ਸੰਗਰੂਰ ਹਲਕੇ ’ਚ ‘ਸਿਆਸੀ ਝਾੜੂ ਕੌਣ ਫੇਰੂ’- ਲੱਖ ਟਕੇ ਦਾ ਸੁਆਲ ?
ਅਸ਼ੋਕ ਵਰਮਾ
ਬਠਿੰਡਾ,21ਜੂਨ2022 : ਸਿਰਫ ਸੰਗਰੂਰ ਹਲਕੇ ਵਿੱਚ ਹੀ ਨਹੀਂ ਬਲਕਿ ਮਾਲਵੇ ਦੇ ਗਲੀ ਮੁਹੱਲੇ ਵਿੱਚ ਇੱਕੋ ਹੀ ਸੁਆਲ ਹੈ , ਜਿਮਨੀ ਚੋਣ ਚੋਂ ਕੌਣ ਜਿੱਤੂ ਅਤੇ ਹਵਾ ਦਾ ਰੁਖ ਕੀਹਦੇ ਵੱਲ ਹੈ। ਜਿਮਨੀ ਚੋਣ ਲਈ 21 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ 23 ਜੂਨ ਨੂੰ ਵੋਟਾਂ ਪੈਣਗੀਆਂ । ਅੱਜ ਮੰਗਲਵਾਰ ਖੁੱਲ੍ਹਆਮ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਬੁੱਧਵਾਰ ਨੂੰ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਡੋਰ ਟੂ ਡੋਰ ਵੋਟਾਂ ਮੰਗ ਸਕਣਗੇ। ਟੱਕਰ ਸਖਤ ਹੈ ਜਿਸ ਨੂੰ ਦੇਖਦਿਆਂ ਸਮੂਹ ਸਿਆਸੀ ਧਿਰਾਂ ਨੇ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ। ਸੰਗਰੂਰ ਸੰਸਦੀ ਹਲਕੇ ’ਚ ਨੌ ਵਿਧਾਨ ਸਭਾ ਹਲਕੇ ਹਨ ਜਿੰਨ੍ਹਾਂ ਸਾਰਿਆਂ ’ਚ ਅਸੈਂਬਲੀ ਚੋਣਾਂ ਦੌਰਾਨ ਝਾੜੂ ਜੇਤੂ ਰਿਹਾ ਸੀ।
ਆਮ ਆਦਮੀ ਪਾਰਟੀ ਦਾ ‘ਸਿਆਸੀ ਝਾੜੂ’ ਚਿੱਕੜ ’ਚ ਫਸਿਆ ਲੱਗਦਾ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਧੜਕੂ ਲੱਗਾ ਹੋਇਆ ਹੈ । ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪੰਥਕ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਸਿਆਸੀ ਲਲਕਾਰਿਆਂ ਨੇ ਸਾਹ ਸੂਤੇ ਹਨ। ਅਕਾਲੀ ਦਲ ਦੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਦੇ ਬੋਲ ਲੋਕਾਂ ਨੂੰ ਟੰਬਦੇ ਹਨ ਜਿਸ ਤੋਂ ਵਿਰੋਧੀਆਂ ’ਚ ਡਰ ਬਣਿਆ ਹੈ। ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਆਖਰੀ ਉਮੀਦ ਮੋਦੀ ਸਰਕਾਰ ਤੇ ਹੈ ਜੋ ਸਿਆਸੀ ਚਮਤਕਾਰ ਕਰਨ ਦੇ ਸਮਰੱਥ ਹੈ।
ਹਲਕੇ ਵਿੱਚੋਂ ਦੋ ਵਾਰ ਜੇਤੂ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ’ਚ ਮੋਰਚਾ ਸੰਭਾਲਿਆ ਹੈ। ਬਾਕੀ ਸਿਆਸੀ ਧਿਰਾਂ ਦੇ ਸਰਗਰਮ ਚੋਣ ਪ੍ਰਚਾਰ ਨੇ ‘ਆਪ’ ਨੂੰ ਪਿਛਾਂਹ ਛੱਡ ਦਿੱਤਾ ਸੀ ਪਰ ਕੇਜਰੀਵਾਲ ਦੇ ਰੋਡ ਸ਼ੋਅ ਨੇ ਮਾਹੌਲ ਨੂੰ ਮੋੜਾ ਦਿੱਤਾ ਜਾਪਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ‘ਸਿਆਸੀ ਵਜ਼ਨ’ ਬਾਕੀਆਂ ’ਤੇ ਕਿੰਨਾ ਕੁ ਭਾਰੀ ਪੈਂਦਾ ਹੈ, ਇਸ ਤੇ ਵੀ ਕਾਫ਼ੀ ਕੁਝ ਨਿਰਭਰ ਕਰੇਗਾ। ਕੱੁਝ ਦਿਨ ਪਹਿਲਾਂ ਤੱਕ ਸਿਆਸੀ ਗਿਣਤੀ ਮਿਣਤੀ ’ਚ ਗੁਰਮੇਲ ਸਿੰਘ ਘਰਾਂਚੋਂ ਪਿੱਛੇ ਸਨ। ਭਗਵੰਤ ਮਾਨ ਦੇ ਅੰਤਮ ਦੌਰ ’ਚ ਦਿਖਾਏ ਕਾਮੇਡੀ ਜਲਵੇ ਅਤੇ ਕੇਜਰਵਾਲ ਦੇ ਭਲਵਾਨੀ ਗੇੜੇ ਕਾਰਨ ਹੁਣ ਲੜਾਈ ’ਚ ਮੀਟਰਾਂ ਦਾ ਫਰਕ ਨਹੀਂ ਸੂਤਾਂ ਦਾ ਰਹਿ ਗਿਆ ਹੈ।
ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਪਹਿਲੀ ਵਾਰ ਮੈਦਾਨ ’ਚ ਨਿੱਤਰੀ ਹੈ। ਕਾਂਗਰਸੀ ਉਮੀਦਵਾਰ ਦਲਬੀਰ ਸਿੰਘ ਗੋਲਡੀ ਨੇ ਵੀ ਦਿਨ ਰਾਤ ਇੱਕ ਕੀਤਾ ਹੋਇਆ ਹੈ। ਗੋਲਡੀ ਦੀ ਪਤਨੀ ਸਿਮਰਤ ਕੌਰ ਖੰਗੂੜਾ ਵੀ ਆਪਣੇ ਪਤੀ ਲਈ ਧੂੰਆਂਧਾਰ ਪ੍ਰਚਾਰ ਕਰ ਰਹੀ ਹੈ। ਉਹ ਆਖਦੀ ਹੈ ਕਿ ਦੇਖਿਓ ਸੰਗਰੂਰ ਵਾਲਿਓ ਪਿਛਲੀ ਗਲ੍ਹਤੀ ਨਾਂ ਕਰ ਲਿਓ । ਸਿਮਰਨਜੀਤ ਸਿੰਘ ਮਾਨ ਆਖਦੇ ਹਨ ਕਿ ਉਨ੍ਹਾਂ ਦੀ ਕੌਮ ਹੀ ਉਨ੍ਹਾਂ ਨੂੰ ਹਰਾਉਂਦੀ ਹੈ। ਮਾਨ ਦੀ ਇਹ ਬੇਨਤੀ ਪਿੰਡਾਂ ਵਿਚ ਕਾਫੀ ਹੱਦ ਤੱਕ ਨੌਜਵਾਨਾਂ ਤੇ ਠੰਢਾ ਵੀ ਛਿੜਕਦੀ ਹੈ ਜੋ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦਾ ਝਾੜੂ ਹੱਥਾਂ ’ਚ ਚੁੱਕੀ ਫਿਰਦੇ ਸਨ।
ਪਹਿਲੀ ਵਾਰ ਕਮਲ ਦਾ ਫੁੱਲ ਖਿੜਾਉਣ ’ਚ ਲੱਗੇ ‘ਕੇਵਲ ਸਿੰਘ ਢਿੱਲੋਂ ’ ਦੇ ਹੱਕ ’ਚ ਕਈ ਵੱਡੇ ਲੀਡਰ ਚੋਣ ਪ੍ਰਚਾਰ ਕਰਕੇ ਗਏ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਧਰਵਾਸ ਬੱਝਿਆ ਹੈ। ਇਸ ਦੇ ਬਾਵਜੂਦ ਢਿੱਲੋਂ ਖੇਤੀ ਕਾਨੂੰਨਾਂ ਕਾਰਨ ਨਰਾਜ਼ ਪੰਜਾਬ ਦੇ ਸਭ ਤੋਂ ਵੱਡੇ ਵੋਟ ਬੈਂਕ ਕਿਸਾਨੀ ਦੇ ਦਿਲਾਂ ਵਿੱਚ ਨਹੀਂ ਬੈਠ ਸਕੇ ਹਨ ਜੋ ਜਿੱਤ ਹਾਰ ਦਾ ਫੈਸਲਾ ਕਰਨ ਲਈ ਅਹਿਮ ਹੈ। ਅਕਾਲੀ ਦਲ ਦੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਵੱਲੋਂ ਵੀ ਜੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਪਿੰਡਾਂ ਦੀਆਂ ਤ੍ਰੀਮਤਾਂ ਬੀਬੀ ਰਾਜੋਆਣਾ ਨੂੰ ਭਰਵਾਂ ਹੁੰਗਾਰਾ ਦੇਣ ਦੀ ਗੱਲ ਕਰਦੀਆਂ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੀ ਇਹ ਚੋਣ ਵਕਾਰ ਦਾ ਸਵਾਲ ਹੈ।
ਬਾਦਲਾਂ ਕੋਲ ਕਿੰਨੇ ਦਾਅ ਪੇਚ ਹਨ ਅਤੇ ਫਸਿਆ ਗੱਡਾ ਕਿਵੇਂ ਕੱਢਣਾ ਹੈ ਇਸ ਬਾਰੇ ਵੀ ਉਨ੍ਹਾਂ ਨੂੰ ਜਾਣਕਾਰੀ ਹੈ। ਵੱਡੇ ਬਾਦਲ ਕੋਲ ਤਾਂ ਏਦਾਂ ਦੀ ਗਿੱਦੜਸਿੰਗੀ ਵੀ ਹੈ ਪਰ ਨਾਸਾਜ਼ ਸਿਹਤ ਕਾਰਨ ਉਹ ਚੋਣ ਪ੍ਰਚਾਰ ਦੇ ਮੈਦਾਨ ਚੋਂ ਗਾਇਬ ਹਨ। ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੱਡਾ ਮੁੱਦਾ ਬਣਾਇਆ ਹੋਇਆ ਹੈ ਜੋ ਕਰੀਬ ਚਾਰ ਦਹਾਕਿਆਂ ਤੋਂ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਹਨ ਜਦੋਂਕਿ ਉਨ੍ਹਾਂ ਨੇ ਅਦਾਲਤਾਂ ਵੱਲੋਂ ਸੁਣਾਈਆਂ ਸਜ਼ਾਵਾਂ ਵੀ ਭੁਗਤ ਲਈਆਂ ਹਨ। ਜੇਕਰ ਬੀਬੀ ਰਾਜੋਆਣਾ ਚੋਣ ਜਿੱਤ ਜਾਂਦੇ ਹਨ ਤਾਂ ਪੰਜਾਬ ’ਚ ਅਕਾਲੀ ਦਲ ਲਈ ਸਿਆਸੀ ਰਾਹ ਸੌਖਾਲਾ ਅਤੇ ਪੰਥਕ ਰਾਜਨੀਤੀ ਦੇ ਦਰਵਾਜੇ ਖੁੱਲ੍ਹ ਸਕਦੇ ਹਨ।
ਡੇਰਾ ਸਿਰਸਾ ਦੇ ਸਿਆਸੀ ਪੱਤੇ ਵੱਲ ਨਜ਼ਰ
ਸੰਗਰੂਰ ਹਲਕੇ ’ਚ ਪੈਂਦੇ ਸਾਰੇ ਹੀ ਵਿਧਾਨ ਸਭਾ ਹਲਕਿਆਂ ’ਚ ਡੇਰਾ ਸੱਚਾ ਸੌਦਾ ਸਰਸਾ ਦਾ ਮਜਬੂਤ ਅਧਾਰ ਅਤੇ ਨਿੱਗਰ ਵੋਟ ਬੈਂਕ ਹੈ । ਡੇਰਾ ਪੈਰੋਕਾਰ ਜਿਮਨੀ ਚੋਣ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਡੇਰਾ ਸਿਰਸਾ ਮੁਖੀ ਅੱਜ ਕੱਲ੍ਹ ਪੈਰੋਲ ਤੇ ਹਨ ਜਿਸ ਕਰਕੇ ਡੇਰਾ ਪੈਰੋਕਾਰਾਂ ’ਚ ਜਸ਼ਨਾਂ ਵਾਲਾ ਮਹੌਲ ਹੈ ਅਤੇ ਉਹ ਵੋਟਾਂ ਬਾਰੇ ਬਹੁਤੀ ਗੱਲ ਨਹੀਂ ਕਰ ਰਹੇ ਹਨ। ਉਂਜ ਵੋਟਾਂ ਸਬੰਧੀ ਜਿੰਨੇ ਮੂੰਹ ਓਨੀਆਂ ਗੱਲਾਂ ਹਨ ਪਰ ਡੇਰਾ ਸਿਰਸਾ ਦੇ ਆਗੂ ਪ੍ਰਬੰਧਕਾਂ ਨੇ ਇਸ ਮੁੱਦੇ ਤੇ ਪੂਰੀ ਤਰਾਂ ਚੁੱਪ ਵੱਟੀ ਹੋਈ ਹੈ। ਡੇਰੇ ਦੇ ਸਿਆਸੀ ਵਿੰਗ ਦੇ ਅਹਿਮ ਮੈਂਬਰ ਰਾਮ ਸਿੰਘ ਚੇਅਰਮੈਨ ਦਾ ਜੱਦੀ ਪਿੰਡ ਅਸਪਾਲ ਕਲਾਂ ਵੀ ਸੰਗਰੂਰ ਹਲਕੇ ’ਚ ਪੈਂਦਾ ਹੈ । ਚੇਅਰਮੈਨ ਨੇ ਸੰਪਰਕ ਕਰਨ ਤੇ ਫੋਨ ਨਹੀਂ ਚੁੱਕਿਆ।