ਚੰਡੀਗੜ੍ਹ, 2 ਅਗਸਤ 2020 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਡਸਾ ਨੇ ਮਾਝੇ ਦੇ ਤਰਨ ਤਾਰਨ ,ਅੰਮ੍ਰਿਤਸਰ ਤੇ ਬਟਾਲਾ ਜ਼ਿਲ੍ਹਿਆਂ ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੈਂਕੜੇ ਦੇ ਕਰੀਬ ਵਿਅਕਤੀਆਂ ਦੀਆਂ ਹੋਈਆਂ ਮੌਤਾਂ ਦਾ ਜ਼ਿੰਮੇਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸਿੱਧੇ ਤੌਰ ਤੇ ਠਹਿਰਾਉਂਦਿਆਂ, ਇਸ ਮਾਮਲੇ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ।
ਸਰਦਾਰ ਢੀਂਡਸਾ ਨੇ ਇਸ ਮਾਮਲੇ ਦੀ ਜਾਂਚ ਲਈ ਕੈਪਟਨ ਸਰਕਾਰ ਵੱਲੋਂ ਗਠਿਤ ਕੀਤੀ ਗਈ ਮੈਜਿਸਟ੍ਰੇਟੀ ਇਨਕੁਆਰੀ ਨੂੰ ਰੱਦ ਕਰਦਿਆਂ ਕਿਹਾ ਕਿ ਅਜਿਹੀਆਂ ਪੜਤਾਲਾਂ ਤਾਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਬਰਾਬਰ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ 3-4 ਮਹੀਨੇ ਪਹਿਲਾਂ ਖੰਨਾ , ਰਾਜਪੁਰਾ ਤੇ ਲੁਧਿਆਣਾ ਵਿਖੇ ਫੜੀਆਂ ਗਈਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਦੇ ਅਸਲ ਮਾਲਕਾਂ ਵਿਰੁੱਧ ਕਾਰਵਾਈ ਕਰੀ ਹੁੰਦੀ ਤਾਂ ਅੱਜ ਇਹ ਦੁਖਾਂਤ ਨਾ ਵਾਪਰਦਾ।
ਢੀਂਡਸਾ ਨੇ ਇਹ ਵੀ ਕਿਹਾ ਕਿ ਸਬੰਧਤ ਇਲਾਕਿਆਂ ਦੇ ਐਸਐਚਓ, ਡੀਐਸਪੀ ਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰਾਂ ਨੂੰ ਸਸਪੈਂਡ ਕਰਨਾ ਕੋਈ ਕਾਰਵਾਈ ਨਹੀਂ ,ਸਗੋਂ ਇਨ੍ਹਾਂ ਨੂੰ ਤੁਰੰਤ ਡਿਸਮਿਸ ਕਰਨ ਤੋਂ ਇਲਾਵਾ ਸਬੰਧਤ ਹਲਕੇ ਦੇ ਕਾਂਗਰਸੀ ਵਿਧਾਇਕਾਂ, ਜਿਨ੍ਹਾਂ ਦੀ ਸਿਫਾਰਸ਼ ਨਾਲ ਇਸ ਗੋਰਖ ਧੰਦੇ ਨੂੰ ਚਲਾਉਣ ਲਈ ਸਿਫ਼ਾਰਸ਼ਾਂ ਸਬੰਧਤ ਥਾਣਿਆਂ ਚ ਹੁੰਦੀਆਂ ਸਨ ,ਵਿਰੁੱਧ ਵੀ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਢੀਂਡਸਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਜਦੋਂ ਪੰਜਾਬ ਦੇ ਗੱਭਰੂ ਚਿੱਟੇ ਦੇ ਨਸ਼ੇ ਚ ਫੱਸ ਕੇ ਰੋਜ਼ਾਨਾ ਦਰਜਨਾਂ ਦੀ ਗਿਣਤੀ ਚ ਨੌਜਵਾਨ ਮਰ ਰਹੇ ਸਨ ਤਾਂ ,ਤੁਸੀਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਕਹਿ ਕੇ ਸਰਕਾਰ ਬਣਾਈ ਸੀ ,ਹੁਣ ਉਹ ਕਿੱਥੇ ਗਈ ?
ਹੁਣ ਕਾਂਗਰਸ ਦੀ ਸਰਕਾਰ ਚ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਦਾ ਪਰਦਾਫਾਸ਼ ਹੋ ਜਾਣ ਤੋਂ ਬਾਅਦ ਨਕਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਵਧੇ ਅੰਕੜੇ ਤੋਂ ਇਹ ਗੱਲ ਸਾਫ ਹੋ ਗਈ ਕਿ ਕੈਪਟਨ ਸਰਕਾਰ ਲੋਕਾਂ ਦੇ ਹਿੱਤਾਂ ਲਈ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ । ਇਸ ਸਮੇਂ ਸਰਦਾਰ ਢੀਂਡਸਾ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 20 -20 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ।