ਸੰਗਰੂਰ ਲੋਕ ਸਭਾ ਵਿੱਚ ਘਰਾਚੋਂ ਦੀ ਹਮਾਇਤ ਦਾ ਫੈਸਲਾ, ਬੰਦੂਕ ਸੱਭਿਆਚਾਰ ਸਬੰਧੀ ਜਥੇਦਾਰ ਦਾ ਬਿਆਨ ਮੰਦਭਾਗਾ - ਬਲਵੰਤ ਖੇੜਾ
ਮਾਨਸਾ, 17 ਜੂਨ 2022 - ਸ਼ੋਸਲਿਸਟ ਪਾਰਟੀ (ਇੰਡੀਆ) ਦੀ ਸੂਬਾ ਕਾਰਜਕਾਰਨੀ ਨੇ ਸੰਗਰੂਰ ਲੋਕ ਸਭਾ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਗੁਰਮੇਲ ਸਿੰਘ ਘਰਾਚੋਂ ਦੀ ਮੱਦਦ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀ ਓਮ ਸਿੰਘ ਸਟਿਆਣਾ ਸੂਬਾ ਪ੍ਰਧਾਨ ਦੀ ਨਮਾਇੰਦਗੀ ਹੇਠ ਬੈਠਕ ਹੋਈ। ਸ੍ਰ. ਬਲਰਾਜ ਸਿੰਘ ਨੰਗਲ ਜਨਰਲ ਸਕੱਤਰ ਨੇ ਹੈਦਰਾਬਾਦ ਵਿਖੇ 4-5 ਜੂਨ ਨੂੰ ਹੋਈ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅਗਲੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਚੰਡੀਗੜ੍ਹ ਸਤੰਬਰ ਦੇ ਪਿਛਲੇ ਹਫਤੇ ਹੋਵੇਗੀ। ਇਸ ਮੌਕੇ ਸ੍ਰ. ਬਲਵੰਤ ਸਿੰਘ ਖੇੜਾ, ਹਰਿੰਦਰ ਸਿੰਘ ਮਾਨਸ਼ਾਹੀਆ ਕੌਮੀ ਜਨਰਲ ਸਕੱਤਰ, ਹੁਕਮ ਚੰਦ ਸੁਣਕਰ, ਸੱਤਪਾਲ ਸਿੰਘ ਡਡਿਆਣਾ ਜਿਲ੍ਹਾ ਪ੍ਰਧਾਨ ਨੇ ਵੀ ਵਿਚਾਰ ਪੇਸ਼ ਕੀਤੇ।
ਖੇੜਾ ਨੇ ਸੰਸਾਰ ਭਰ ਵਿੱਚ ਬੰਦੂਕ ਸੱਭਿਆਚਾਰ ਦੇ ਵਧਣ ਤੇ ਚਿੰਤਾਂ ਪ੍ਰਗਟ ਕੀਤੀ। ਉਨਾਂ ਕਿਹਾ ਹੋਣਹਾਰ ਕਲਾਕਾਰ ਸਿੱਧੂ ਮੂਸੇਵਾਲਾ ਵੀ ਗੈਂਗਵਾਰ ਦੀ ਭੇਂਟ ਚੜ੍ਹ ਗਿਆ ਹੈ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਬੰਦੂਕ ਸੱਭਿਆਚਾਰਾਂ ਸਬੰਧੀ ਵਿਚਾਰਾਂ ਨੂੰ ਮੰਦਭਾਗਾ ਕਿਹਾ। ਸ੍ਰੀ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਸੰਗਰੂਰ ਉਪ ਚੋਣ ਵਿੱਚ ਫਿਰਕਾਪ੍ਰਸਤ ਅਤੇ ਮੌਕਾਪ੍ਰਸਤ ਪਾਰਟੀਆਂ ਨੂੰ ਹਰਾਉਣਾ ਜ਼ਰੂਰੀ ਹੈ, ਉਨਾ ਸ੍ਰੀ ਗੁਰਮੇਲ ਸਿੰਘ ਘਰਾਚੋਂ ਨੂੰ ਸਫਲ ਬਣਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਅਤੇ ਅੰਤ ਵਿੱਚ ਸ੍ਰੀ ਸਟਿਆਣਾ ਨੇ ਮੈਂਬਰਸ਼ਿਪ ਮੁਹਿੰਮ ਚਲਾਉਣ ਅਤੇ ਦੂਜੇ ਜਿਲ੍ਹਿਆਂ ਵਿੱਚ ਇਕਾਈਆਂ ਮਜ਼ਬੂਤ ਕਰਨ ਲਈ ਕਿਹਾ ਅਤੇ ਸਾਥੀਆਂ ਦਾ ਧੰਨਵਾਦ ਕੀਤਾ।