ਫਿਕਰਮੰਦ ਮਾਪਿਆਂ ਵੱਲੋਂ ਯੁਕਰੇਨ ਤੋਂ ਬੱਚੇ ਭਾਰਤ ਲਿਆਉਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 26 ਫਰਵਰੀ 2022:ਅੱਖਾਂ ’ਚ ਉਦਾਸੀ ਦਾ ਪਹਿਰਾ ,ਦਿਲਾਂ ’ਚ ਖੌਫ ਤੋਂ ਇਲਾਵਾ ਚਿਹਰਿਆਂ ਤੇ ਦਹਿਸ਼ਤ ਦੱਸਦੀ ਹੈ ਕਿ ਬਠਿੰਡਾ ਜਿਲ੍ਹੇ ਦੀ ਮੌੜ ਮੰਡੀ ਨਾਲ ਸਬੰਧਤ ਮਾਪਿਆਂ ਨੂੰ ਆਪਣੇ ਯੁਕਰੇਨ ’ਚ ਲੱਗੀ ਜੰਗ ਕਾਰਨ ਫਸੇ ਬੱਚਿਆਂ ਦੀ ਕਿਸ ਕਦਰ ਉਡੀਕ ਹੈ। ਮੌੜ ਸਬ ਡਿਵੀਜ਼ਨ ਦੇ ਇੰਨ੍ਹਾਂ ਪ੍ਰੀਵਾਰਾਂ ਨੇ ਕੇਂਦਰ ਸਰਕਾਰ ਤੋਂ ਆਪਣੇ ਬੱਚਿਆਂ ਨੂੰ ਭਾਰਤ ਵਾਪਿਸ ਲਿਆਉਣ ਦੀ ਮੰਗ ਕੀਤੀ ਹੈ। ਇਸ ਇਲਾਕੇ ਦਤਿੰਨ ਵਿਦਿਆਰਥੀ ਯੁਕ੍ਰੇਨ ’ਚ ਫਸੇ ਹੋਏ ਹਨ ਜਿਸ ਨੇ ਮਾਪਿਆਂ ਨੂੰ ਚਿੰਤਾ ’ਚ ਪਾਇਆ ਹੋਇਆ ਹੈ। ਯੂਕਰੇਨ ’ਚ ਫਸੀ ਐਮ ਬੀ ਬੀ ਐਸ ਦੀ ਪੜ੍ਹਾਈ ਕਰਨ ਗਈ ਦਿ੍ਰਸ਼ਟੀ ਸ਼ਰਮਾ ਦੇ ਪਿਤਾ ਸੰਜੀਵ ਸ਼ਰਮਾ ਵਾਸੀ ਮੌੜ ਮੰਡੀ ਨੇ ਦੱਸਿਆ ਕਿ ਜਦੋਂ ਤੋਂ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਨੇ ਭਿਆਨਕ ਰੂਪ ਲੈ ਲਿਆ ਹੈ ਤਾਂ ਉਹ ਆਪਣੀ ਲੜਕੀ ਦੀ ਸੁਰੱਖਿਆ ਪ੍ਰਤੀ ਬੇਹੱਦ ਫਿਕਰਮੰਦ ਹੋਏ ਪਏ ਹਨ।
ਉਨ੍ਹਾਂ ਕਿਹਾ ਕਿ ਬੱਚਿਆਂ ਨੇ ਜਾਣਕਾਰੀ ਦਿੱਤੀ ਹੈ ਕਿ ਹਵਾਈ ਟਿਕਟ ਦੇ ਰੇਟ ਚਾਰ ਗੁਣਾ ਵਧ ਗਏ ਹਨ ਅਤੇ ਬੈਕਾਂ ਦੇ ਲੈਣ ਦੇਣ ਦਾ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਾਰਨਾਂ ਕਰਕੇ ਬੱਚਿਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੜਕੀ ਦ੍ਰਿਸ਼ਟੀ ਸ਼ਰਬਮਾ ਨੂੰ ਜਲਦ ਤੋਂ ਜਲਦ ਸੁਰੱਖਿਅਤ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਇਸੇ ਤਰਾਂ ਹੀ ਸੰਜੀਵ ਕੁਮਾਰ ਗਰਗ ਵਾਸੀ ਮੌੜ ਮੰਡੀ ਦਾ ਲੜਕਾ ਤਨੀਸ਼ ਗਰਗ ਕਰੀਬ ਤਿੰਨ ਮਹੀਨੇ ਪਹਿਲਾ ਹੀ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਿਆ ਸੀ। ਸੰਜੀਵ ਗਰਗ ਨੇ ਦੱਸਿਆ ਕਿ ਜੰਗ ਕਾਰਨ ਪ੍ਰਸਥਿਤੀਆਂ ਗੰਭੀਰ ਹੋ ਗਈਆਂ ਹਨ ਜਿਸ ਕਾਰਨ ਸਿਰਫ ਤਨਿਸ਼ ਗਰਗ ਹੀ ਨਹੀਂ ਬਲਕਿ ਉਸ ਦੇ ਨਾਲ ਫਸੇ ਹੋਰ ਵੀ ਬੱਚੇ ਬੁਰੀ ਤਰਾਂ ਘਬਰਾਏ ਹੋਏ ਹਨ।
ਉਨ੍ਹਾਂ ਕਿਹਾ ਕਿ ਇੱਕ ਤਾਂ ਬੇਗਾਨਾ ਮੁਲਕ, ਭਾਸ਼ਾ ਅਤੇ ਮਹੌਲ ਦਾ ਫਰਕ ਉੱਪਰੋਂ ਬੰਬ ਧਮਾਕਿਆਂ ਤੇ ਹਵਾਈ ਜਹਾਜਾਂ ਦੀ ਗੜਗੜਹਾਟ ਬੱਚਿਆਂ ਨੂੂੰ ਹੋਰ ਵੀ ਦਹਿਸ਼ਤਜ਼ਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੁਕ੍ਰੇਨ ’ਚ ਬੱਚਿਆਂ ਨੂੰ ਨੀਂਦ ਨਹੀਂ ਆ ਰਹੀ ਅਤੇ ਇੱਥੇ ਉਹ ਆਪਣੇ ਲਾਡਲੇ ਦੀ ਝਲਕ ਦੇਖਣ ਨੂੰ ਤਰਸੇ ਪਏ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੀੜਤ ਮਾਪਿਆਂ ਦੀ ਬਾਂਹ ਫੜ੍ਹੇ ਅਤੇ ਇਸ ਸੰਕਟ ਵਿੱਚੋਂ ਬਾਹਰ ਕੱਢੇ। ਉਨ੍ਹਾਂ ਭਾਰਤ ਸਰਕਾਰ ਨੂੰ ਯੂਕਰੇਨ ’ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਅਤੇ ਪੜ੍ਹਾਈ ਵੀ ਇੱਥੇ ਕਰਵਾਉਣ ਦੀ ਮੰਗ ਕੀਤੀ ਹੈ।
ਯਸ਼ਪਾਲ ਵਾਸੀ ਮੌੜ ਮੰਡੀ ਨੇ ਦੱਸਿਆ ਕਿ ਉਸ ਦਾ ਲੜਕਾ ਲਵਕੇਸ਼ ਕੁਮਾਰ ਯੂਕਰੇਨ ’ਚ ਐੱਮਬੀਬੀਐੱਸ ਦੀ ਆਖਰੀ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਤਾਂ ਇਸ ਉਡੀਕ ’ਚ ਸਨ ਕਿ ਉਨ੍ਹਾਂ ਦਾ ਲਾਡਲਾ ਡਾਕਟਰ ਬਣਕੇ ਆਉਣ ਵਾਲਾ ਹੈ ਪਰ ਅਚਾਨਕ ਰੂਸੀ ਹਮਲੇ ਕਾਰਨ ਬਣੇ ਹਾਲਾਤਾਂ ਨੇ ਹਾਲਾਤ ਵਿਗਾੜ ਕੇ ਰੱਖ ਦਿੱਤੇ ਹਨ। ਪੁੱਤ ਦੀ ਉਡੀਕ ’ਚ ਦਿਨ ਨੂੰ ਚੈਨ ਨਹੀਂ ਆ ਰਿਹਾ ਜਦੋਂਕਿ ਰਾਤਾਂ ਦੀ ਨੀਂਦ ਉੱਡ ਗਈ ਹੈ। ਉਨ੍ਹਾਂ ਕਿਹਾ ਕਿ ਸੜਕੀ ਆਵਾਜਾਈ ਪੂਰੀ ਤਰਾਂ ਠੱਪ ਹੋ ਚੁੱਕੀ ਹੈ। ਜਿਸ ਕਾਰਨ ਲਵਕੇਸ਼ ਦਾ ਉੱਥੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਯੁਕ੍ਰੇਨ ’ਚ ਫਸੇ ਲਵਕੇਸ਼ ਸਮੇਤ ਸਮੂਹ ਵਿਦਿਆਰਥੀਆਂ ਨੂੰ ਰਾਜੀ ਖੁਸ਼ੀ ਮਾਪਿਆਂ ਕੋਲ ਵਾਪਿਸ ਲਿਆਉਣ ਲਈ ਵੀ ਕਿਹਾ।