ਜ਼ਿਮਨੀ ਚੋਣਾਂ: ‘ਜਿੱਤ ਵਾਲਾ ਝਾੜੂ ਫੇਰਦੀਆਂ ਆ ਰਹੀਆਂ ਹਾਕਮ ਧਿਰਾਂ’
ਅਸ਼ੋਕ ਵਰਮਾ
ਬਠਿੰਡਾ,24ਜੂਨ2022:ਪੰਜਾਬ ’ਚ ਜ਼ਿਮਨੀ ਚੋਣਾਂ ਦਾ ਇਤਿਹਾਸ ਸੱਤਾਧਾਰੀ ਧਿਰਾਂ ਦੀ ਜਿੱਤ ਵਾਲਾ ਹੀ ਰਿਹਾ ਹੈ। ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਜੇਤੂ ਸਿਹਰਾ ਕਿਸ ਸਿਆਸੀ ਧਿਰ ਦੇ ਸਿਰ ਬੱਝਦਾ ਹੈ ਇਹ ਤਾਂ 26 ਜੂਨ ਨੂੰ ਚੋਣ ਨਤੀਜੇ ਹੀ ਦੱਸਣਗੇ ਪਰ ਇਸ ਹਲਕੇ ’ਚ ਉਨ੍ਹਾਂ ਨੌ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਵਿਧਾਇਕਾਂ ਦਾ ਵਕਾਰ ਦਾਅ ਤੇ ਲੱਗਿਆ ਹੋਇਆ ਹੈ ਜੋ ਵਿਧਾਨ ਸਭਾ ਚੋਣਾਂ ’ਚ ਹੂੰਝਾ ਫੇਰ ਕੇ ਜਿੱਤੇ ਸਨ। ਸਿਰਫ ਵਿਧਾਨ ਸਭਾ ਹੀ ਨਹੀਂ ਬਲਕਿ ਲੋਕ ਸਭਾ ਲਈ ਜ਼ਿਮਨੀ ਚੋਣਾਂ ਦਾ ਨਤੀਜਾ ਵੀ ਮੌਕੇ ਦੀ ਸੱਤਾ ਪੱਖ ਦੇ ਹੱਕ ’ਚ ਜਾਂਦਾ ਰਿਹਾ ਹੈ।
ਪੰਜਾਬ ’ਚ ਕਾਂਗਰਸ ਦੇ ਰਾਜ ਦੌਰਾਨ ਗੁਰਦਾਸਪੁਰ ਤੋਂ ਜਿੱਤੇ ਭਾਜਪਾ ਆਗੂ ਵਿਨੋਦ ਖੰਨਾ ਦੀ ਮੌਤ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਉਪਰੰਤ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਦੋਵਾਂ ਥਾਵਾਂ ਤੇ ’ਚ ਕਾਂਗਰਸੀ ਆਗੂ ਕ੍ਰਮਵਾਰ ਸੁਨੀਲ ਜਾਖੜ ਅਤੇ ਗੁਰਜੀਤ ਸਿੰਘ ਔਜਲਾ ਚੋਣ ਜਿੱਤੇ ਸਨ। ਇਸੇ ਤਰਾਂ ਹੀ ਅਕਾਲੀ ਭਾਜਪਾ ਗੱਠਜੋੜ ਦੇ ਰਾਜ ’ਚ ਹੋਈ ਜ਼ਿਮਨੀ ਚੋਣ ’ਚ ਜਿੱਤ ਤੱਤਕਾਲੀ ਬੀਜੇਪੀ ਆਗੂ ਨਵਜੋਤ ਸਿੰਘ ਸਿੱਧੂ ਦੀ ਜਿੱਤ ਹੋਈ ਸੀ।
ਵਿਧਾਨ ਸਭਾ ਚੋਣਾਂ ਲਈ ਜ਼ਿਮਨੀ ਚੋਣਾਂ ਦੇ ਵੀ ਇਹੋ ਤੱਥ ਹਨ। ਪੰਜਾਬ ਵਿੱਚ 1952 ਤੋਂ ਲੈ ਕੇ 2017 ਤੱਕ 26 ਵਾਰ ਹੋਈਆਂ ਜ਼ਿਮਨੀ ਚੋਣਾਂ ’ਚ ਵਿਰੋਧੀ ਧਿਰਾਂ ਸੱਤਾ ਪੱਖ ਦੇ ਮੁਕਾਬਲੇ ਘੱਟ ਜਿੱਤ ਸਕੀਆਂ ਹਨ । ਸਾਲ 2017 ਤੋਂ ਬਾਅਦ ਕਾਂਗਰਸ ਦੀ ਹਕੂਮਤ ਦੌਰਾਨ ਪੰਜ ਹਲਕਿਆਂ ’ਚ ਜ਼ਿਮਨੀ ਚੋਣ ਹੋਈ ਸੀ। ਇੰਨ੍ਹਾਂ ਚੋਂ ਦਾਖਾ ਹਲਕੇ ’ਚ ਜਬਰਦਸਤ ਮੁਕਾਬਲੇ ਦੌਰਾਨ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਂਹ ਕੈਪਟਨ ਸੰਦੀਪ ਸੰਧੂ ਨੂੰ ਚਿੱਤ ਕਰ ਦਿੱਤਾ ਸੀ।
ਬਾਕੀ ਚਾਰ ਹਲਕਿਆਂ ਸ਼ਾਹਕੋਟ ਤੇ ਜਲਾਲਾਬਾਦ ਤੋਂ ਅਕਾਲੀ ਦਲ ਅਤੇ ਫਗਵਾੜਾ ਤੋਂ ਭਾਜਪਾ ਨੂੰ ਹਰਾਕੇ ਕਾਂਗਰਸ ਜਿੱਤੀ ਅਤੇ ਮੁਕੇਰੀਆਂ ’ਚ ਕਬਜਾ ਬਰਕਰਾਰ ਰੱਖਿਆ ਸੀ। ਸਾਲ 2009 ’ਚ ਗੱਠਜੋੜ ਹਕੂਮਤ ਦੌਰਾਨ ਦਸੂਹਾ ਹਲਕੇ ਦੀ ਹੋਈ ਜ਼ਿਮਨੀ ਚੋਣ ’ਚ ਭਾਜਪਾ ਉਮੀਦਵਾਰ ਸੁਖਜੀਤ ਕੌਰ ਸਾਹੀ ਜਿੱਤੀ ਸੀ । ਸਾਲ 2009 ’ਚ ਜਲਾਲਾਬਾਦ, ਕਾਹਨੂੰਵਾਨ ਅਤੇ ਬਨੂੜ ਵਿਧਾਨ ਸਭਾ ਹਲਕਿਆਂ ’ਚ ਕਰਵਾਈਆਂ ਜ਼ਿਮਨੀ ਚੋਣਾਂ ਦੌਰਾਨ ਤਿੰਨਾਂ ਥਾਵਾਂ ਤੇ ਤੱਤਕਾਲੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਜਿੱਤਿਆ ਸੀ।
ਸਾਂਝੇ ਪੰਜਾਬ ’ਚ ਵਿਧਾਨ ਸਭਾ ਚੋਣਾਂ ਤੋਂ ਮਗਰੋਂ ਕੁੱਝ ਸਮੇਂ ਬਾਅਦ ਕਾਂਗਰਸੀ ਮੁੱਖ ਮੰਤਰੀ ਭੀਮ ਸੈਨ ਸੱਚਰ ਦੇ ਰਾਜ ’ਚ ਨਕੋਦਰ, ਹਰੀਪੁਰ, ਡੱਬਵਾਲੀ, ਖੂਈਆਂ ਸਰਵਰ, ਪਲਵਲ, ਮੋਗਾਧਰ, ਰੂਪਾਰ, ਸਰਾਹ, ਫਤਿਹਾਬਾਦ, ਅੰਮ੍ਰਿਤਸਰ (ਕੇਂਦਰੀ), ਮਹਿਣਾ, ਆਨੰਦਪੁਰ ਅਤੇ ਹੁਸ਼ਿਆਰਪੁਰ ਸਮੇਤ 14 ਹਲਕਿਆਂ ’ਚ ਜ਼ਿਮਨੀ ਚੋਣਾਂ ਹੋਈਆਂ ਸਨ ਜਿੰਨ੍ਹਾਂ ’ਚੋਂ 9 ਥਾਵਾਂ ਤੇ ਕਾਂਗਰਸ ਜਿੱਤੀ ਸੀ । ਸਾਲ 1956 ’ਚ ਪ੍ਰਤਾਪ ਸਿੰਘ ਕੈਰੋ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੇਲੇ ਫਤਿਹਾਬਾਦ ਦੀ ਜ਼ਿਮਨੀ ਚੋਣ ਸਮੇਂ ਕਾਂਗਰਸੀ ਮਨੀ ਰਾਮ ਚੋਣ ਜਿੱਤਿਆ ਸੀ।
ਕੈਰੋ ਦੇ ਰਾਜ ’ਚ 1957 ਵਿੱਚ ਰਾਏਕੋਟ, ਪਟਿਆਲਾ ਤੇ ਸਰਸਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ’ਚੋਂ 1 ਤੇ ਅਜ਼ਾਦ ਤੇ 2 ਤੇ ਕਾਂਗਰਸ ਜਿੱਤੀ ਸੀ। ਸਾਲ 1964 ’ਚ ਜੀ. ਸੀ. ਭਾਰਗਵ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵੇਲੇ ਪੱਟੀ, ਮਲੇਰਕੋਟਲਾ, ਸਿਰਾਜ, ਜੀਂਦ ਅਤੇ ਬਿਆਸ ਵਿਧਾਨ ਸਭਾ ਹਲਕਿਆਂ ’ਚ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਪੰਜੇ ਜੇਤੂ ਕਾਂਗਰਸੀ ਸਨ। ਇਸੇ ਹੀ ਸਰਕਾਰ ਵੇਲੇ 1965 ’ਚ ਬਰਨਾਲਾ ਜ਼ਿਮਨੀ ਚੋਣ ਕਾਂਗਰਸ ਦੀ ਝੋਲੀ ਪਈ ਸੀ। ਸਾਲ 1967 ’ਚ ਅਕਾਲੀ ਦਲ ਦੀ ਲਛਮਣ ਸਿੰਘ ਗਿੱਲ ਸਰਕਾਰ ਮੌਕੇ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਜੇਤੂ ਰਿਹਾ।
ਸਾਲ 1970 ’ਚ ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ ਸਮੇਂ ਲਹਿਰਾ, ਡਕਾਲਾ ਤੇ ਆਨੰਦਪੁਰ ਜ਼ਿਮਨੀ ਚੋਣ ਸਮੇਂ ਡਕਾਲਾ ਅਤੇ ਲਹਿਰਾ ’ਚ ਅਕਾਲੀ ਦਲ ਜਿੱਤਿਆ ਜਦੋਂ ਕਿ ਆਨੰਦਪੁਰ ’ਚੋਂ ਕੋਈ ਦੂਸਰੀ ਪਾਰਟੀ ਜੇਤੂ ਰਹੀ ਸੀ। ਸਾਲ 1980 ’ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਵੇਲੇ ਫਿਰੋਜਪੁਰ ਜਿਮਨੀ ਚੋਣ ’ਚ ਅਕਾਲੀ ਦਲ ਦਾ ਉਮੀਦਵਾਰ ਜਿੱਤ ਗਿਆ। ਸਾਲ 1982 ’ਚ ਇਸੇ ਹੀ ਸਰਕਾਰ ਦੇ ਕਾਰਜਕਾਲ ਦੌਰਾਨ ਨੰਗਲ ਅਤੇ ਸਰਹੰਦ ਹਲਕੇ ਲਈ ਜਿਮਨੀ ਚੋਣਾਂ ਮੌਕੇ ਕਾਂਗਰਸ ਅਤੇ ਅਕਾਲੀ ਦਲ 1-1 ਸੀਟ ਜਿੱਤੇ ਸਨ।
ਸਾਲ 1994 ’ਚ ਕਾਂਗਰਸ ਦੀ ਬੇਅੰਤ ਸਿੰਘ ਸਰਕਾਰ ਵੇਲੇ ਨਕੋਦਰ ਜਿਮਨੀ ਚੋਣ ’ਚ ਕਾਂਗਰਸ ਅਤੇ ਅਜਨਾਲਾ ’ਚ ਅਕਾਲੀ ਦਲ ਦੀ ਹਮਾਇਤ ਪ੍ਰਾਪਤ ਅਜ਼ਾਦ ਉਮੀਦਵਾਰ ਜਿੱਤਿਆ ਸੀ। ਸਾਲ 1995 ’ਚ ਬੇਅੰਤ ਸਿੰਘ ਸਰਕਾਰ ਦੌਰਾਨ ਗਿੱਦੜਬਾਹਾ ਜ਼ਿਮਨੀ ਚੋਣ ਵੇਲੇ ਰਾਜਨੀਤੀ ’ਚ ਪਹਿਲੀ ਵਾਰ ਦਾਖਲ ਹੋਏ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਦਾ ਝੰਡਾ ਗੱਡਿਆ ਅਤੇ ਬਾਦਲ ਪ੍ਰੀਵਾਰ ਨੂੰ ਸਿਆਸੀ ਜੀਵਨਦਾਨ ਦਿੱਤਾ ਸੀ। ਇਸੇ ਸਰਕਾਰ ਵੇਲੇ ਰਾਇਪੁਰ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ’ਚ ਮੁੜ ਤੋਂ ਅਕਾਲੀ ਦਲ ਜਿੱਤਿਆ ਸੀ।
ਸਾਲ 1999 ’ਚ ਬਾਦਲ ਸਰਕਾਰ ਸਮੇਂ ਲੁਧਿਆਣਾ (ਉੱਤਰੀ) ਹਲਕੇ ਤੋਂ ਕਾਂਗਰਸ ਦੇ ਰਕੇਸ਼ ਪਾਂਡੇ ਨੇ ਭਾਜਪਾ ਦੇ ਚੋਟੀ ਦੇ ਆਗੂ ਪ੍ਰੋ. ਰਜਿੰਦਰ ਭੰਡਾਰੀ ਨੂੰ ਹਰਾਇਆ ਜਦੋਂ ਕਿ 2000 ’ਚ ਨਵਾਂ ਸ਼ਹਿਰ ਜ਼ਿਮਨੀ ਚੋਣ ’ਚ ਅਕਾਲੀ ਦਲ ਜਿੱਤਿਆ। ਸਾਲ 2001 ’ਚ ਬਾਦਲ ਸਰਕਾਰ ਵੇਲੇ ਮਜੀਠਾ ਚੋਣ ’ਚ ਅਕਾਲੀ ਦਲ ਜੇਤੂ ਰਿਹਾ ਜਦੋਂਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੇਲੇ 2004 ’ਚ ਕਪੂਰਥਲਾ ਅਤੇ ਗੜ੍ਹਸ਼ੰਕਰ ਜ਼ਿਮਨੀ ਚੋਣਾਂ ਕਾਂਗਰਸ ਨੇ ਜਿੱਤੀਆਂ ਸਨ। ਕੈਪਟਨ ਸਰਕਾਰ ਸਮੇਂ 2005 ’ਚ ਅਜਨਾਲਾ ਅਸੈਂਬਲੀ ਜ਼ਿਮਨੀ ਚੋਣ ਕਾਂਗਰਸ ਨੇ ਜਿੱਤੀ ।
ਸਾਲ 2008 ’ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ’ਚ ਅੰਮ੍ਰਿਤਸਰ (ਦੱਖਣੀ) ਸੀਟ ਦੀ ਜ਼ਿਮਨੀ ਚੋਣ ’ਚ ਵੀ ਅਕਾਲੀ ਦਲ ਜੇਤੂ ਰਿਹਾ ਜਦੋਂ ਕਿ ਇਸੇ ਸਰਕਾਰ ਵੇਲੇ ਆਖਰੀ ਤਿੰਨ ਜ਼ਿਮਨੀ ਚੋਣਾਂ ਵੀ ਅਕਾਲੀ ਦਲ ਦੇ ਹਿੱਸੇ ਆਈਆਂ। ਅਕਾਲੀ ਰਾਜ ਭਾਗ ’ਚ ਸਾਲ 2013 ’ਚ ਮੋਗਾ ਜਿਮਨੀ ਚੋਣ ਅਕਾਲੀ ਦਲ ਨੇ ਜਿੱਤੀ ਸੀ ਅਤੇ ਤਲਵੰਡੀ ਸਾਬੋ ਜ਼ਿਮਨੀ ਚੋਣ ’ਚ ਅਕਾਲੀ ਉਮੀਦਵਾਰ ਜੀਤਮੋਹਿੰਦਰ ਸਿੰਘ ਸਿੱਧੂ ਜੇਤੂ ਰਿਹਾ ਸੀ।
ਇੱਥੇ ਇਹ ਵੀ ਦੱਸਣਾ ਅਹਿਮ ਹੋਵੇਗਾ ਕਿ ਭਾਵੇਂ ਆਮ ਚੋਣਾਂ ’ਚ ਮੁਕਾਬਲਾ ਤਿਕੋਨਾ ਹੁੰਦਾ ਰਿਹਾ ਹੋਵੇ ਪਰ ਜ਼ਿਮਨੀ ਚੋਣਾਂ ’ਚ ਬਹੁਤੀ ਵਾਰ ਦੋ ਪਹਿਲਵਾਨ ਹੀ ਭਿੜੇ ਹਨ। ਦਿਲਚਸਪ ਇਹ ਵੀ ਹੈ ਕਿ ਹੁਣ ਤੱਕ ਕਰਵਾਈਆਂ ਜ਼ਿਮਨੀ ਚੋਣਾਂ ਦੌਰਾਨ 1970 ’ਚ ਡਕਾਲਾ ਤੋਂ ਮੁਕਾਬਲਾ ਔਰਤ ਉਮੀਦਵਾਰਾਂ ਦਰਮਿਆਨ ਰਿਹਾ। ਇਸ ਤੋਂ ਬਿਨਾਂ ਦਸੂਹਾ ਹਲਕੇ ਨੂੰ ਛੱਡਕੇ ਹੋਰ ਕਿਸੇ ਵੀ ਜ਼ਿਮਨੀ ਚੋਣ ’ਚ ਮੁੱਖ ਪਾਰਟੀਆਂ ਨੇ ਔਰਤ ਉਮੀਦਵਾਰ ਨਹੀਂ ਉਤਾਰੇ ਜਿੱਥੇ ਸੁਖਜੀਤ ਕੌਰ ਸ਼ਾਹੀ ਨੇ ਸੱਤਾਧਾਰੀ ਗੱਠਜੋੜ ਦੀ ਸਰਦਾਰੀ ਬਰਕਰਾਰ ਰੱਖੀ ਸੀ।