ਕੋਟਕਪੂਰਾ ਦਾ ਮੈਡੀਕਲ ਸਟੂਡੈਂਟ ਵੀ ਯੂਕਰੇਨ 'ਚ ਫਸਿਆ: ਪਰਿਵਾਰ ਨੇ ਕੇਂਦਰ ਸਰਕਾਰ ਤੋਂ ਮੰਗੀ ਮਦਦ
- ਯੂਕਰੇਨ ਤੋਂ ਭਾਸਕਰ ਦਾ ਸੰਦੇਸ਼- ਹਾਲਾਤ ਖਰਾਬ ਹਨ ਪਰ ਚਿੰਤਾ ਨਾ ਕਰੋ
ਦੀਪਕ ਗਰਗ
ਕੋਟਕਪੂਰਾ, 25 ਫਰਵਰੀ, 2022: ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੇ ਮਾਪੇ ਬੱਚਿਆਂ ਨੁੰ ਲੈ ਕੇ ਚਿੰਤਤ ਹਨ। ਕੋਟਕਪੂਰਾ ਤੋਂ ਮੈਡੀਕਲ ਦੀ ਪੜਾਈ ਕਰਨ ਯੂਕਰੇਨ ਗਏ ਭਾਸਕਰ ਕਟਾਰੀਆ ਦੇ ਮਾਪਿਆ ਨੇ ਆਪਣਾ ਦਰਦ ਬਿਆਨ ਕੀਤਾ ਹੈ।
ਯੁਕਰੇਨ ਵਿਚ ਗਏ ਕੋਟਕਪੂਰਾ ਦੇ ਭਾਸਕਰ ਕਟਾਰੀਆ ਦੀ ਮਾਤਾ ਡਾਕਟਰ ਅੰਨੁ ਕਟਾਰੀਆ ਅਤੇ ਪਿਤਾ ਡਾਕਟਰ ਸ਼ੈਲੇਸ਼ ਕਟਾਰੀਆ ਆਪਣੇ ਪੁੱਤਰ ਨੁੰ ਲੈ ਕੇ ਚਿੰਤਤ ਹਨ। ਭਾਸਕਰ ਕਟਾਰੀਆ ਯੂਕਰੇਨ ਵਿਚ ਐਮ ਬੀ ਬੀ ਐਸ ਕਰਨ ਲਈ ਗਏ ਹੋਏ ਹਨ।
ਜਿਵੇਂ ਜਿਵੇਂ ਯੂਕਰੇਨ ਦੇ ਹਾਲਾਤ ਦਿਨ ਬ ਦਿਨ ਵਿਗੜਦੇ ਜਾ ਰਹੇ ਹਨ, ਤਾਂ ਪਰਿਵਾਰਕ ਮੈਂਬਰਾਂ ਦੀਆਂ ਚਿੰਤਾਵਾਂ ਵੀ ਵੱਧਦੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਭਾਸਕਰ 2016 ਵਿੱਚ ਯੂਕਰੇਨ ਗਿਆ ਸੀ ਅਤੇ ਹੁਣ ਉਨ੍ਹਾਂ ਦੇ ਬੇਟੇ ਦੀ ਪੜ੍ਹਾਈ ਦੇ ਕੋਰਸ ਦੇ ਸਿਰਫ 3 ਮਹੀਂਨੇ ਹੀ ਬਾਕੀ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਆਪਣੇ ਬੇਟੇ ਨਾਲ ਫੋਨ ਤੇ ਗੱਲ ਹੋ ਰਹੀ ਹੈ। ਉਥੇ ਰਹਿੰਦੇ ਸਾਰੇ ਭਾਰਤੀ ਬੱਚੇ ਘਬਰਾਏ ਅਤੇ ਡਰੇ ਹੋਏ ਹਨ। ਉਨ੍ਹਾਂ ਕੋਲ ਉਥੇ ਰਹਿਣ ਲਈ ਜਿਆਦਾ ਇੰਤਜ਼ਾਮ ਭੀ ਨਹੀਂ ਹਨ।
ਉਨ੍ਹਾਂ ਦੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਯੂਕਰੇਨ ਵਿੱਚ ਰਹਿ ਰਹੇ ਸਾਰੇ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਿਸ ਲਿਆਂਦਾ ਜਾਵੇ। ਭਾਸਕਰ ਵਲੋਂ ਆਪਣੇ ਮਾਤਾ ਪਿਤਾ ਨੂੰ ਇਹ ਵੀ ਦੱਸਿਆ ਗਿਆ ਕਿ ਕੀਵ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀ ਯੂਕਰੇਨ ਵਿੱਚ ਰਹਿੰਦੇ ਸਾਰੇ ਭਾਰਤੀਆਂ ਦੇ ਸੰਪਰਕ ਵਿੱਚ ਹਨ ਅਤੇ ਦੂਤਾਵਾਸ ਦੇ ਅਧਿਕਾਰੀਆਂ ਵੱਲੋਂ ਸਮੇਂ-ਸਮੇਂ 'ਤੇ ਐਡਵਾਈਜ਼ਰੀਆਂ ਜਾਰੀ ਕੀਤੀਆਂ ਜਾਂਦੀਆਂ ਹਨ।
ਯੂਕਰੇਨ ਦੀ ਸਰਕਾਰ ਨੇ ਕਿਹਾ ਹੈ ਕਿ ਜ਼ਰੂਰੀ ਦਸਤਾਵੇਜ਼ ਅਤੇ ਕੁਝ ਉਪਯੋਗੀ ਵਸਤੂਆਂ ਨੂੰ ਇੱਕ ਬੈਗ ਵਿੱਚ ਰੱਖ ਕੇ ਤਿਆਰ ਰੱਖੋ ਅਤੇ ਸਰਕਾਰ ਦੇ ਅਗਲੇ ਹੁਕਮਾਂ ਦਾ ਇੰਤਜ਼ਾਰ ਕਰੋ। ਆਪਣੇ ਈ-ਮੇਲ ਅਤੇ ਸੁਨੇਹਿਆਂ ਨੂੰ ਵਾਰ-ਵਾਰ ਚੈੱਕ ਕਰਦੇ ਰਹੋ ਅਤੇ ਕਿਸੇ ਵੀ ਹਾਲਤ ਵਿਚ ਘਰ ਤੋਂ ਬਾਹਰ ਨਾ ਨਿਕਲੋ। ਬਿਲਕੁਲ ਜ਼ਰੂਰੀ ਹੋਣ 'ਤੇ ਹੀ ਬਾਹਰ ਨਿਕਲੋ। ਭਾਸਕਰ ਲਗਾਤਾਰ ਆਪਣੇ ਪਰਿਵਾਰ ਦੇ ਸੰਪਰਕ 'ਚ ਹੈ।