ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਤੱਕ ਖਾਮੋਸ਼ ਸੰਗਰੂਰ ਹਲਕਾ
ਅਸ਼ੋਕ ਵਰਮਾ
ਬਠਿੰਡਾ ,25 ਜੂਨ2022:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਸਦ ਮੈਂਬਰ ਵਜੋਂ ਅਸਤੀਫਾ ਦੇਣ ਤੋਂ ਬਾਅਦ ਹੋਈ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਤੱਕ ਲੋਕ ਸਭਾ ਹਲਕੇ ਸੰਗਰੂਰ ’ਚ ਪੂਰੀ ਤਰਾਂ ਚੁੱਪ ਪੱਸਰੀ ਹੋਈ ਹੈ। ਹੋਈਆਂ ਸਾਲ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਇਲਾਵਾ ਹਾਲੀਆ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਬੰਪਰ ਜਿੱਤ ਹੋਣ ਕਰਕੇ ਸੰਗਰੂਰ ਜਿਲ੍ਹਾ ‘ਸਿਆਸੀ ਪਿੜ’ ’ਚ ਅਹਿਮ ਸਥਾਨ ਰੱਖਣ ਲੱਗਿਆ ਹੈ। ਧੂੰਆਂਧਾਰ ਪ੍ਰਚਾਰ ਦੇ ਬਾਵਜੂਦ ਹਲਕੇ ’ਚ ਮਸਾਂ45 ਫੀਸਦੀ ਪੋÇਲੰਗ ਹੀ ਹੋਈ ਹੈ ਜਿਸ ਨੇ ਨਾਂ ਕੇਵਲ ਹਾਕਮ ਧਿਰ ਬਲਕਿ ਬਾਕੀ ਸਿਆਸੀ ਧਿਰਾਂ ਨੂੰ ਬੇਚੈਨ ਕੀਤਾ ਹੋਇਆ ਹੈ।
ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ’ਚ ਕੁੱਲ 16 ਉਮੀਦਵਾਰਾਂ ਦੀ ਕਿਸਮਤ ਈਵੀਐਮ ’ਚ ਬੰਦ ਪਈ ਹੈ ਜਿਸ ਦਾ ਫੈਸਲਾ 26 ਜੂਨ ਦਿਨ ਐਤਵਾਰ ਨੂੰ ਹੋਵੇਗਾ। ਇਸ ਚੋਣ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ, ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ ਦੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ, ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਅਤੇ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦਾ ਸਿਆਸੀ ਵੱਕਾਰ ਦਾਅ ’ਤੇ ਲੱਗਿਆ ਹੋਇਆ ਹੈ।
ਰੌਚਕ ਪਹਿਲੂ ਹੈ ਕਿ ਚੋਣ ਮੈਦਾਨ ’ਚ ਨਿਤਰੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਸਮਰਥਕਾਂ ਨੂੰ ਆਪੋ-ਆਪਣੀ ਜਿੱਤ ਦੀ ਉਮੀਦ ਹੈ ਅਤੇ ਦਿਲ ਦੇ ਕਿਸੇ ਕੋਨੇ ’ਚ ਹਾਰ ਦਾ ਡਰ ਵੀ ਸਤਾ ਰਿਹਾ ਹੈ। ਦੂਜੇ ਪਾਸੇ ਆਮ ਲੋਕਾਂ ਤੇ ਇਸ ਸਿਆਸੀ ਜੰਗ ਦਾ ਰਤਾ ਵੀ ਅਸਰ ਨਹੀਂ ਦਿਖਾਈ ਦਿੰਦਾ ਹੈ। ਬਹੁਤੇ ਲੋਕਾਂ ਨੇ ਇਹ ਵਸੋਚ ਕੇ ਪਾਸਾ ਵੱਟਿਆ ਹੈ ਕਿ ਸੰਸਦ ਮੈਂਬਰ ਦੀ ਮੌਜੂਦਾ ਚੋਣ ਸਿਰਫ਼ ਡੇਢ-ਦੋ ਸਾਲ ਲਈ ਹੈ ਕਿਉਂਕਿ 2024 ਵਿੱਚ ਤਾਂ ਲੋਕ ਸਭਾ ਦੀਆਂ ਆਮ ਚੋਣਾਂ ਹੋਣੀਆਂ ਹਨ।
ਹਾਲਾਂਕਿ ਚੋਣ ਪ੍ਰਚਾਰ ਦੌਰਾਨ ਸਿਆਸੀ ਲੀਡਰਾਂ ਵੱਲੋਂ ਕੀਤੇ ਪ੍ਰਚਾਰ ਧਾਰ ਨੂੰ ਦੇਖਦਿਆਂ ਢੋਲੀਆਂ ਨੂੰ ਉਮੀਦ ਸੀ ਕਿ ਸਿਆਸੀ ਮੈਦਾਨ ’ਚ ਫਤਹਿ ਕਿਸੇ ਦੀ ਵੀ ਹੋਵੇ, ਢੋਲ ਤਾਂ ਵੱਜੇਗਾ ਹੀ। ਹਲਵਾਈ ਵੀ ਆਸਵੰਦ ਸਨ ਜਿੱਤ ਕਿਸੇ ਵੀ ਧਿਰ ਦੀ ਹੋਵੇ ਉਨ੍ਹਾਂ ਦੇ ਲੱਡੂਆਂ ਦਾ ਮੁੱਲ ਪਵੇਗਾ। ਹਲਕੇ ਦੇ ਕਈ ਫੁੱਲਾਂ ਵਾਲਿਆਂ ਨੇ ਵੀ ਹਾਰ ਸ਼ਿੰਗਾਰਨ ਦੀ ਤਿਆਰੀ ਵਿੱਢੀ ਸੀ। ਪੋÇਲੰਗ ਦੌਰਾਨ ਵੋਟਰਾਂ ਦੇ ਮੱਠੇ ਹੁੰਗਾਰੇ ਨੇ ਸਾਰਿਆਂ ਦੇ ਉਤਸ਼ਾਹ ਮੱਠੇ ਪਾ ਦਿੱਤੇ ਹਨ। ਕੋਈ ਖਤਰਾ ਨਹੀਂ ਮੁੱਲ ਲੈ ਰਿਹਾ ਹੈ, ਨਾ ਤਾਂ ਕੋਈ ਢੋਲੀ ਬੁੱਕ ਕੀਤੇ ਹਨ ਤੇ ਨਾ ਹੀ ਕੋਈ ਲੀਡਰ ਲੱਡੂਆਂ ਦਾ ਆਰਡਰ ਦੇ ਰਿਹਾ ਹੈ।
ਜਿੱਤ ਤੋਂ ਬਾਅਦ ਚਲਾਏ ਜਾਣ ਵਾਲੇ ਪਟਕਿਆਂ ਦਾ ਤਾਂ ਕਿਧਰੇ ਜਿਕਰ ਵੀ ਨਹੀਂ ਹੈ। ਸੰਗਰੂਰ,ਮਲੇਰਕੋਟਲਾ, ਧੂਰੀ ਅਤੇ ਬਰਨਾਲਾ ਆਦਿ ਦੀ ਸਥਿਤੀ ਦਾ ਜਾਇਜਾ ਲਿਆ ਤਾਂ ਸਭ ਥਾਂ ਤੇ ਇੱਕ ਜਿਹੀ ਰਾਮ ਕਹਾਣੀ ਨਜ਼ਰ ਆਈ। ਸਿਆਸੀ ਤੌਰ ਤੇ ਅਹਿਮ ਮੰਨੀ ਜਾ ਰਹੀ ਇਹ ਚੋਣ ਜੰਗ ਦਾ ਕੀ ਸਿੱਟਾ ਨਿਕਲਦਾ ਹੈ ਇਹ ਤਾਂ ਐਤਵਾਰ ਨੂੰ ਸਪਸ਼ਟ ਹੋ ਜਾਏਗਾ ਪਰ ਆਮ ਲੋਕਾਂ ਨੂੰ ਇਸ ਜਿੱਤ ਜਾਂ ਹਾਰ ਨਾਲ ਕੋਈ ਸਰੋਕਾਰ ਨਹੀਂ ਜਾਪਦਾ ਹੈ।
ਲੱਡੂਆਂ ਦੀ ਬਾਤ ਨਹੀਂ ਪੁੱਛੀ:ਕਟਾਰੀਆ
ਸੰਗਰੂਰ ਸ਼ਹਿਰ ’ਚ ਮਠਿਆਈਆਂ ਦੀ ਮਸ਼ਹੂਰ ਦੁਕਾਨ ਕਟਾਰੀਆ ਸਵੀਟਸ ਦੇ ‘ਜੋਜੀ ਕਟਾਰੀਆ’ ਦਾ ਕਹਿਣਾ ਸੀ ਕਿ ਹਲਕੇ ’ਚ ਜਸ਼ਨਾਂ ਵਾਲੀ ਬਿਲਕੁਲ ਵੀ ਕੋਈ ਗੱਲ ਹੀ ਨਹੀਂ ਹੈ। ਉਨ੍ਹਾਂ ਆਖਿਆ ਕਿ ਲੱਡੂਆਂ ਦਾ ਅਗੇਤੇ ਆਰਡਰ ਤਾਂ ਬਹੁਤ ਦੂਰ ਹਨ। ਉਨ੍ਹਾਂ ਕੋਲ ਤਾਂ ਕਿਸੇ ਸਿਆਸੀ ਬੰਦੇ ਨੇ ਅੱਧਾ ਕਿੱਲੋ ਲੱਡੂ ਖਰੀਦਣ ਲਈ ਪਹੁੰਚ ਨਹੀਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਐਤਕੀ ਤਾਂ ਸੰਗਰੂਰ ਇਲਾਕੇ ’ਚ ਉਮੀਦਵਾਰਾਂ ਨੂੰ ਲੱਡੂਆਂ ਨਾਲ ਤੋਲਣ ਦਾ ਰੁਝਾਨ ਵੀ ਘੱਟ ਹੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਲ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵੇਲੇ ਤਾਂ ਅਜਿਹਾ ਮਹੌਲ ਸੀ ਕਿ ਹਲਵਾਈਆਂ ਨੂੰ ਲੱਡੂ ਬਨਾਉਣ ਵੇਲੇ ਸਾਹ ਲੈਣਾ ਨਹੀਂ ਮਿਲਿਆ ਸੀ।
ਝੋਨੇ ਦੀ ਲੁਆਈ ਤਰਜ਼ੀਹ ਬਣੀ
ਮਲੇਰਕੋਟਲਾ ਨਿਵਾਸੀ ਮੁਹੰਮਦ ਇਸਮਾਈਲ ਦਾ ਕਹਿਣਾ ਸੀ ਕਿ ਅਸਲ ’ਚ ਝੋਨੇ ਦੀ ਲਵਾਈ ਮਜ਼ਦੂਰ ਪਰਿਵਾਰਾਂ ਲਈ ਇੱਕ ਮਹੱਤਵਪੂਰਨ ਮੌਕਾ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦੀਆਂ ਆਰਥਿਕ ਜਰੂਰਤਾਂ ਪੂਰੀਆਂ ਹੁੰਦੀਆਂ ਹਨ ।ਉਨ੍ਹਾਂ ਕਿਹਾ ਕਿ ਇਸੇ ਕਾਰਨ ਹੀ ਕਿਸਾਨਾਂ ਤੇ ਮਜ਼ਦੂਰਾਂ ਨੇ ਐਤਕੀ ਚੋਣਾਂ ਨਾਲੋਂ ਝੋਨੇ ਦੀ ਲੁਆਈ ਨੂੰ ਵਧੇਰੇ ਤਰਜੀਹ ਦਿੱਤੀ ਹੈ ਜਿਸ ਕਰਕੇ ਵੀ ਚੋਣ ਮਹੌਲ ’ਚ ਦਿਲਚਸਪੀ ਦਿਖਾਈ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਐਨੇ ਸਾਲ ਵੋਟਾਂ ਪਾਕੇ ਜੋ ਕੁੱਝ ਨਹੀਂ ਖੱਟਿਆ ਸਭ ਦੇ ਸਾਹਮਣੇ ਹੈ, ਇਸ ਲਈ ਕੋਈ ਜਿੱਤੇ ਜਾਂ ਹਾਰੇ ਮਜ਼ਦੂਰ ਦਾ ਚੁੱਲ੍ਹਾ ਤਾਂ ਕੰਮ ਕਰਕੇ ਹੀ ਬਲਣਾ ਹੈ।
ਦੁੱਖ ਵੰਡਦੀ ਨਹੀਂ ਵਧਾਉਂਦੀ ਰਾਜਨੀਤੀ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਦਾ ਕਹਿਣਾ ਸੀ ਕਿ ਰਾਜ ਕਰਨ ਵਾਲੇ ਸਿਆਸੀ ਲੀਡਰਾਂ ਨੇ ਜੇਕਰ ਆਮ ਆਦਮੀ ਦੀ ਸਾਰ ਲਈ ਹੁੰਦੀ ਤਾਂ ਉਨ੍ਹਾਂ ਨੂੰ ਵੋਟਾਂ ਮੰਗਣ ਲਈ ਭਟਕਣਾ ਨਹੀਂ ਪੈਣਾ ਸੀ ਬਲਕਿ ਲੋਕਾਂ ਨੇ ਹੀ ਉਨ੍ਹਾਂ ਪਿੱਛੇ ਵੋਟਾਂ ਚੁੱਕੀ ਫਿਰਨਾ ਸੀ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਰਾਜਨੇਤਾ ਲੋਕਾਂ ਦੇ ਦੁੱਖ ਵੰਡਾਉਣ ਦੀ ਥਾਂ ਵੰਡੀਆਂ ਪਾਉਣ ਲੱਗੇ ਹਨ ਜਿਸ ਕਰਕੇ ਵੀ ਲੋਕਾਂ ਨੇ ਸਿਆਸੀ ਪਾਰਟੀਆਂ ਤੋਂ ਦੂਰੀ ਬਣਾਈ ਹੈ।