ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਹੱਦ ਤੋਂ ਵਧੇਰੇ ਨਗਦੀ ਦੀ ਜ਼ਬਤ ਕਰਨ ਦੇ ਮਸਲਿਆਂ ਨੂੰ ਨਿਬੇੜਨ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ
- ਇਹ ਕਮੇਟੀ ਨਗਦੀ ਦੀ ਬਰਾਮਦਗੀ ਦੇ ਸਾਰੇ ਮਾਮਲਿਆਂ 'ਤੇ ਕਾਰਵਾਈ ਕਰਨ ਲਈ ਪਾਬੰਦ ਹੋਵੇਗੀ --ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 11 ਜੂਨ 2022 - ਜ਼ਿਮਨੀ ਚੋਣ ਲੋਕ ਸਭਾ ਸੰਗਰੂਰ ਦੇ ਮੱਦੇਨਜ਼ਰ ਲਾਗੂ ਆਦਰਸ਼ ਚੋਣ ਜ਼ਾਬਤੇ ਦੌਰਾਨ ਹਲਕੇ 'ਚ ਤਾਇਨਾਤ ਉੱਡਣ ਦਸਤਿਆਂ, ਸਟੈਟਿਕ ਸਰਵੇਲੈਂਸ ਟੀਮਾਂ,ਫਲਾਇੰਗ ਸਕੂਐਡ ਜਾਂ ਪੁਲਿਸ ਵੱਲੋਂ ਚੈਕਿੰਗ ਕਰਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵਧੇਰੇ ਬਰਾਮਦ ਕਰਕੇ ਜ਼ਬਤ ਕੀਤੀ ਗਈ ਨਗਦੀ, ਜਿਹੜੀ ਕਿ ਕਿਸੇ ਉਮੀਦਵਾਰ ਨਾਲ ਸਬੰਧਿਤ ਨਾ ਹੋਵੇ, ਨੂੰ ਰਿਲੀਜ਼ ਕਰਨ ਦੇ ਮਸਲਿਆਂ ਦੇ ਨਿਪਟਾਰੇ ਲਈ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਵੱਲੋਂ ਜ਼ਿਲ੍ਹਾ ਪੱਧਰ ਤੇ ਕਮੇਟੀਆਂ ਦਾ ਗਠਨ ਕੀਤਾ ਹੈ।
ਇਸ ਸਬੰਧੀ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹਾ ਪੱਧਰ ਤੇ ਤਿੰਨ ਮੈਂਬਰ ਦਾ ਗਠਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀਮਤੀ ਰਿੰਪੀ ਗਰਗ (9463015135), ਨੋਡਲ ਅਫ਼ਸਰ ਫ਼ਾਰ ਐਕਸਪੈਂਡੀਚਰ ਮੋਨੀਟਰਿੰਗ ਕਮ -ਲੀਡ ਬੈਂਕ ਮੈਨੇਜਰ ਮਾਲੇਰਕੋਟਲਾ ਸ੍ਰੀ ਪੀ.ਕੇ.ਚੋਪੜਾ(9779586053) ਅਤੇ ਖ਼ਜ਼ਾਨਾ ਅਫ਼ਸਰ ਸ੍ਰੀ ਹਰਿੰਦਰ ਸਿੰਘ (9417287131) ਸ਼ਾਮਲ ਹਨ ।ਇਹ ਕਮੇਟੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਬਰਾਮਦ ਹੋਣ ਵਾਲੀ ਨਿਰਧਾਰਿਤ ਹੱਦ ਤੋਂ ਵੱਧ ਹੋਣ 'ਤੇ ਜ਼ਬਤ ਕੀਤੀ ਗਈ ਨਗਦੀ ਨੂੰ ਸਬੰਧਿਤ ਧਿਰਾਂ ਨੂੰ ਵਾਪਸ ਸੌਂਪਣ /ਰਿਲੀਜ਼ ਕਰਨ ਦੇ ਮਾਮਲੇ 'ਚ ਆਮ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਨਿਪਟਾਰਾ ਕਰੇਗੀ। ਇਹ ਕਮੇਟੀ ਨਗਦੀ ਦੀ ਬਰਾਮਦਗੀ ਦੇ ਸਾਰੇ ਮਾਮਲਿਆਂ 'ਤੇ ਕਾਰਵਾਈ ਕਰਨ ਲਈ ਪਾਬੰਦ ਹੋਵੇਗੀ ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਉਕਤ ਕਮੇਟੀ ਪੁਲਿਸ, ਸਟੈਟਿਕ ਸਰਵੇਲੈਂਸ ਟੀਮਾਂ,ਫਲਾਇੰਗ ਸਕੂਐਡ ਵੱਲੋਂ ਫੜੀ ਗਈ ਨਗਦੀ ਦੇ ਹਰ ਮਾਮਲੇ ਦਾ ਮੁਆਇਨਾ ਕਰੇਗੀ । ਉਨ੍ਹਾਂ ਹੋਰ ਦੱਸਿਆ ਕਿ ਇਹ ਕਮੇਟੀ ਕਿਸੇ ਉਮੀਦਵਾਰ, ਸਿਆਸੀ ਪਾਰਟੀ ਜਾਂ ਚੋਣ ਪ੍ਰਚਾਰ ਨਾਲ ਸਬੰਧਿਤ ਨਾ ਹੋਣ ਵਾਲੀ ਨਗਦੀ ਸਬੰਧੀ ਤੁਰੰਤ ਫ਼ੈਸਲਾ ਲਵੇਗੀ । ਜਿੱਥੇ ਕਿਸੇ ਮਾਮਲੇ 'ਚ ਕਮੇਟੀ ਦੇ ਇਹ ਸਾਹਮਣੇ ਆਵੇਗਾ ਕਿ ਅਜਿਹੇ ਕਿਸੇ ਮਾਮਲੇ 'ਚ ਐਫ.ਆਈ.ਆਰ ਦਰਜ ਨਹੀਂ ਕੀਤੀ ਗਈ ਜਾਂ ਜਿੱਥੇ ਕੋਈ ਨਗਦੀ ਦੀ ਬਰਾਮਦਗੀ ਕਿਸੇ ਉਮੀਦਵਾਰ ਜਾਂ ਕਿਸੇ ਸਿਆਸੀ ਪਾਰਟੀ ਜਾਂ ਚੋਣ ਪ੍ਰਚਾਰ ਨਾਲ ਸਬੰਧਿਤ ਨਾ ਹੋਵੇ, ਆਦਿ ਮਾਮਲਿਆਂ 'ਚ, ਇਹ ਕਮੇਟੀ ਜਿਸ ਕਿਸੇ ਵਿਅਕਤੀ ਤੋਂ ਅਜਿਹੀ ਨਗਦੀ ਬਰਾਮਦ ਹੋਈ ਹੋਵੇ, ਨੂੰ ਤੁਰੰਤ ਰਿਲੀਜ਼ ਕਰਨ ਲਈ ਹਦਾਇਤਾਂ ਅਨੁਸਾਰ ਕਾਰਵਾਈ ਕਰੇਗੀ।