧੰਦੇ ਵਿਚ ਕਾਂਗਰਸੀ ਵਿਧਾਇਕਾਂ ਦੀ ਭੂਮਿਕਾ ਬਾਰੇ ਦੱਸਣਾ ਚਾਹੁੰਦੀ ਸੀ।
ਉਨ੍ਹਾਂ ਕਿਹਾ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਵੇਂ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਡੈਨੀ ਨੇ ਸ਼ਰਾਬ ਦੀ ਛਾਪੇਮਾਰੀ ਲਈ ਦੋਸ਼ੀਆਂ ਦੀ ਥਾਂ ਆਬਕਾਰੀ ਪਾਰਟੀ ’ਤੇ ਕੇਸ ਦਰਜ ਕਰਵਾ ਦਿੱਤਾ। ਉਨਾਂ ਕਿਹਾ ਕਿ ਅਸੀਂ ਇਹ ਵੀ ਦੱਸਣਾ ਚਾਹੁੰਦੇ ਸੀ ਕਿ ਖੇਮਕਰਨ ਦੇ ਵਿਧਾਇਕ ਸੁਖਪਾਲ ਭੁੱਲਰ ਗੈਰ ਕਾਨੂੰਨੀ ਡਿਸਟੀਲਰੀ ਚਲਾ ਰਹੇ ਹਨ ਤੇ ਇਹ ਵੀ ਦੱਸਣਾ ਚਾਹੁੰਦੇ ਸੀ ਕਿ ਕਿਵੇਂ ਤਰਨਤਾਰਨ ਦੇ ਵਿਧਾਇਕ ਧਰਮਬੀਰ ਗਾਂਧੀ ਦਾ ਪੁੱਤਰ ਗੈਰ ਕਾਨੂੰਨੀ ਸ਼ਰਾਬ ਦੇ ਧੰਦੇ ਵਿਚ ਲੱਗਾ ਹੈ।
ਉਨ੍ਹਾਂ ਕਿਹਾ ਕਿ ਬਜਾਏ ਪੀੜਤ ਪਰਿਵਾਰਾਂ ਦੀ ਗੱਲ ਸੁਣਨ ਦੇ ਮੁੱਖ ਮੰਤਰੀ ਨੇ ਨਾਜਾਇਜ਼ ਸ਼ਰਾਬ ਕਾਰੋਬਾਰ ਵਿਚ ਸ਼ਾਮਲ ਹੋਣ ਦੇ ਦੋਸ਼ੀ ਅਤੇ ਜਿੰਨਾਂ ਖਿਲਾਫ ਧਾਰਾ 302 ਤਹਿਤ ਕੇਸ ਦਰਜ ਹੋਣਾ ਚਾਹੀਦਾ ਸੀ, ਉਨਾਂ ਕਾਂਗਰਸੀ ਵਿਧਾਇਕਾਂ ਨੂੰ ਸਟੇਜ ’ਤੇ ਬਿਠਾਇਆ। ਵਿਰਸਾ ਸਿੰਘ ਵਲਟੋਹਾ ਨੇ ਇਹ ਵੀ ਦੱਸਿਆ ਕਿ ਲੋਕ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦੇ ਸਨ ਕਿ ਕਿਵੇਂ ਤਰਨਤਾਰਨ ਦੇ ਸਾਬਕਾ ਐੱਸ.ਐੱਸ.ਪੀ ਧਰੁਵ ਦਹੀਆ ਨੇ ਨਾਜਾਇਜ਼ ਸ਼ਰਾਬ ਕਾਰੋਬਾਰੀਆ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਸੀ ਹਾਲਾਂਕਿ ਉਨ੍ਹਾਂ ਨੂੰ ਕਈ ਵੀ ਵਾਰ ਮੰਗ ਪੱਤਰ ਵੀ ਦਿੱਤੇ ਗਏ ਤੇ ਨਾਜਾਇਜ਼ ਸ਼ਰਾਬ ਸਪਲਾਈ ਕਰਨ ਲਈ ਵਰਤੇ ਜਾਂਦੇ ਸਕੂਟਰ ਤੇ ਕਾਰਾਂ ਦੇ ਨੰਬਰ ਵੀ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਅਤੇ ਕਾਂਗਰਸ ਦੇ ਦੋ ਐੱਮ.ਪੀਜ਼ ਨੇ ਮੰਨਿਆ ਹੈ ਕਿ ਕਾਂਗਰਸੀ ਆਗੂ ਸੂਬੇ ਵਿਚ ਨਾਜਾਇਜ਼ ਸ਼ਰਾਬ ਦਾ ਧੰਦਾ ਕਰ ਰਹੇ ਹਨ ਪਰ ਮੁੱਖ ਮੰਤਰੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਇਨ੍ਹਾਂ ਨੂੰ ਸ਼ਿਆਸੀ ਸ਼ਰਣ ਦੇ ਰਹੇ ਹਨ ਤੇ ਉਨ੍ਹਾਂ ਨੂੰ ਮੁਕੱਦਮਿਆਂ ਤੋਂ ਬਚਾਅ ਰਹੇ ਹਨ।