ਅਸ਼ੋਕ ਵਰਮਾ
ਜਲੰਧਰ 28 ਫਰਵਰੀ 2022: ‘‘ਆਰ.ਐਮ.ਪੀ.ਆਈ. ਰੂਸ ਤੇ ਯੁਕਰੇਨ ’ਚ ਚਲ ਰਹੀ ਖਤਰਨਾਕ ਲੜਾਈ ਤੇ ਇਸਦੇ ਸਿੱਟੇ ਵਜੋਂ ਹੋ ਰਹੇ ਮਨੁੱਖੀ ਜਾਨਾਂ ਦੇ ਨੁਕਸਾਨ ਉਪਰ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ। ਯੂਕਰੇਨ ’ਚ ਫਸੇ ਹੋਏ ਭਾਰਤ ਦੇ 20 ਹਜ਼ਾਰ ਦੇ ਕਰੀਬ ਵਿਦਿਆਰਥੀ ਤੇ ਹੋਰ ਲੋਕ ਜਿਸ ਤਰ੍ਹਾਂ ਦੀਆਂ ਤਕਲੀਫ਼ਾਂ ਤੇ ਜ਼ੁਲਮਾਂ ਦਾ ਸਾਹਮਣਾ ਕਰ ਰਹੇ ਹਨ, ਉਹ ਬਹੁਤ ਹੀ ਹਿਰਦੇਵੇਦਕ ਤੇ ਫਿਕਰਮੰਦੀ ਵਾਲੀ ਸਥਿਤੀ ਹੈ। ਜਿਸ ਢੰਗ ਨਾਲ ਰੂਸ ਨੇ ਯੁਕਰੇਨ ’ਤੇ ਹਮਲਾ ਕਰਕੇ ਜੋ ਵੱਡੀ ਤਬਾਹੀ ਮਚਾਈ ਹੈ ਉਹ ਅਤਿ ਨਿੰਦਣਯੋਗ ਹੈ।
ਉਹਨਾਂ ਕਿਹਾ ਕਿ ਇਸ ਸਥਿਤੀ ਲਈ ਅਮਰੀਕਾ ਤੇ ਨਾਟੋ ਦੇਸ਼ ਵੀ ਬਰਾਬਰ ਦੇ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਪਹਿਲਾਂ ਕੀਤੇ ਸਾਰੇ ਸਮਝੌਤਿਆਂ ਨੂੰ ਅਣਡਿੱਠ ਕਰਕੇ ਸੋਵੀਅਤ ਸੰਘ ਤੋਂ ਵੱਖ ਹੋਏ ਦੇਸ਼ਾਂ ਨੂੰ ਨਾਟੋ ਦੇ ਮੈਂਬਰ ਬਣਾਇਆ ਹੈ ਤੇ ਹੁਣ ਯੁਕਰੇਨ ਨੂੰ ਹੱਲਾਸ਼ੇਰੀ ਦੇ ਕੇ ਰੂਸ ਦੇ ਖਿਲਾਫ਼ ਭੜਕਾਉਣ ਲਈ ਪੂਰਾ ਤਾਣ ਲਾਇਆ। ਯੁਕਰੇਨ ਦੇ ਹੁਕਮਰਾਨਾਂ ਵਲੋਂ ਨਾਟੋ ਦਾ ਮੈਂਬਰ ਬਣਨ ਲਈ ਤਰਲੋਮੱਛੀ ਹੋਣਾ ਬਹੁਤ ਹੀ ਬਚਗਾਨਾ ਤੇ ਮੂਰਖਤਾ ਭਰਿਆ ਕਦਮ ਹੈ ਤੇ ਸਾਮਰਾਜੀ ਤਾਕਤਾਂ ਦੇ ਹੱਥਾਂ ’ਚ ਖੇਡਣ ਦੇ ਤੁੱਲ ਹੈ।
ਉਹਨਾਂ ਕਿਹਾ ਕਿ ਇਹ ਕਦਮ ਰੂਸ ਤੇ ਯੁਕਰੇਨ ਵਿਚਕਾਰ ਕੁੜੱਤਣ ਤੇ ਬੇਵਿਸ਼ਵਾਸੀ ਪੈਦਾ ਕਰਨ ਦਾ ਸਬੱਬ ਬਣਿਆ, ਜਿਸ ਦੇ ਸਿੱਟੇ ਵਜੋਂ ਇਕੱਲਾ ਯੁਕਰੇਨ ਜਾਂ ਰੂਸ ਹੀ ਨਹੀਂ, ਬਲਕਿ ਅੱਜ ਸਾਰੀ ਦੁਨੀਆਂ ਤੀਸਰੀ ਸੰਸਾਰ ਜੰਗ ਛਿੜ ਜਾਣ ਦੇ ਸੰਭਾਵਤ ਖਤਰੇ ਬਾਰੇ ਫਿਕਰਮੰਦ ਹੈ।ਪਾਰਟੀ ਵੱਲੋਂ ਬਿਆਨ ਜਾਰੀ ਕਰਦਿਆਂ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਪੰਜਾਬ ਰਾਜ ਕਮੇਟੀ ਦੇ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਰੂਸ ਤੇ ਯੂਕਰੇਨ, ਦੋਨਾਂ ਦੇਸ਼ਾਂ ਨੂੰ ਗਲਬਾਤ ਰਾਹੀਂ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ।
ਉਨ੍ਹਾਂ ਤੁਰੰਤ ਜੰਗਬੰਦੀ ਕਰਕੇ ਹੋਰ ਜਾਨੀ ਤੇ ਮਾਲੀ ਨੁਕਸਾਨ ਨੂੰ ਰੋਕਣ ਦੀ ਵੀ ਅਪੀਲ ਕੀਤੀ ਹੈ। ਸਾਥੀ ਪਾਸਲਾ ਤੇ
ਜਾਮਾਰਾਏ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਯੁਕਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਤੇ ਹੋਰ ਲੋਕਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਭਾਰਤ ਲਿਆਉਣ ਦੇ ਕੰਮ ’ਚ ਫੌਰੀ ਤੇਜ਼ੀ ਲਿਆਵੇ। ਪਾਰਟੀ ਆਗੂਆਂ ਨੇ ਅਮਰੀਕਾ, ਯੂਰਪੀ ਯੂਨੀਅਨ ਤੇ ਨਾਟੋ ਦੇ ਹੋਰ ਮੈਂਬਰ ਦੇਸ਼ਾਂ ਨੂੰ ਵੀ ਤਾੜਨਾ ਕਰਦੀ ਹੈ ਕਿ ਉਹ ਰੂਸ-ਯੁਕਰੇਨ ਦਰਮਿਆਨ ਝਗੜੇ ’ਚ ਕਿਸੇ ਕਿਸਮ ਦੀ ਭੜਕਾਊ ਦਖਲ ਅੰਦਾਜ਼ੀ ਨਾ ਕਰਨ, ਜਿਸ ਨਾਲ ਜੰਗ ਦੀ ਚੰਗਿਆੜੀਆਂ ਹੋਰ ਭੜਕੇ ਤੇ ਸਥਿਤੀ ਕੰਟਰੋਲ ਤੋਂ ਬਾਹਰ ਹੋ ਜਾਵੇ। ਦੁਨੀਆਂ ਲਈ ਇਹ ਜੰਗ ਇਕ ਸਬਕ ਹੈ ਕਿ ਜਿੰਨੀ ਦੇਰ ਪੂੰਜੀਵਾਦੀ ਪ੍ਰਬੰਧ ਮੌਜੂਦ ਹੈ, ਉਨੀ ਦੇਰ ਸੰਸਾਰ ’ਚ ਸਥਾਈ ਅਮਨ ਕਾਇਮ ਰੱਖਣਾ ਅਸੰਭਵ ਹੈ ਕਿਉਂਕਿ ਪੂੰਜੀਵਾਦੀਆਂ ਦੀ ਮੁਨਾਫਿਆਂ ਲਈ ਭੁੱਖ ਜੰਗਾਂ ਨੂੰ ਜਨਮ ਦਿੰਦੀ ਹੈ।