ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਅਸਲਾ ਜਮਾਂ ਨਾ ਕਰਵਾਉਣ ਵਾਲਿਆਂ ਖਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ: ਜ਼ਿਲਾ ਚੋਣ ਅਫ਼ਸਰ
- ਪੋਲਿੰਗ ਸਟਾਫ਼ ਦੀ ਪਹਿਲੀ ਰੈਂਡੇਮਾਈਜੇਸ਼ਨ ਮੁਕੰਮਲ, 5 ਜੂਨ ਨੂੰ ਹੋਵੇਗੀ ਰਿਹਰਸਲ
- ਸੀ ਵਿਜਲ ਰਾਹੀਂ ਪ੍ਰਾਪਤ ਸ਼ਿਕਾਇਤਾਂ 100 ਮਿੰਟ ਅੰਦਰ ਹੱਲ ਕਰਨ ਦੀ ਹਦਾਇਤ
- ਜ਼ਿਲਾ ਚੋਣ ਅਫ਼ਸਰ ਤੇ ਐਸ.ਐਸ.ਪੀ ਵੱਲੋਂ ਆਦਰਸ਼ ਚੋਣ ਜ਼ਾਬਤਾ ਸਮੇਤ ਹੋਰ ਵੱਖ-ਵੱਖ ਮੁੱਦਿਆਂ ਬਾਰੇ ਸਮੀਖਿਆ ਮੀਟਿੰਗ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 2 ਜੂਨ, 2022: ਜ਼ਿਲਾ ਚੋਣ ਅਫ਼ਸਰ ਸ਼੍ਰੀ ਜਤਿੰਦਰ ਜੋਰਵਾਲ ਅਤੇ ਐੱਸ.ਐੱਸ.ਪੀ ਸ੍ਰੀ ਮਨਦੀਪ ਸਿੰਘ ਸਿੱਧੂ ਨੇ ਅੱਜ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਸਬੰਧੀ ਚੋਣਵੇਂ ਅਧਿਕਾਰੀਆਂ ਨਾਲ ਸਮੁੱਚੇ ਪ੍ਰਬੰਧਾਂ ਬਾਰੇ ਵਿਸਤਿ੍ਰਤ ਸਮੀਖਿਆ ਮੀਟਿੰਗ ਕੀਤੀ। ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਇੰਨ ਬਿੰਨ ਪਾਲਣਾ ਲਈ ਪ੍ਰਸ਼ਾਸਨ ਤੇ ਪੁਲਿਸ ਪੱਧਰ ’ਤੇ ਲਗਾਤਾਰ ਆਪਸੀ ਤਾਲਮੇਲ ਰੱਖਿਆ ਜਾਵੇ। ਦੋਵਾਂ ਉਚ ਅਧਿਕਾਰੀਆਂ ਵੱਲੋਂ ਜ਼ਿਲੇ ਵਿੱਚੋਂ ਸੌ ਫੀਸਦੀ ਲਾਇਸੰਸੀ ਹਥਿਆਰਾਂ ਨੂੰ ਜਮਾਂ ਕਰਵਾਉਣ ਲਈ ਢੁਕਵੇਂ ਕਦਮ ਚੁੱਕਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਲਾ ਸੰਗਰੂਰ ਦੇ ਲਾਇਸੰਸੀ ਅਸਲਾਧਾਰੀਆਂ ਨੂੰ ਪਹਿਲਾਂ ਹੀ ਆਪਣਾ ਅਸਲਾ ਸਥਾਨਕ ਪੁਲਿਸ ਥਾਣਿਆਂ ਜਾਂ ਲਾਇਸੰਸੀ ਅਸਲਾ ਡੀਲਰਾਂ ਕੋਲ ਤੁਰੰਤ ਜਮਾਂ ਕਰਵਾਉਣ ਦੇ ਹੁਕਮ ਕੀਤੇ ਹੋਏ ਹਨ ਅਤੇ ਜੇ ਕੋਈ ਨਾਗਰਿਕ ਵਾਰ ਵਾਰ ਜਾਰੀ ਕੀਤੀਆਂ ਜਾ ਰਹੀਆਂ ਇਨਾਂ ਹਦਾਇਤਾਂ ਦੇ ਬਾਵਜੂਦ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਮਨੀ ਚੋਣ ਦੇ ਮੱਦੇਨਜ਼ਰ ਜ਼ਿਲੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਚੋਣ ਪ੍ਰਕਿਰਿਆ ਨੂੰ ਸ਼ਾਂਤਮਈ ਤੇ ਸੁਰੱਖਿਅਤ ਢੰਗ ਨਾਲ ਨੇਪਰੇ ਚੜਾਉਣ ਲਈ ਅਸਲਾਧਾਰੀਆਂ ਕੋਲੋਂ ਅਸਲਾ ਜਮਾਂ ਕਰਵਾਉਣਾ ਬੇਹੱਦ ਜ਼ਰੂਰੀ ਹੈ।
ਮੀਟਿੰਗ ਦੌਰਾਨ ਜ਼ਿਲੇ ਨਾਲ ਲਗਦੀ ਅੰਤਰ ਰਾਜੀ ਹੱਦ ਰਾਹੀਂ ਨਸ਼ਾ ਤਸਕਰੀ ਨੂੰ ਸਖ਼ਤੀ ਨਾਲ ਰੋਕਣ, ਲਿੰਕ ਸੜਕਾਂ ’ਤੇ ਗਸ਼ਤ ਟੀਮਾਂ ਰਾਹੀਂ ਚੌਕਸੀ ਵਧਾਉਣ, ਹਲਕੇ ਅੰਦਰ ਸ਼ਰਾਬ ਜਾਂ ਅਜਿਹੇ ਕਿਸੇ ਹੋਰ ਨਸ਼ੀਲੇ ਪਦਾਰਥ ਦੇ ਗੈਰ ਕਾਨੂੰਨੀ ਭੰਡਾਰ ਜਾਂ ਵਿਕਰੀ ਨੂੰ ਸਖ਼ਤੀ ਨਾਲ ਰੋਕਣ ਸਬੰਧੀ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਪੋਲਿੰਗ ਸਟਾਫ਼ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਜਾ ਚੁੱਕੀ ਹੈ ਅਤੇ 5 ਜੂਨ ਨੂੰ ਸਮੁੱਚੇ ਹਲਕਿਆਂ ਵਿੱਚ ਪੋਲਿੰਗ ਸਟਾਫ਼ ਦੀ ਰਿਹਰਸਲ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਸੀ ਵਿਜਲ ਰਾਹੀਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ ਸੌ ਮਿੰਟ ਅੰਦਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਸਮੂਹ ਏ.ਆਰ.ਓਜ਼ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।
ਮੀਟਿੰਗ ਦੌਰਾਨ ਗਿਣਤੀ ਕੇਂਦਰਾਂ, ਸਟਰੌਂਗ ਰੂਮ, ਕੋਵਿਡ ਤੋਂ ਬਚਾਅ ਲਈ ਵਰਤੀ ਜਾਣ ਵਾਲੀ ਸੁਰੱਖਿਆ ਸਮੱਗਰੀ ਦੇ ਸਮੇਂ ਸਿਰ ਢੁਕਵੇਂ ਨਿਪਟਾਰੇ, ਈਵੀਐੱਮ, ਵੀਵੀਪੈਟ, ਮੈਨ ਪਾਵਰ, ਸਰਵਿਸ ਵੋਟਰਾਂ, ਵੱਖ ਵੱਖ ਚੌਕਸੀ ਟੀਮਾਂ ਦੀ ਕਾਰਗੁਜ਼ਾਰੀ ਸਮੇਤ ਹੋਰ ਮਾਮਲਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਵਧੀਕ ਜ਼ਿਲਾ ਚੋਣ ਅਫ਼ਸਰ ਅਨਮੋਲ ਸਿੰਘ ਧਾਲੀਵਾਲ, ਐੱਸ.ਪੀ ਜਸਬੀਰ ਸਿੰਘ, ਤਹਿਸੀਲਦਾਰ ਚੋਣਾਂ ਵਿਜੇ ਕੁਮਾਰ ਵੀ ਹਾਜ਼ਰ ਸਨ।