ਹਰੀਸ਼ ਕਾਲੜਾ
ਰੂਪਨਗਰ,17 ਅਪ੍ਰੈਲ 20 - 21: ਕੁੰਵਰ ਵਿਜੇ ਪ੍ਰਤਾਪ ਆਈ.ਜੀ.ਨੇ ਅੱਜ ਰਾਣਾ ਕੰਵਰ ਪਾਲ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਨਾਲ ਰੂਪਨਗਰ ਵਿਖੇ ਉਹਨਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਜੋ ਕਿ ਲਗਭੱਗ 2 ਘੰਟੇ ਚੱਲੀ। ਅਸਤੀਫ਼ਾ ਦੇ ਚੁੱਕੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਵਲੋਂ ਬੀਤੇ ਦਿਨ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਸੀ।
ਆਪਣੀ ਨੌਕਰੀ ਤੋਂ ਅਸਤੀਫਾ ਦੇਣ ਵਾਲੇ ਆਈ ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਅਜ ਰੂਪਨਗਰ ਸਥਿਤ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਰਿਹਾਇਸ਼ ਤੇ ਪੁੱਜੇ ਅਤੇ ਉਨ੍ਹਾਂ ਲਗ਼ਭਗ਼ ਦੋ ਘੰਟੇ ਉਨ੍ਹਾਂ ਦੀ ਸਪੀਕਰ ਰਾਣਾਂ ਕੰਵਰਪਾਲ ਸਿੰਘ ਨਾਲ ਗੁਪਤ ਮੀਟਿੰਗ ਚੱਲੀ, ਦੁਪਿਹਰ ਇੱਕ ਵਜੇ ਦੇ ਕਰੀਬ ਪੁਜੇ ਕੁੰਵਰ ਵਿਜੇ ਪ੍ਰਤਾਪ ਤਿੰਨ ਵਜੇ ਤੋਂ ਬਾਅਦ ਵਾਪਸ ਗਏ। ਇਸ ਸਬੰਧੀ ਦਫਤਰੀ ਸਟਾਫ ਅਤੇ ਸਾਥੀਆਂ ਵਲੋਂ ਕੋਈ ਬਿਆਨ ਨਹੀ ਦਿੱਤਾ, ਪਰ ਜਦੋ ਇਸ ਸਬੰਧੀ ਸਪੀਕਰ ਸਾਹਿਬ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਅਕਸਰ ਮੇਰੇ ਕੋਲ ਆਉਂਦੇ ਹੀ ਰਹਿੰਦੇ ਹਨ ਅਤੇ ਅਜ ਵੀ ਸ਼ਿਸ਼ਟਾਚਾਰ ਦੇ ਤੋਰ ਤੇ ਮਿਲਣ ਆਏ ਸਨ। ਉਨ੍ਹਾਂ ਹੋਰ ਕਿਸੇ ਵੀ ਤਰ੍ਹਾਂ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਮੀਟਿੰਗ ਤੋਂ ਬਾਅਦ ਅਜ ਰੂਪਨਗਰ ਵਿੱਚ ਚਰਚਾਵਾਂ ਦਾ ਬਜ਼ਾਰ ਗਰਮ ਰਿਹਾ ਕਿ ਬੀਤੇ ਕੱਲ੍ਹ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਬਿਆਨ ਦਿੱਤਾ ਗਿਆ ਸੀ ਕਿ ਉਹ ਅਸਤੀਫੇ ਨੂੰ ਮੰਨਜੂਰ ਕਰਵਾਉਣ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਵਿੱਚ ਸਫਲ ਰਹੇ ਹਨ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਸਪੀਕਰ ਸਾਹਿਬ ਦੀ ਯਾਰੀ ਜੱਗ ਜ਼ਾਹਿਰ ਹੈ ਅਤੇ ਹੋ ਸਕਦਾ ਹੈ ਕਿ ਇਸ ਵਿੱਚ ਸਪੀਕਰ ਸਾਹਿਬ ਨੇ ਕੋਈ ਰੋਲ ਅਦਾ ਕੀਤਾ ਹੋਵੇ ਜਿਸ ਦਾ ਕੁੰਵਰ ਧੰਨਵਾਦ ਕਰਨ ਆਏ ਹੋਣ।
ਬੀਤੇ ਕੱਲ੍ਹ ਪੱਤਰਕਾਰ ਵਲੋਂ ਸਵਾਲ ਪੁਛਿਆ ਗਿਆ ਸੀ ਕਿ ਤੁਸੀ ਹੁਣ ਦੇਸ਼ ਸੇਵਾ ਛੱਡ ਦੇਵੋਗੇ ਤਾ ਉਨ੍ਹਾਂ ਕਿਹਾ ਸੀ ਕਿ ਦੇਸ਼ ਸੇਵਾ ਦੇ ਹੋਰ ਵੀ ਤਰੀਕੇ ਹੋ ਸਕਦੇ ਹਨ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਕਿਤੇ ਅਜਿਹੀਆਂ ਮੀਟਿੰਗਾ ਕਰਕੇ ਕੁੰਵਰ ਵਿਜੇ ਪ੍ਰਤਾਪ ਸਿੰਘ 2022 ਦੀਆਂ ਵਿਧਾਨ ਸਭਾ ਦੀਆਂ ਤਿਆਰੀਆਂ ਤਾਂ ਨਹੀ ਕਰ ਰਹੇ।