ਗੁਰ ਰੰਧਾਵਾ
- ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 72 ਤੋਂ ਵੱਧ
- ਪੁਲਿਸ ਨੇ ਸ਼ਰਾਬ ਤਸਕਰਾਂ ਨੂੰ ਪਾਈਆਂ ਭਾਜੜਾਂ, ਕਈ ਗ੍ਰਿਫਤਾਰ ਕਈ ਫਰਾਰ
ਤਰਨਤਾਰਨ, 2 ਅਗਸਤ 2020 - ਤਰਨਤਾਰਨ ਜ਼ਿਲ੍ਹੇ 'ਚ ਜੀਜੇ ਸਾਲੇ ਵੱਲੋਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਦੋਵਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪਿੰਡ ਸੰਘਰਕਲਾਂ ਦੀ ਵਸਨੀਕ ਸੰਦੀਪ ਕੌਰ ਨੇ ਦੱਸਿਆ ਕਿ ਉਸਦਾ ਪਤੀ ਤਰਸੇਮ ਸਿੰਘ ਪਿੰਡ ਭੁੱਲਰ ਵਿਖੇ ਆਪਣੀ ਭੈਣ ਨੂੰ ਰੱਖੜੀ ਦਾ ਤਿਉਹਾਰ ਮੌਕੇ ਮਿਲਣ ਲਈ ਗਿਆ ਸੀ, ਜਿੱਥੇ ਉਨਾਂ ਨੇ ਆਪਣੇ ਜੀਜੇ ਨਾਲ ਮਿਲ ਕੇ ਪਿੰਡ ਭੁੱਲਰ ਤੋਂ ਹੀ ਸ਼ਰਾਬ ਖਰੀਦ ਕੇ ਪੀਤੀ ਅਤੇ ਉਨ੍ਹਾਂ ਦੇ ਜੀਜੇ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਤਰਸੇਮ ਸਿੰਘ ਨੂੰ ਅੰਮ੍ਰਿਤਸਰ ਵਿਖੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਸਦੀ ਵੀ ਮੌਤ ਹੋ ਗਈ।
ਜ਼ਿਲ੍ਹੇ ਵਿਚ ਜਿੱਥੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਸੰਖਿਆ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਐਤਵਾਰ ਸ਼ਾਮ ਤੱਕ ਤਰਨਤਾਰਨ ਸ਼ਹਿਰ ਅਤੇ ਆਸ-ਪਾਸ ਲੱਗਦੇ ਪਿੰਡਾਂ ਵਿਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਸੰਖਿਆ 6 ਦਰਜ਼ਨ ਤੋਂ ਵੱਧ ਕੇ 75 ਦੇ ਕਰੀਬ ਪਹੁੰਚ ਚੁੱਕੀ ਹੈ, ਜਿਸਦੀ ਪੁਸ਼ਟੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵਲੋਂ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਅਜੇ ਵੀ ਜ਼ਿਲੇ ਦੇ ਕਈ ਹਸਪਤਾਲਾਂ ਵਿਚ ਜ਼ਹਿਰੀਲੀ ਸ਼ਰਾਬ ਨਾਲ ਕਈ ਵਿਅਕਤੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।