- ਸਾਰੇ ਸਰਗਨੇ 'ਤੇ ਕਤਲ ਦਾ ਮਾਮਲਾ ਦਰਜ, ਦੋਸ਼ੀਆਂ ਨੂੰ ਪਨਾਹ ਦੇਣ ਵਾਲੇ 21 ਵਿਅਕਤੀਆਂ ਵਿਰੁੱਧ 2 ਹੋਰ ਐਫਆਈਆਰਜ਼ ਦਰਜ
ਚੰਡੀਗੜ੍ਹ, 7 ਅਗਸਤ 2020 - ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਸ਼ਰਾਬ ਦੁਖਾਂਤ ਵਿੱਚ ਸ਼ਾਮਲ ਫਰਾਰ ਦੋ ਮੁੱਖ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਇਸ ਕੇਸ ਵਿੱਚ ਸਾਰੇ ਸਰਗਨਾਵਾਂ ਵਿਰੁੱਧ ਦਰਜ ਐਫਆਈਆਰ ਵਿੱਚ ਕਤਲ ਦੇ ਦੋਸ਼ ਤਹਿ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਮੁਤਾਬਕ ਸਰਗਨਾਵਾਂ ਵਿਰੁੱਧ ਐਫਆਈਆਰਜ਼ ਵਿਚ ਆਈ.ਪੀ.ਸੀ ਦੀ ਧਾਰਾ 302 ਸ਼ਾਮਲ ਕੀਤੀ ਗਈ ਹੈ, ਜੋ ਕਿ ਤਿੰਨ ਜ਼ਿਲਿਆਂ ਵਿਚ 113 ਵਿਅਕਤੀਆਂ ਦੀ ਮੌਤ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ।
ਪੰਡੋਰੀ ਗੋਲਾ ਰਹਿਣ ਵਾਲੇ ਪਿਉ-ਪੁੱਤਰ, ਹਰਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਦੀ ਗ੍ਰਿਫਤਾਰੀ ਨਾਲ ਇਸ ਮਾਮਲੇ ਵਿੱਚ ਕੁਲ ਗ੍ਰਿਫਤਾਰੀਆਂ ਦੀ ਗਿਣਤੀ 54 ਹੋ ਗਈ ਹੈ । ਹੁਣ ਤਰਨ ਤਾਰਨ ਵਿੱਚ 37, ਅਮ੍ਰਿਤਸਰ ਦਿਹਾਤੀ ਵਿੱਚ 9 ਅਤੇ ਬਟਾਲਾ ਵਿੱਚ 8 ਗ੍ਰਿਫਤਾਰੀਆਂ ਹੋਈਆਂ ਹਨ। ਡੀਜੀਪੀ ਨੇ ਦੱਸਿਆ ਕਿ ਕਸ਼ਮੀਰ ਸਿੰਘ ਅਤੇ ਸਤਨਾਮ ਸਿੰਘ ਉਰਫ ਸੱਤਾ ਤੋਂ ਇਲਾਵਾ ਹਰਜੀਤ ਸਿੰਘ ਅਤੇ ਸ਼ਮਸ਼ੇਰ ਉੱਤੇ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੇਸ ਵਿਚ ਸ਼ਾਮਿਲ ਅਪਰਾਧੀਆਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਦੋ ਐਫ.ਆਈ.ਆਰ ਆਈ.ਪੀ.ਸੀ ਦੀ ਧਾਰਾ 216 ਤਹਿਤ ਦਰਜ ਕੀਤੀਆਂ ਗਈਆਂ ਹਨ ਅਤੇ ਇਸ ਸਬੰਧੀ 21 ਵਿਆਕਤੀਆਂ ਨੂੰ ਗ੍ਰਿਫਤਾਰ ਕੀਤਾ ਕੀਤਾ ਜਾ ਚੁੱਕਾ ਹੈ।ਪਹਿਲੀ ਮੌਤ 31 ਜੁਲਾਈ ਨੂੰ ਰਿਪੋਰਟ ਹੋਣ ਤੋਂ ਹੁਣ ਤੱਕ ਤਿੰਨ ਪ੍ਰਭਤਾਵਿਤ ਜ਼ਿਲਿਆਂ ਵਿਚ 887 ਛਾਪੇਮਾਰੀਆਂ ਕੀਥੀਆਂ ਗਈਆਂ ਹਨ (ਤਰਨ ਤਾਰਨ-303, ਅੰਮ੍ਰਿਤਸਰ ਦਿਹਾਤੀ-330 ਅਤੇ ਬਟਾਲਾ-254)।
ਜਦਕਿ ਹਰਜੀਤ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਾਬੂ ਕੀਤਾ ਸੀ, ਜਿਸ 'ਤੇ ਇੱਕ ਐਫ.ਆਈ.ਆਰ ਦਰਜ ਕੀਤੀ ਗਈ ਹੈ।ਉਸ ਦਾ ਪੁੱਤਰ ਤਰਨ ਤਾਰਨ ਪੁਲਿਸ ਨੇ ਫੜਿਆ ਹੈ, ਜਿਸ 'ਤੇ 84 ਮੌਤਾਂ ਨਾਲ ਸਬੰਧਤ 3 ਐਫ.ਆਈ ਦਰਜ ਕੀਤੀਆਂ ਗਈਆਂ ਹਨ।ਦੋ ਐਫ.ਆਈ ਆਰ 14 ਮੌਤਾਂ ਨਾਲ ਸਬੰਧਤ ਬਟਾਲਾ ਵਿਖੇ ਦਰਜ ਕੀਤੀਆਂ ਗਈਆਂ ਹਨ।ਤਾਲਮੇਲ ਰਹੀਂ ਕੀਤੀ ਗਈ ਛਾਪੇਮਾਰੀ ਨਾਲ ਇੰਨਾਂ ਦੋਵਾਂ ਦੀ ਗ੍ਰਿਫਤਾਰੀ ਅੱਜ ਸਵੇਰੇ ਕੀਤੀ ਗਈ।
ਪੰਜਾਬ ਪੁਲਿਸ ਦੇ ਮੁਖੀ ਸ੍ਰੀ ਗੁਪਤਾ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਤਸਕਰਾਂ ਵਿਰੁੱਧ ਕਾਰਵਾਈ ਬਾਰੇ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਪਿਛਲੇ ਚੌਵੀ ਘੰਟਿਆਂ ਦੌਰਾਨ ਕੁੱਲ 116 ਕੇਸ ਦਰਜ ਕੀਤੇ ਗਏ ਹਨ ਅਤੇ 74 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਸਮੇਂ ਦੌਰਾਨ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕਰਕੇ ਪੰਜਾਬ ਪੁਲਸ ਨੇ 1114 ਲੀਟਰ ਨਾਜਾਇਜ਼ ਸ਼ਰਾਬ, 642 ਲੀਟਰ ਦੇਸੀ ਦਾਰੂ ਅਤੇ 3921 ਕਿਲੋਗ੍ਰਾਮ ਲਾਹਣ ਬਰਾਮਦ ਕੀਤੀ ਹੈ ਜਦਕਿ ਦੇਸੀ ਸ਼ਰਾਬ ਕੱਢਦੇ ਹੋਏ ਪੰਜ ਚੱਲਦੀਆਂ ਭੱਠੀਆਂ ਫੜ੍ਹੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਸ਼ੁਰੂ ਤੋਂ ਹੁਣ ਤੱਕ 11141 ਮੁਕੱਦਮੇ ਅਤੇ 10456 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਜਦਕਿ 167249 ਲਿਟਰ ਨਾਜਾਇਜ਼ ਦੇਸੀ ਦਾਰੂ, 386937 ਲੀਟਰ ਨਾਜਾਇਜ਼ ਸ਼ਰਾਬ ਅਤੇ 1582479 ਕਿਲੋਗ੍ਰਾਮ ਲਾਹਣ ਵੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ 184244 ਲੀਟਰ ਅੰਗਰੇਜ਼ੀ ਦਾਰੂ 746 ਲਿਟਰ ਰੰਮ ਅਤੇ 20113 ਲੀਟਰ ਬੀਅਰ ਵੀ ਬ੍ਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 47620 ਲਿਟਰ ਸਪਿਰਟ ਅਤੇ 440 ਚੱਲਦੀਆਂ ਦੇਸੀ ਸ਼ਰਾਬ ਦੀਆਂ ਭੱਠੀਆਂ ਵੀ ਫੜੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਦੋਸ਼ੀ ਸਤਨਾਮ ਸਿੰਘ ਪੁੱਤਰ ਹਰਜੀਤ ਸਿੰਘ ਵੱਲੋਂ ਪੁਲਿਸ ਕੋਲ ਪੁੱਛਗਿੱਛ ਦੌਰਾਨ ਕੀਤੇ ਖੁਲਾਸਿਆਂ ਬਾਰੇ ਦੋ ਦੋਸ਼ੀਆਂ ਨੇ ਪੁਲਿਸ ਕੋਲ ਪੁਲਿਸ ਕੋਲ ਮੰਨਿਆ ਹੈ ਕਿ ਉਨ੍ਹਾਂ ਨੇ 27 ਜੁਲਾਈ ਨੂੰ ਪੰਡੋਰੀ ਗੋਲਾ, ਤਰਨਤਾਰਨ ਦੇ ਅਵਤਾਰ ਸਿੰਘ ਕੋਲੋਂ ਤਿੰਨ ਨਾਜਾਇਜ਼ ਸ਼ਰਾਬ ਦੇ ਤਿੰਨ ਡਰੰਮ ਖਰੀਦੇ ਸਨ। ਹਰਜੀਤ ਸਿੰਘ ਨੇ ਇਹ ਸ਼ਰਾਬ ਲੈਣ ਲਈ ਪੰਦਰਾਂ ਦਿਨ ਪਹਿਲਾਂ ਅਵਤਾਰ ਸਿੰਘ ਨੂੰ 15 ਹਜ਼ਾਰ ਰੁਪਏ ਦਿੱਤੇ ਸਨ ਅਤੇ ਦੂਜੀ ਕਿਸ਼ਤ ਦੇ 15 ਹਜ਼ਾਰ ਰੁਪਏ ਇਹ ਨਾਜਾਇਜ਼ ਦਾਰੂ ਪ੍ਰਾਪਤ ਹੋਣ ਉੱਤੇ ਦੇਣੇ ਸਨ। ਡੀਜੀਪੀ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਦੋਸ਼ੀਆਂ ਨੇ ਇਸ ਮਾਮਲੇ ਵਿੱਚ ਸ਼ਾਮਲ ਤੇਰਾਂ ਹੋਰ ਵਿਅਕਤੀਆਂ ਦੇ ਨਾਮ ਉਜਾਗਰ ਕੀਤੇ ਹਨ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।