ਅਜੇ ਤੱਕ ਕਿਸੇ ਪਾਰਟੀ ਉਮੀਦਵਾਰ ਨੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 1 ਜੂਨ, 2022: ਸੰਗਰੂਰ ਲੋਕ ਸਭਾ ਹਲਕਾ ਉੱਪ ਚੋਣ ਲਈ ਨਾਮਜ਼ਦਗੀ ਦੀ ਪ੍ਰਕਿਰਿਆ ਦੇ ਅੱਜ ਤੀਸਰਾ ਦਿਨ ਹੋਣ ਦੇ ਬਾਵਜੂਦ ਅਜੇ ਤੱਕ ਕਿਸੇ ਵੀ ਪਾਰਟੀ ਉਮੀਦਵਾਰ ਨੇ ਨਾ ਤਾਂ ਪੇਪਰ ਦਾਖਲ ਕੀਤੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੂੰ ਛੱਡ ਕੇ ਨਾ ਹੀ ਕਿਸੇ ਸਿਆਸੀ ਪਾਰਟੀ ਵੱਲੋਂ ਉਮੀਦਵਾਰ ਵੱਲੋਂ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ। ਅੱਜ ਤੀਜੇ ਦਿਨ ਵੀ ਸਿਰਫ਼ ਇੱਕ ਆਜ਼ਾਦ ਉਮੀਦਵਾਰ ਅਜੇ ਕੁਮਾਰ ਵੱਲੋਂ ਕਾਗਜ਼ ਦਾਖਿਲ ਕੀਤੇ ਗਏ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਸੰਗਰੂਰ ਲੋਕ ਸਭਾ ਉੱਪ ਚੋਣ ਲਈ ਵੋਟਾਂ 23 ਜੂਨ ਨੂੰ ਪੈਣ ਜਾ ਰਹੀਆਂ ਹਨ। ਉਸ ਲਈ 30 ਮਈ ਤੋਂ 6 ਜੂਨ ਤੱਕ ਨਾਮਜ਼ਦਗੀ ਦਾਖਲ ਕਰਨ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਹੈ। 5 ਜੂਨ ਦਿਨ ਐਤਵਾਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰੇ ਜਾ ਸਕਣਗੇ।
ਜ਼ਿਕਰਯੋਗ ਹੈ ਕਿ 6 ਜੂਨ ਤੱਕ ਕਾਗਜ਼ ਦਾਖਲ ਕਰਵਾਉਣ ਦੀ ਅੰਤਿਮ ਤਾਰੀਖ ਹੈ। ਭਾਵੇਂ ਸਿਮਰਨਜੀਤ ਸਿੰਘ ਮਾਨ ਵਲੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਅਤੇ ਅਕਾਲੀ ਦਲ ਵਲੋਂ ਪੰਥਕ ਉਮੀਦਵਾਰ ਨੂੰ ਹਮਾਇਤ ਦੇਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਨਾ ਤਾਂ ਹੁਣ ਤੱਕ ਮਾਨ ਨੇ ਨਾਮਜ਼ਦਗੀ ਦਾਖਲ ਕੀਤੀ ਅਤੇ ਨਾ ਹੀ ਅਕਾਲੀ ਦਲ ਵਲੋਂ ਕੋਈ ਫੈਸਲਾ ਲਿਆ ਗਿਆ ਹੈ।
ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਦਾ ਐਲਾਨ ਹੋਣਾ ਵੀ ਬਾਕੀ ਹੈ, ਜਿਸ ਵਿਚ ਹੋ ਰਹੀ ਦੇਰ ਨੂੰ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਾਈਡ ਇਫੈਕਟ ਵਜੋਂ ਦੇਖਿਆ ਜਾ ਸਕਦਾ ਹੈ ਕਿਉਂਕਿ ਇਸ ਦੌਰ ਵਿਚ ਕੋਈ ਵੀ ਪਾਰਟੀ ਸਿਆਸੀ ਗਤੀਵਿਧੀਆ ਕਰਦੀ ਹੈ ਤਾਂ ਤਣਾਅਪੂਰਨ ਮਾਹੌਲ ਦੇ ਬਾਵਜੂਦ ਰਾਜਨੀਤੀ ਨੂੰ ਪਹਿਲ ਦੇਣ ਦੇ ਮੁੱਦੇ ’ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਅਤੇ ਵਿਧਾਇਕਾਂ ਦੇ ਟ੍ਰੇਨਿੰਗ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਹਨ।