ਜ਼ਿਮਨੀ ਚੋਣ ਲੋਕ ਸਭਾ 2022 - ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਂਤੀਪੂਰਨ ਤੇ ਨਿਰਪੱਖ ਜ਼ਿਮਨੀ ਲੋਕ ਸਭਾ ਚੋਣ ਲਈ ਪੁਖਤਾ ਪ੍ਰਬੰਧ ਮੁਕੰਮਲ
- ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ
- ਅੱਜ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਕਰਨ 'ਤੇ ਪੂਰਨ ਪਾਬੰਦੀ ਰਹੇਗੀ ਅਤੇ ਕਿਸੇ ਵੱਲੋਂ ਉਲੰਘਣਾ ਕਰਨ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ-ਜ਼ਿਲ੍ਹਾ ਚੋਣ ਅਫ਼ਸਰ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 22 ਜੂਨ 2022 - ਜਿਲ੍ਹੇ ਵਿਚ ਜ਼ਿਮਨੀ ਚੋਣ ਲੋਕ ਸਭਾ 2022 ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਲੋਕ ਬਿਨ੍ਹਾਂ ਕਿਸੇ ਡਰ ਜਾਂ ਭੈਅ ਤੋਂ ਆਪਣੀ ਵੋਟ ਪਾ ਸਕਣ। ਵੋਟਰ 23 ਜੂਨ ਨੂੰ ਸਵੇਰੇ 08.00 ਵਜੇ ਤੋਂ ਸ਼ਾਮ 06.00 ਵਜੇ ਤੱਕ ਵੋਟਿੰਗ ਵਿਚ ਵੱਧ ਚੜਕੇ ਹਿੱਸਾ ਲੈਣ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ ਲੋਕ ਸਭਾ ਹਲਕਾ 12 ਸੈਗਮੈਂਟ 105 ਮਾਲੇਰਕੋਟਲਾ ਕਮ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਕੀਤੇ ।
ਉਨ੍ਹਾਂ ਹੋਰ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਜ਼ਿਲ੍ਹੇ ਵਿੱਚ ਜੇਕਰ ਕੋਈ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਰਾਜਸੀ ਪਾਰਟੀਆਂ ਤੇ ਪੈਨੀ ਨਜ਼ਰ ਰੱਖਣ ਲਈ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਫਲਾਇੰਗ ਦਸਤੇ ਟੀਮਾਂ, ਸਟੈਟਿਕ ਸਰਵੇਲੈਂਸ ਟੀਮਾਂ, ਵੀਡੀਓ ਟੀਮਾਂ ਤੇ ਵੀਡੀਓ ਵਿਯੂਇੰਗ ਟੀਮਾਂ ਨੂੰ ਹੋਰ ਚੌਕਸ ਕੀਤਾ ਗਿਆ ਹੈ ਤਾਂ ਜੋ ਵੋਟਰ ਬਿਨਾਂ ਕਿਸੇ ਡਰ ,ਭੈਅ ਤੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਸ ਵੀ ਵਿਅਕਤੀ ਨੂੰ ਸਬੰਧਿਤ ਰਿਟਰਨਿੰਗ ਅਫਸਰ ਵੱਲੋਂ ਮੰਗ ਕਰਨ ਤੇ ਪੋਸਟਲ ਬੈਲਟ ਪੇਪਰ ਜਾਰੀ ਕੀਤਾ ਗਿਆ ਹੈ, ਉਹ ਵਿਅਕਤੀ ਪੋਲਿੰਗ ਸਟੇਸ਼ਨ ਤੇ ਆਪਣੀ ਵੋਟ ਕਾਸਟ ਨਹੀਂ ਕਰ ਸਕਦਾ, ਕਿਉਂਕਿ ਪੋਲਿੰਗ ਸਟਾਫ ਪਾਸ ਮਾਰਕਡ ਸੂਚੀ ਅੱਗੇ ਪੋਸਟਲ ਬੈਲਟ ਜਾਰੀ ਹੋਣ ਦੀ ਮੋਹਰ ਲੱਗੀ ਹੁੰਦੀ ਹੈ। ਇਸ ਲਈ ਜੇਕਰ ਅਜਿਹੇ ਵਿਅਕਤੀਆਂ ਵੱਲੋਂ ਹਾਲੇ ਤੱਕ ਆਪਣੇ ਪੋਸਟਲ ਬੈਲਟ ਤੇ ਵੋਟ ਨਹੀਂ ਪਾਈ ਗਈ ਹੈ ਤਾਂ ਉਹ ਚੋਣ ਨਿਯਮਾਂ ਅਨੁਸਾਰ ਆਪਣੇ ਪੋਸਟਲ ਬੈਲਟ ਪੇਪਰ ਦੀ ਵਰਤੋਂ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਅੱਜ (22 ਜੂਨ 2022) ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਕਰਨ 'ਤੇ ਪੂਰਨ ਪਾਬੰਦੀ ਰਹੇਗੀ ਅਤੇ ਕਿਸੇ ਵੱਲੋਂ ਉਲੰਘਣਾ ਕਰਨ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਘਰ-ਘਰ ਪ੍ਰਚਾਰ ਕਰਨ 'ਤੇ ਕੋਈ ਪਾਬੰਦੀ ਨਹੀਂ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਘਰ-ਘਰ ਪ੍ਰਚਾਰ ਕਰਨ 'ਤੇ ਕੋਈ ਪਾਬੰਦੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਬੰਧਤ ਲੋਕ ਸਭਾ ਹਲਕੇ ਦੇ ਵਸਨੀਕਾਂ ਨੂੰ ਛੱਡ ਕੇ ਜ਼ਿਲ੍ਹੇ ਦੇ ਕਿਸੇ ਵੀ ਹਲਕੇ ਵਿੱਚ ਬਾਹਰੀ ਵਿਅਕਤੀਆਂ ਦੇ ਆਉਣ 'ਤੇ ਪੂਰਨ ਪਾਬੰਦੀ ਹੈ ਅਤੇ ਸ਼ਾਮ 6 ਵਜੇ ਤੋਂ ਪਹਿਲਾਂ ਸਾਰੇ ਵਿਅਕਤੀ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਵਾਪਸ ਚਲੇ ਜਾਣ। ਪੁਲਿਸ ਮੁਲਾਜ਼ਮ, ਰਿਟਰਨਿੰਗ ਅਫ਼ਸਰ ਜਾਂ ਫਲਾਇੰਗ ਸਕੁਐਡ ਉਨ੍ਹਾਂ ਦੇ ਵੋਟਰ ਸ਼ਨਾਖਤੀ ਕਾਰਡਾਂ ਦੀ ਜਾਂਚ ਕਰਨਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਉਸ ਵਿਸ਼ੇਸ਼ ਹਲਕੇ ਦੇ ਵਸਨੀਕ ਹਨ ਜਾਂ ਨਹੀਂ।ਉਨ੍ਹਾਂ ਚੇਤਾਵਨੀ ਦਿੱਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਅਜਿਹੇ ਵਿਅਕਤੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ 21 ਜੂਨ 2022 ਨੂੰ ਸ਼ਾਮ 6 ਵਜੇ ਤੋਂ 23 ਜੂਨ 2022 ਤੱਕ 48 ਘੰਟੇ ਲਈ ਵੋਟਾਂ ਦੀ ਸਮਾਪਤੀ ਤੱਕ ਜ਼ਿਲ੍ਹੇ ਵਿੱਚ ਡਰਾਈ ਡੇਅ ਐਲਾਨਿਆ ਗਿਆ ਹੈ । ਜ਼ਿਲ੍ਹੇ ਵਿੱਚ 26 ਜੂਨ ਨੂੰ ਵੋਟਾਂ ਦੀ ਗਿਣਤੀ ਹੋਣ ਵਾਲੇ ਦਿਨ ਵੀ ਡਰਾਈ ਡੇਅ ਵਜੋਂ ਘੋਸ਼ਿਤ ਕੀਤਾ ਗਿਆ ਹੈ । ਇਨ੍ਹਾਂ ਦਿਨਾਂ ਵਿੱਚ ਕਿਸੇ ਵੀ ਹੋਟਲ, ਰੈਸਟੋਰੈਂਟ, ਕਲੱਬ, ਮੈਰਿਜ ਪੈਲੇਸ ਅਤੇ ਹੋਰਨਾਂ ਥਾਵਾਂ 'ਤੇ ਸ਼ਰਾਬ ਪਰੋਸਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਕੋਈ ਵੀ ਵਿਅਕਤੀ ਸ਼ਰਾਬ ਦੀ ਸਟੋਰੇਜ ਨਹੀਂ ਕਰ ਸਕਦਾ। ਉਨ੍ਹਾਂ ਦੱਸਿਆ ਕਿ ਇਹ ਹੁਕਮ ਵੋਟਾਂ ਪਾਉਣ ਅਤੇ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਜਾਰੀ ਕੀਤੇ ਗਏ ਹਨ।
ਉਨ੍ਹਾਂ ਹੋਰ ਕਿਹਾ ਕਿ ਲੋਕ ਸਭਾ ਉਪ-ਚੋਣਾਂ 2022 ਦੇ ਮੱਦੇਨਜ਼ਰ ਜ਼ਿਲ੍ਹਾ ਮਾਲੇਰਕੋਟਲਾ ਦੀ ਹਦੂਦ ਅੰਦਰ 21 ਜੂਨ 2022 ਸ਼ਾਮ 6-00 ਵਜੇ ਤੋਂ 24 ਜੂਨ 2022 ਸ਼ਾਮ 6-00 ਵਜੇ ਤੱਕ ਸਾਰੇ ਦਿਨਾਂ ਲਈ ਕਿਸੇ ਵੀ ਪਬਲਿਕ ਸਥਾਨ ਤੇ 05 ਜਾਂ 05 ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ ਜਾਂ ਕਿਸੇ ਵੀ ਕਿਸਮ ਦਾ ਜਲੂਸ ਕੱਢਣ ਤੇ ਪਾਬੰਦੀ ਲਗਾਈ ਹੈ ਅਤੇ 48 ਘੰਟਿਆਂ ਦੌਰਾਨ ਡੋਰ-ਟੂ-ਡੋਰ ਪ੍ਰਚਾਰ ਅਧੀਨ ਘਰ-ਘਰ ਜਾਣ ਤੇ ਰੋਕ ਨਹੀਂ ਹੋਵੇਗੀ।