ਉਮਰਾ ਨੰਗਲ ਨੂੰ ਢੁਕਵੀਂ ਸੁਰਖ਼ੀਆਂ ਦਿਓ- ਕੇਂਦਰ ਨੇ ਕੈਪਟਨ ਸਰਕਾਰ ਨੂੰ ਕੀਤੀ ਹਦਾਇਤ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 15 ਸਤੰਬਰ, 2021: ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਮੁਅੱਤਲ ਕੀਤੇ ਹੋਏ ਆਈ ਜੀ ਪੁਲਿਸ ਪਰਮਰਾਜ ਉਮਰਾਨੰਗਲ ਅਤੇ ਉਸ ਦੇ ਪਰਿਵਾਰ ਨੂੰ ਢੁਕਵੀਂ ਸੁਰੱਖਿਆ ਮੁਹੱਈਆ ਕਰਵਾਏ । ਕੇਂਦਰੀ ਗ੍ਰਹਿ ਵਜ਼ਾਰਤ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਖ਼ਤ ( ਇਸ ਖ਼ਤ ਦੀ ਕਾਪੀ ਬਾਬੂਸ਼ਾਹੀ ਕੋਲ ਮੌਜੂਦ ਹੈ ) 'ਚ ਕਿਹਾ ਹੈ ਕਿ ਕੋਟਕਪੂਰਾ-ਬਹਿਬਲ ਕਲਾਂ ਪੁਲਿਸ ਫਾਇਰਿੰਗ ਮਾਮਲੇ ਦੇ ਮੁੱਖ ਮੁਲਜ਼ਮ ਹੋਣ ਦੇ ਨਾਤੇ, ਉਮਰਾਨੰਗਲ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਲੁਕੇ ਸਿੱਖ ਕੱਟੜਪੰਥੀਆਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਮਰਾਨੰਗਲ ਵੱਲੋਂ ਕੇਂਦਰ ਨੂੰ ਭੇਜੀ ਬੇਨਤੀ ਦੀ ਘੋਖ -ਪੜਤਾਲ ਕਰਨ ਤੋਂ ਬਾਅਦ ਖ਼ਤ ਵਿਚ ਕਿਹਾ ਗਿਆ ਹੈ ਕਿ ਉਮਰਾਨੰਗਲ ਅਤੇ ਉਸ ਦੇ ਪਰਿਵਾਰ ਨੂੰ ''ਸਿੱਖ ਕੱਟੜਵਾਦੀਆਂ ਅਤੇ ਖਾੜਕੂਆਂ ਤੋਂ ਗੰਭੀਰ ਖ਼ਤਰੇ ਦਾ ਖ਼ਦਸ਼ਾ ਹੈ."
ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਗ੍ਰਹਿ ਵਜ਼ਾਰਤ ਨੂੰ ਸੌਂਪੀ ਗਈ ਰਿਪੋਰਟ ਅਨੁਸਾਰ ਉਮਰਾਨੰਗਲ ਦੇ ਪਰਿਵਾਰ ਨੂੰ ਪੰਜਾਬ ਵਿੱਚ ਖਾੜਕੂਵਾਦ ਦੌਰਾਨ ਸਿੱਖ ਖਾੜਕੂਆਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਦੇ ਪਿਤਾ ਨੂੰ 1987 ਵਿੱਚ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀ। 1988 ਵਿੱਚ, ਉਨ੍ਹਾਂ ਦੇ ਪਰਿਵਾਰ ਉੱਤੇ ਵੀ ਪਿੰਡ ਉਮਰਾਨੰਗਲ ਵਿੱਚ ਖਾੜਕੂਆਂ ਨੇ ਕਈ ਵਾਰ ਹਮਲਾ ਕੀਤਾ ਸੀ।
ਚੇਤੇ ਰਹੇ ਕਿ ਉਮਰਾ ਨੰਗਲ ਨੂੰ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਵਿਚ ਮੁੱਖ ਦੋਸ਼ੀਆਂ ਦੀ ਲਿਸਟ ਵਿਚ ਸ਼ਾਮਲ ਕੀਤਾ ਸੀ .
ਵੀਡੀਓ ਇੰਟਰਵਿਊ ਦੇਖਣ ਲਈ ਕਲਿੱਕ ਕਰੋ
https://youtu.be/u1UrTwui4Mw
ਕੁਝ ਸਮਾਂ ਪਹਿਲਾਂ ਉਮਰਾ ਨੰਗਲ ਨੇ ਬਾਬੂਸ਼ਾਹੀ ਟਾਈਮਜ਼ ਨਾਲ ਇੱਕ ਇੰਟਰਵਿਊ ਵਿਚ ਜਿੱਥੇ ਕੋਟਕਪੂਰਾ ਅਤੇ ਬਹਿਬਲ ਕਲਾਂ ਫਾਇਰਿੰਗ ਮਾਮਲੇ ਵਿਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ ਉੱਥੇ ਸਿੱਖ ਜਗਤ ਤੋਂ ਮਾਫ਼ੀ ਵੀ ਮੰਗੀ ਸੀ ਜੇਕਰ ਕਿਸੇ ਨੂੰ ਕੋਈ ਠੇਸ ਪਹੁੰਚੀ ਹੋਵੇ ਤਾਂ ਉਹ ਮਾਫ਼ੀ ਮੰਗਦੇ ਹਨ .