ਬੀਬਾ ਕਮਲਦੀਪ ਕੌਰ ਰਾਜੋਆਣਾ ਨੂੰ ਲੋਕ ਸਭਾ ਲਈ ਚੁਣ ਕੇ ਬੰਦੀ ਸਿੰਘਾਂ ਨੁੰ ਪਰਿਵਾਰਾਂ ਨਾਲ ਮਿਲਾਉਣ ਦਾ ਮੌਕਾ ਦੇਣ ਪੰਜਾਬੀ : ਸੁਖਬੀਰ ਬਾਦਲ
- ਆਖਿਆ ਕਿ ਉਹਨਾਂ ਬੰਦੀ ਸਿੰਘਾਂ ਦੇ ਪਰਿਵਾਰਾਂ ਵਿਚੋਂ ਇਕ ਸਾਂਝਾ ਉਮੀਦਵਾਰ ਖੜ੍ਹਾ ਕਰਨ ਵਾਸਤੇ ਸਿਮਰਨਜੀਤ ਸਿੰਘ ਮਾਨ ਨੁੰ ਕੀਤੀ ਸੀ ਅਪੀਲ ਅਤੇ ਉਹਨਾਂ ਨੁੰ ਭਰੋਸਾ ਦੁਆਇਆ ਸੀ ਕਿ 2024 ਦੀਆਂ ਚੋਣਾਂ ਵਿਚ ਅਕਾਲੀ ਦਲ ਉਹਨਾਂ ਦੀ ਹਮਾਇਤ ਕਰੇਗਾ ਪਰ ਉਹਨਾਂ ਨਾਂਹ ਕਰ ਦਿੱਤੀ
- ਬੀਬਾ ਰਾਜੋਆਣਾ ਨੇ ਕਿਹਾ ਕਿ ਬੰਦੀ ਸਿੰਘ ਕਿਸੇ ਧਰਮ, ਜਾਤ ਜਾਂ ਖਿੱਤੇ ਦੇ ਖਿਲਾਫ ਨਹੀਂ ਤੇ ਉਹਨਾਂ ਭਾਵੁਕ ਹੋ ਕੇ ਕਾਰਵਾਈ ਕੀਤੀ, ਇਸੇ ਲਈ ਉਮਰ ਕੈਦਾਂ ਕੱਟੀਆਂ
ਸੰਗਰੂਰ 9 ਜੂਨ 2022 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੁੰ ਅਪੀਲ ਕੀਤੀ ਕਿ ਉਹ ਆਪਸੀ ਮਤਭੇਦ ਭੁਲਾ ਕੇ ਪਿਛਲੇ ਦੋ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਨੁੰ ਉਹਨਾਂ ਦੇ ਪਰਿਵਾਰਾਂ ਨਾਲ ਮਿਲਣ ਦਾ ਮੌਕਾ ਦੇਣ।
ਅੱਜ ਭਦੌੜ, ਬਰਨਾਲਾ, ਮਹਿਲ ਕਲਾਂ ਤੇ ਮਾਲੇਰਕੋਟਲ ਵਿਚ ਵਰਕਰ ਮੀਟਿੰਗਾਂ ਨੁੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਬੰਦੀ ਸਿੰਘਾਂ ਦੇ ਪਰਿਵਾਰਾਂ ਵਿਚੋਂ ਉਮੀਦਵਾਰ ਖੜ੍ਹਾ ਕਰਨ ਦੇ ਹੁਕਮ ਨੁੰ ਮੰਨੇਗਾ ਤਾਂ ਜੋ ਉਹਨਾਂ ਦੀ ਰਿਹਾਈ ਵਾਸਤੇ ਮਜ਼ਬੂਤ ਸੰਦਸ਼ ਜਾਵੇ ਕਿਉਂਕਿ ਉਹ ਉਮਰ ਕੈਦਾਂ ਪੂਰੀਆਂ ਕਰਨ ਦੇ ਬਾਵਜੂਦ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਹਨ। ਉਹਨਾਂ ਕਿਹਾ ਕਿ ਬੀਬਾ ਕਮਲਦੀਪ ਕੌਰ ਰਾਜੋਆਣਾ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਨਾਲ ਨਾਲ ਪੰਥਕ ਜਥੇਬੰਦੀਆਂ ਦੇ ਵੀ ਸਾਂਝੇ ਉਮੀਦਵਾਰ ਹਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਚੋਣ ਬੰਦੀ ਸਿੰਘਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਬਦਲ ਦੇਵੇਗੀ। ਉਹਨਾਂ ਨੇ ਹਰੇਕ ਨੂੰ ਅਪੀਲ ਕੀਤੀ ਕਿ ਉਹ ਬੀਬਾ ਰਾਜੋਆਦਾ ਦੀ ਉਮੀਦਵਾਰੀ ਦੀ ਹਮਾਇਤ ਕਰਨ ਲਈ ਡੱਟ ਕੇ ਅੱਗੇ ਆਉਣ। ਉਹਨਾਂ ਇਹ ਵੀ ਦੱਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੁੰ ਮਿਲੇ ਸਨ ਤੇ ਉਹਨਾਂ ਨੁੰ ਅਪੀਲ ਕੀਤੀ ਸੀ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ ਵਿਚੋਂ ਸਾਂਝਾ ਉਮੀਦਵਾਰ ਬਣਾਈਏ। ਉਹਨਾਂ ਕਿਹਾ ਕਿ ਮੈਂ ਸਰਦਾਰ ਮਾਨ ਨੁੰ ਇਹ ਅਪੀਲ ਇਸ ਕਰ ਕੇ ਕੀਤੀ ਸੀ ਕਿਉਂਕਿ ਉਹ ਆਪ 1989 ਦੀਆਂ ਪਾਰਲੀਮਾਨੀ ਚੋਣਾਂ ਭਾਰੀ ਬਹੁਮਤ ਨਾਲ ਜਿੱਤਣ ਮਗਰੋਂ ਜੇਲ੍ਹ ਵਿਚੋਂ ਰਿਹਾਅ ਹੋ ਗਏ ਸਨ।
ਉਹਨਾਂ ਕਿਹਾ ਕਿ ਜਿਵੇਂ ਉਹ ਕੌਮ ਦੇ ਸਾਂਝੇ ਉਮੀਦਵਾਰ ਸਨ, ਇਸੇ ਤਰੀਕੇ ਅਸੀਂ ਸਾਂਝਾ ਉਮੀਦਵਾਰ ਖੜ੍ਹਾ ਕਰਨਾ ਚਾਹੰਦੇ ਸੀ। ਉਹਨਾਂ ਕਿਹਾ ਕਿ ਅਸੀਂ ਸਰਦਾਰ ਮਾਨ ਨੂੰ ਇਹ ਵੀ ਆਖਿਆ ਸੀ ਕਿ 2024 ਦੀਆਂ ਪਾਰਲੀਮਾਨੀ ਚੋਣਾਂ ਵਿਚ ਅਕਾਲੀ ਦਲ ਉਹਨਾਂ ਦੀ ਉਮੀਦਵਾਰੀ ਦੀ ਹਮਾਇਤ ਕਰੇਗਾ ਤੇ ਉਹਨਾਂ ਨੂੰ ਬੰਦੀ ਸਿੰਘਾਂ ਦੇ ਪਰਿਵਾਰਾਂ ਵਿਚੋਂ ਸਾਂਝਾ ਉਮੀਦਵਾਰ ਖੜ੍ਹਾ ਕਰਨ ਦੇ ਯਤਨਾਂ ਦਾ ਹਿੱਸਾ ਬਣਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ ਇਹ ਬੇਨਤੀ ਨਹੀਂ ਮੰਨੀ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਹਮੇਸ਼ਾ ਬੰਦੀ ਸਿੰਘਾਂ ਦੇ ਨਾਲ ਡੱਟਿਆ ਹੈ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਸਖ਼ਤ ਸਟੈਂਡ ਲੈ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਲਾਉਣ ਤੋਂ ਰੋਕਿਆ। ਇਸੇ ਤਰੀਕੇ ਅਕਾਲੀ ਦਲ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫ ਕਰਵਾਉਣ ਵਿਚ ਅਹਿ ਮਰੋਲ ਅਦਾ ਕੀਤਾ ਤੇ ਉਹਨਾਂ ਦੀ ਪੈਰੋਲ ਵੀ ਯਕੀਨੀ ਬਣਾਈ। ਉਹਨਾਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫ ਹੋਣ ਤੇ ਉਹਨਾਂ ਦੀ ਰਿਹਾਈ ਵਾਸਤੇ ਹਰ ਪਾਸੋਂ ਕਲੀਅਰੰਸ ਮਿਲਣ ਤੋਂ ਬਾਅਦ ਵੀ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਪਿਛਲੇ 7 ਮਹੀਨਿਆਂ ਵਿਚ ਉਹਨਾਂ ਦੀ ਰਿਹਾਈ ਦੇ ਕਾਗਜ਼ਾਂ ’ਤੇ ਹਸਤਾਖ਼ਰ ਨਹੀਂ ਕੀਤੇ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ ਕੇਂਦਰੀ ਜੇਲ੍ਹ ਵਿਚ ਮਾੜੇ ਹਾਲਾਤ ਵਿਚ ਰੱਖਿਆ ਹੋਇਆ ਹੈ। ਉਹਨਾਂ ਕਿਹਾ ਕਿ ਪਾਈ ਰਾਜੋਆਣਾ ਨੁੰ 8 ਫੁੱਟ ਬਾਈ 8 ਫੁੱਟ ਵਾਲੀ ਫਾਂਸੀ ਦੀ ਚੱਕੀ ਵਿਚ ਰੱਖਿਆ ਹੋਇਆ ਹੈ ਤੇ ਉਹਨਾਂ ਨੁੰ ਉਹ ਪੈਰੋਲ ਵੀ ਨਹੀਂ ਦਿੱਤੀ ਗਈ ਜੋ ਸਾਰੇ ਉਮਰ ਕੈਦੀਆਂ ਨੁੰ ਮਿਲਦੀ ਹੈ। ਉਹਨਾਂ ਕਿਹਾ ਕਿ ਭਾਈ ਰਾਜੋਆਣਾ ਨੂੰ ਸਿਰਫ ਉਹਨਾਂ ਦੇ ਪਿਤਾ ਦੇ ਅੰਤਿਮ ਸਸਕਾਰ ਮੌਕੇ ਕੁਝ ਘੰਟਿਆਂ ਦੀ ਪੈਰੋਲ ਦਿੱਤੀ ਗਈ ਤੇ 28 ਸਾਲਾਂ ਤੋਂ ਕੋਈ ਪੈਰੋਲ ਨਹੀਂ ਦਿੱਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਭਾਈ ਰਾਜੋਆਣਾ ਦੇ ਭੈਣ ਬੀਬਾ ਕਮਲਦੀਪ ਕੌਰ ਰਾਜੋਆਣਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਯਤਨਾਂ ਦੀ ਹਮਾਇਤ ਵਾਸਤੇ ਪੰਜਾਬੀਆਂ ਨੁੰ ਭਾਵੁਕ ਅਪੀਲ ਵੀ ਕੀਤੀ ਤੇ ਕਿਹਾ ਕਿ ਬੰਦੀ ਸਿੰਘ ਕਿਸੇ ਵੀ ਧਰਮ, ਜਾਤੀ ਜਾਂ ਖਿੱਤੇ ਦੇ ਖਿਲਾਫ ਨਹੀਂ ਹਨ ਬਲਕਿ ਉਹਨਾਂ ਨੇ ਭਾਵੁਕ ਹੋ ਕੇ ਕਾਰਵਾਈਆਂ ਕੀਤੀਆਂ ਜਿਸ ਲਈ ਉਮਰ ਕੈਦਾਂ ਵੀ ਕੱਟੀਆਂ ਹਨ। ਉਹਨਾਂ ਕਿਹਾ ਕਿ ਸਾਨੂੰ ਇਕਜੁੱਟ ਹੋ ਕੇ ਉਹਨਾਂ ਦੀ ਰਿਹਾਈ ਯਕੀਨੀ ਬਣਾਉਣੀ ਚਾਹੀਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਹੀਰਾ ਸਿੰਘ ਗਾਬੜੀਆ, ਜਗਮੀਤ ਸਿੰਘ ਬਰਾੜ, ਵਿਰਸਾ ਸਿੰਘ ਵਲਟੋਹਾ, ਕਰਨੈਲ ਸਿੰਘ ਪੀਰਮੁਹੰਮਦ, ਤੀਰਥ ਸਿੰਘ ਮਾਹਲਾ, ਦਰਸ਼ਨ ਸਿੰਘ ਕੋਟਫੱਤਾ ਤੇ ਬਰਜਿੰਦਰ ਸਿੰਘ ਮੱਖਣ ਬਰਾੜ ਵੀ ਹਾਜ਼ਰ ਸਨ।