ਜ਼ਿਮਨੀ ਚੋਣਾਂ: ਪੰਜਾਬ ਦੇ ਇਸ ਜ਼ਿਲ੍ਹੇ ਦੇ ਸਰਕਾਰੀ ਮੁਲਾਜ਼ਮ ਲੈ ਸਕਦੇ ਨੇ ਵਿਸ਼ੇਸ਼ ਛੁੱਟੀ
ਜ਼ਿਮਨੀ ਚੋਣ ਸੰਗਰੂਰ 'ਚ ਲਈ ਹੁਸ਼ਿਆਰਪੁਰ ਦੇ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਲੈ ਸਕਦੇ ਹਨ ਵਿਸ਼ੇਸ਼ ਛੁੱਟੀ
- ਜ਼ਿਲ੍ਹਾ ਸੰਗਰੂਰ, ਬਰਨਾਲਾ ਤੇ ਵਿਧਾਨ ਸਭਾ ਹਲਕਾ ਮਲੇਰਕੋਟਲਾ ਨਾਲ ਸਬੰਧਤ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਵੋਟ ਪਾਉਣ ਲਈ 23 ਦੀ ਲੈ ਸਕਦੇ ਹਨ ਵਿਸ਼ੇਸ਼ ਛੁੱਟੀ : ਜ਼ਿਲ੍ਹਾ ਚੋਣ ਅਫ਼ਸਰ
ਹੁਸ਼ਿਆਰਪੁਰ, 21 ਜੂਨ 2022 - ਪੰਜਾਬ ਸਰਕਾਰ ਨੇ ਸੰਗਰੂਰ ਲੋਕ ਸਭਾ ਸੀਟ ਲਈ ਹੋ ਰਹੀ ਉਪ ਚੋਣ ਕਾਰਨ ਜ਼ਿਲ੍ਹਾ ਸੰਗਰੂਰ, ਜ਼ਿਲ੍ਹਾ ਬਰਨਾਲਾ ਤੇ ਜ਼ਿਲ੍ਹਾ ਮਲੇਰਕੋਟਲਾ ਦੇ 105-ਮਲੇਰਕੋਟਲਾ ਵਿਧਾਨ ਸਭਾ ਹਲਕੇ ਵਿਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਸਰਕਾਰੀ ਵਿਦਿਅਕ ਅਦਾਰਿਆਂ ਵਿਚ 23 ਜੂਨ ਨੂੰ ਸਥਾਨਕ ਛੁੱਟੀ ਘੋਸ਼ਿਤ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਜਿਸ ਅਨੁਸਾਰ ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਜ਼ਿਲ੍ਹਾ ਸੰਗਰੂਰ, ਬਰਨਾਲਾ ਤੇ ਜ਼ਿਲ੍ਹਾ ਮਲੇਰਕੋਟਲਾ ਦੇ 105-ਮਲੇਰਕੋਟਲਾ ਵਿਧਾਨ ਸਭਾ ਹਲਕੇ ਦਾ ਵੋਟਰ ਹੈ ਅਤੇ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਸਰਕਾਰੀ ਵਿਦਿਅਕ ਅਦਾਰਿਆਂ ਵਿਚ ਕੰਮ ਕਰਦਾ ਹੈ, ਤਾਂ ਵੋਟ ਪਾਉਣ ਲਈ ਆਪਣਾ ਵੋਟਰ ਕਾਰਡ ਪੇਸ਼ ਕਰਕੇ ਸਬੰਧਤ ਅਥਾਰਟੀ ਤੋਂ 23 ਜੂਨ ਦੀ ਵਿਸ਼ੇਸ਼ ਛੁੱਟੀ ਲੈ ਸਕਦਾ ਹੈ। ਇਹ ਛੁੱਟੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ ਵਿਚੋਂ ਨਹੀਂ ਕੱਟੀ ਜਾਵੇਗੀ।