ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਅਬਜ਼ਰਵਰ ਅਤੇ ਖਰਚਾ ਅਬਜ਼ਰਵਰ ਵੱਲੋਂ ਲੋਕ ਸਭਾ ਦੀ ਜ਼ਿਮਨੀ ਚੋਣ ਦੀ ਤਿਆਰੀ ਬਾਰੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ
- ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਦੇ ਉੱਚ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਹੋਏ ਸ਼ਾਮਲ
- ਜਨਰਲ ਅਬਜ਼ਰਵਰ ਨੇ ਸੀ-ਵਿਜਿਲ ਬਾਰੇ ਵਧੇਰੇ ਜਾਗਰੂਕਤਾ 'ਤੇ ਦਿੱਤਾ ਜ਼ੋਰ
- ਗੁਆਂਢੀ ਸੂਬੇ ਨਾਲ ਲਗਦੇ ਇਲਾਕਿਆਂ ਵਿੱਚ ਤਿੱਖੀ ਨਜ਼ਰ ਰੱਖਣ ਦੀ ਹਦਾਇਤ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 8 ਜੂਨ, 2022: ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਤਾਇਨਾਤ ਕੀਤੇ ਗਏ ਜਨਰਲ ਅਬਜ਼ਰਵਰ ਅਤੇ ਖਰਚਾ ਅਬਜ਼ਰਵਰ ਵੱਲੋਂ ਅੱਜ ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਦੀ ਹਾਜ਼ਰੀ ਵਿੱਚ ਜ਼ਿਲਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਜ਼ਿਮਨੀ ਚੋਣ ਦੀ ਤਿਆਰੀ ਸਬੰਧੀ ਜ਼ਿਲ੍ਹਾ ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਦੇ ਉੱਚ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਹਰੀਸ਼ ਨਈਅਰ, ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ, ਐੱਸ.ਐੱਸ.ਪੀ ਮਲੇਰਕੋਟਲਾ ਅਲਕਾ ਮੀਨਾ, ਐੱਸ.ਐੱਸ.ਪੀ ਬਰਨਾਲਾ ਸੰਦੀਪ ਕੁਮਾਰ ਮਲਿਕ , ਵਧੀਕ ਜ਼ਿਲ੍ਹਾ ਚੋਣ ਅਫਸਰ ਸੰਗਰੂਰ ਅਨਮੋਲ ਸਿੰਘ ਧਾਲੀਵਾਲ, ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮਲੇਰਕੋਟਲਾ ਸੁਖਪ੍ਰੀਤ ਸਿੰਘ ਸਿੱਧੂ, ਵਧੀਕ ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਅਮਿਤ ਬੈਂਬੀ ਸਮੇਤ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ, ਐੱਸ.ਪੀਜ਼, ਡੀ.ਐੱਸ.ਪੀਜ਼ ਅਤੇ ਤਹਿਸੀਲਦਾਰ ਚੋਣਾਂ ਨੇ ਹਿੱਸਾ ਲਿਆ।
ਮੀਟਿੰਗ ਦੌਰਾਨ ਜਨਰਲ ਅਬਜ਼ਰਵਰ ਆਈ.ਏ.ਐੱਸ ਅਧਿਕਾਰੀ ਸ਼੍ਰੀ ਮੁਹੰਮਦ ਜ਼ੁਬੇਰ ਅਲੀ ਹਾਸ਼ਮੀ ਨੇ ਹੁਣ ਤੱਕ ਕੀਤੇ ਚੋਣ ਪ੍ਰਬੰਧਾਂ ਬਾਰੇ ਵਿਸਥਾਰ ਵਿੱਚ ਜਾਇਜ਼ਾ ਲਿਆ। ਉਨਾਂ ਹਦਾਇਤ ਕੀਤੀ ਕਿ ਸਮੂਹ ਟੀਮਾਂ ਪੂਰੀ ਮੁਸਤੈਦੀ ਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਆਪਣੀ ਚੋਣ ਡਿਊਟੀ ਨਿਭਾਉਣ ਅਤੇ ਹਰੇਕ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖੀ ਜਾਵੇ। ਉਨਾਂ ਨੇ ਜ਼ਿਲੇ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਦਿੱਤੀ। ਜਨਰਲ ਅਬਜ਼ਰਵਰ ਨੇ ਕਿਹਾ ਕਿ ਸੀ-ਵਿਜਿਲ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਕੋਈ ਵੀ ਨਾਗਰਿਕ ਚੋਣ ਉਲੰਘਣਾ ਬਾਰੇ ਤੁਰੰਤ ਆਪਣੀ ਸ਼ਿਕਾਇਤ ਦਰਜ ਕਰਵਾ ਸਕੇ ਅਤੇ ਅਧਿਕਾਰੀ ਨਿਰਧਾਰਤ ਸਮੇਂ ਅੰਦਰ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਪਾਬੰਦ ਰਹਿਣ।
ਉਨ੍ਹਾਂ ਨੇ ਈ.ਵੀ.ਐਮ ਪ੍ਰਬੰਧਨ, ਟਰਾਂਸਪੋਰਟ ਪ੍ਰਬੰਧਨ, ਚੋਣ ਸਮੱਗਰੀ ਪ੍ਰਬੰਧਨ, ਵੱਖ ਵੱਖ ਨੋਡਲ ਅਧਿਕਾਰੀਆਂ ਤੇ ਟੀਮਾਂ ਦੀ ਢੁਕਵੀਂ ਸਿਖਲਾਈ, ਸਵੀਪ ਗਤੀਵਿਧੀਆਂ, ਈ.ਟੀ.ਪੀ.ਬੀ.ਐੱਸ ਤੇ ਪੋਸਟਲ ਬੈਲਟ ਪੇਪਰਾਂ, ਵੈਬਕਾਸਟਿੰਗ, ਐੱਫ.ਐਸ.ਟੀ, ਐੱਸ.ਐੱਸ.ਟੀ, ਦਿਵਿਆਂਗ ਵੋਟਰਾਂ ਦੀਆਂ ਸੁਵਿਧਾਵਾਂ ਆਦਿ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਗੁਆਂਢੀ ਸੂਬੇ ਦੀ ਹੱਦ ਨਾਲ ਲੱਗਦੇ ਜ਼ਿਲ੍ਹੇ ਦੇ ਇਲਾਕੇ ਵਿਚ ਵਧੇਰੇ ਮੁਸਤੈਦੀ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਸੁਰੱਖਿਆ ਵਿਵਸਥਾ, ਸ਼ਰਾਬ ਦੀ ਤਸਕਰੀ ਰੋਕਣ ਲਈ ਕੀਤੇ ਪ੍ਰਬੰਧਾਂ, ਨਾਕਾਬੰਦੀ, ਪੈਟਰੋਲਿੰਗ ਪਾਰਟੀਆਂ, ਪੁਲਿਸ ਫੋਰਸ, ਸਟਰੌਂਗ ਰੂਮ ਤੇ ਗਿਣਤੀ ਕੇਂਦਰਾਂ ਦੀ ਸੁਰੱਖਿਆ, ਸੀ.ਸੀ.ਟੀ.ਵੀ ਕੈਮਰਿਆਂ, ਵੀਡੀਓਗ੍ਰਾਫੀ ਪ੍ਰਬੰਧਨ ਆਦਿ ਦਾ ਜਾਇਜ਼ਾ ਵੀ ਲਿਆ। ਇਸ ਦੌਰਾਨ ਖਰਚਾ ਅਬਜ਼ਰਵਰ ਸ਼੍ਰੀ ਸ਼ਿਆਮ ਮਨੋਹਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੱਖ-ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਤੇ ਆਜ਼ਾਦ ਉਮੀਦਵਾਰਾਂ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਕੀਤੇ ਜਾਣ ਵਾਲੇ ਖਰਚਿਆਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ।
ਮੀਟਿੰਗ ਦੌਰਾਨ ਰਿਟਰਨਿੰਗ ਅਫ਼ਸਰ ਸ੍ਰੀ ਜਤਿੰਦਰ ਜੋਰਵਾਲ ਨੇ ਜਨਰਲ ਅਬਜ਼ਰਵਰ ਅਤੇ ਖਰਚਾ ਅਬਜ਼ਰਵਰ ਨੂੰ ਵਿਸਵਾਸ ਦਿਵਾਇਆ ਕਿ ਸਮੁੱਚੇ ਚੋਣ ਅਮਲ ਨੂੰ ਪੂਰੇ ਪਾਰਦਰਸ਼ੀ, ਨਿਰਪੱਖ ਅਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜਾਇਆ ਜਾਵੇਗਾ ਅਤੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਨੇ ਪੋਲਿੰਗ ਬੂਥਾਂ, ਕੰਟਰੋਲ ਰੂਮ, ਟ੍ਰੇਨਿੰਗ, ਫਸਟ ਲੈਵਲ ਚੈਕਿੰਗ, ਰੈਂਡੇਮਾਈਜੇਸ਼ਨ, ਚੋਣ ਸਟਾਫ ਦੀ ਰਿਹਰਸਲ ਆਦਿ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।