ਭਗਵੰਤ ਮਾਨ ਨੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਭਵਾਨੀਗੜ੍ਹ ਤੋਂ ਧੂਰੀ ਤੱਕ ਕੀਤਾ ਰੋਡ ਸ਼ੋਅ, ਲੋਕਾਂ ਨੇ ਥਾਂ-ਥਾਂ ਕੀਤਾ ਸਵਾਗਤ
- ਸੰਗਰੂਰ ਦੇ ਪਿੰਡਾਂ ਨੂੰ ਐਨਾ ਸੁੰਦਰ ਬਣਾਵਾਂਗੇ ਕਿ ਲੋਕ ਇੱਥੇ ਫੋਟੋਆਂ ਖਿਚਵਾਉਣ ਆਉਣਗੇ: ਮੁੱਖ ਮੰਤਰੀ ਭਗਵੰਤ ਮਾਨ
- ਲੋਕ ਸਭਾ ਵਿੱਚ ਸੰਗਰੂਰ ਦੀ ਆਵਾਜ਼ ਬਣਨਗੇ ਗੁਰਮੇਲ ਸਿੰਘ ਘਰਾਚੋਂ: ਭਗਵੰਤ ਮਾਨ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 21 ਜੂਨ, 2022: ਸੰਗਰੂਰ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਅੰਤਿਮ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਨਾਲ ਭਵਾਨੀਗੜ੍ਹ ਤੋਂ ਧੂਰੀ ਸ਼ਹਿਰ ਤੱਕ ਲੰਮਾ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਵਿੱਚ ‘ਆਪ’ ਸੰਬੰਧੀ ਭਾਰੀ ਉਤਸ਼ਾਹ ਦੇਖਿਆ ਗਿਆ। ਮੁੱਖ ਮੰਤਰੀ ਦੀ ਝਲਕ ਪਾਉਣ ਲਈ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਆਏ ਅਤੇ ਉਨ੍ਹਾਂ ਮੁੱਖ ਮੰਤਰੀ ਮਾਨ ’ਤੇ ਫੁੱਲ ਵਰਸਾ ਕੇ ਅਤੇ ਸਿਰੋਪੇ ਪਾ ਕੇ ਸ਼ਾਨਦਾਰ ਸਵਾਗਤ ਕੀਤਾ।
ਸ੍ਰੀ ਭਗਵੰਤ ਮਾਨ ਨੇ ਵੱਖ ਵੱਖ ਥਾਂਵਾਂ ’ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਆਮ ਆਦਮੀ ਪਾਰਟੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਪਾਰਟੀ ਹੈ। ਤੁਸੀਂ (ਲੋਕਾਂ ਨੇ) ਜਿਸ ਕੁਰਸੀ ’ਤੇ ਮੈਨੂੰ ਬੈਠਾਇਆ, ਉਹ ਕੁਰਸੀ ਤੁਹਾਡੀ ਹੀ ਹੈ। ਜਿਸ ਕਲਮ ਨਾਲ ਮੈਂ ਸਰਕਾਰੀ ਫਾਇਲਾਂ ’ਤੇ ਦਸਤਖ਼ਤ ਕਰਦਾ ਹਾਂ, ਉਹ ਦਸਤਖ਼ਤ ਮੇਰੇ ਹਨ, ਪਰ ਕਲਮ ਤੁਹਾਡੀ ਹੀ ਹੈ। ਮੈਂ ਪ੍ਰਮਾਤਮਾ ਅੱਗੇ ਹਰ ਰੋਜ਼ ਬੇਨਤੀ ਕਰਦਾ ਹਾਂ ਕਿ ਸਾਡਾ ਹਰ ਫ਼ੈਸਲਾ ਲੋਕਾਂ ਦੇ ਹੱਕ ਵਿੱਚ ਹੀ ਹੋਵੇਗਾ।’ ਉਨ੍ਹਾਂ ਲੋਕਾਂ ਨੂੰ ਗੁਰਮੇਲ ਸਿੰਘ ਨੂੰ ਭਾਰੀ ਬਹੁਮੱਤ ਨਾਲ ਜਿੱਤਾ ਕੇ ਸੰਸਦ ’ਚ ਪਹੁੰਚਾਉਣ ਦੀ ਅਪੀਲ ਵੀ ਕੀਤੀ।
ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਉਹ ਸੰਗਰੂਰ ਦੇ ਹਰ ਪਿੰਡ ਨੂੰ ਐਨਾ ਸੁੰਦਰ ਬਣਾੳਣਗੇ ਕਿ ਦੇਸ਼ ਭਰ ਤੋਂ ਲੋਕ ਇੱਥੇ ਫੋਟੋਆਂ ਖਿਚਵਾਉਣ ਲਈ ਆਇਆ ਕਰਨਗੇ। ਪੰਜਾਬ ਦੇ ਸਕੂਲਾਂ ਅਤੇ ਹਸਪਤਾਲਾਂ ਨੂੰ ਅੰਤਰ ਰਾਸ਼ਟਰੀ ਪੱਧਰ ਦਾ ਬਣਾਇਆ ਜਾਵੇਗਾ ਅਤੇ ਸੰਗਰੂਰ ਵਿੱਚ ਭਾਰਤ ਦਾ ਸਭ ਤੋਂ ਚੰਗਾ ਮੈਡੀਕਲ ਕਾਲਜ ਬਣਾਇਆ ਜਾਵੇਗਾ।
ਵਿਰੋਧੀ ਪਾਰਟੀਆਂ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਵਾਅਦੇ ਪਿੱਛਲੀਆਂ ਸਰਕਾਰਾਂ ਦੀ ਤਰ੍ਹਾਂ ਜ਼ੁਮਲੇ ਸਾਬਤ ਨਹੀਂ ਹੋਣਗੇ। ਉਹ ਆਪਣਾ ਹਰ ਇੱਕ ਵਾਅਦਾ ਪੂਰਾ ਕਰਨਗੇ। ਸਭ ਤੋਂ ਮਹੱਤਵਪੂਰਨ ਵਾਅਦਿਆਂ ’ਚੋਂ 600 ਯੂਨਿਟਾਂ ਬਿਜਲੀ ਮੁਫ਼ਤ ਦੇਣ ਦਾ ਵਾਅਦਾ ਪੂਰਾ ਕਰਨ ਲਈ ਸਾਰੀਆਂ ਕਾਰਵਾਈਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇੱਕ ਜੁਲਾਈ ਤੋਂ ਪੂਰੇ ਪੰਜਾਬ ’ਚ 600 ਯੂਨਿਟਾਂ ਬਿਜਲੀ ਮੁਫ਼ਤ ਦਿੱਤੀ ਜਾਵੇਗੀ।
ਸ੍ਰੀ ਮਾਨ ਨੇ ਖੇਤੀਬਾੜੀ ’ਚ ਸੁਧਾਰ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਵਿਚੋਂ ਕੱਢਿਆ ਜਾਵੇਗਾ ਅਤੇ ਖੇਤੀ ਨੂੰ ਮੁਨਾਫ਼ੇ ਦਾ ਸੌਦਾ ਬਣਾਇਆ ਜਾਵੇਗਾ। ਇਸ ਲਈ ‘ਆਪ’ ਸਰਕਾਰ ਵੱਲੋਂ ਫ਼ਸਲਾਂ ਦਾ ਭੁਗਤਾਨ ਐੱਮ.ਐੱਸ.ਪੀ ਅਨੁਸਾਰ ਸਮੇਂ ਸਿਰ ਕੀਤਾ ਜਾ ਰਿਹਾ, ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਫਾਇਦਾ ਪਹੁੰਚ ਰਿਹਾ ਹੈ।