ਯੂਕਰੇਨ ਯੁੱਧ 'ਚ ਬਰਨਾਲਾ ਦੇ ਇੱਕ ਨੌਜਵਾਨ ਦੀ ਮੌਤ, ਵੀਡੀਓ ਵੀ ਵੇਖੋ
ਯੂਕਰੇਨ-ਰੂਸ ਦਰਮਿਆਨ ਚੱਲ ਰਹੇ ਯੁੱਧ ਦਰਮਿਆਨ ਬਰਨਾਲਾ ਦੇ ਇੱਕ ਨੌਜਵਾਨ ਦੀ ਮੌਤ ਹੋਈ ਹੈ। ਮ੍ਰਿਤਕ ਨੌਜਵਾਨ ਚੰਦਨ ਜਿੰਦਲ 4 ਸਾਲਾਂ ਤੋਂ ਯੂਕਰੇਨ ਦੇ ਵਿਨੀਸੀਆ ਸਟੇਟ ਵਿੱਚ ਐਮਬੀਬੀਐਸ ਦੀ ਪੜਾਈ ਕਰਨ ਗਿਆ
ਕਮਲਜੀਤ ਸਿੰਘ ਸੰਧੂ
ਬਰਨਾਲਾ 02 ਮਾਰਚ, 2022:
ਯੂਕਰੇਨ-ਰੂਸ ਦਰਮਿਆਨ ਚੱਲ ਰਹੇ ਯੁੱਧ ਦਰਮਿਆਨ ਬਰਨਾਲਾ ਦੇ ਇੱਕ ਨੌਜਵਾਨ ਦੀ ਮੌਤ ਹੋਈ ਹੈ। ਮ੍ਰਿਤਕ ਨੌਜਵਾਨ ਚੰਦਨ ਜਿੰਦਲ 4 ਸਾਲਾਂ ਤੋਂ ਯੂਕਰੇਨ ਦੇ ਵਿਨੀਸੀਆ ਸਟੇਟ ਵਿੱਚ ਐਮਬੀਬੀਐਸ ਦੀ ਪੜਾਈ ਕਰਨ ਗਿਆ ਹੋਇਆ ਸੀ। ਜਿੱਥੇ 2 ਫ਼ਰਵਰੀ ਨੂੰ ਚੰਦਨ ਜਿੰਦਲ ਗੰਭੀਰ ਬੀਮਾਰ ਹੋ ਗਿਆ ਅਤੇ ਉਸਦੇ ਦਿਮਾਗ ਵਿੱਚ ਖ਼ੂਨ ਦੇ ਥੱਕੇ ਬਣ ਗਏ ਅਤੇ ਉਸਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਉਣਾ ਪਿਆ ਸੀ।
ਭਾਰਤ ਰਹਿੰਦੇ ਪਰਿਵਾਰ ਦੀ ਪ੍ਰਵਾਨਗੀ ਨਾਲ ਹੀ ਚੰਦਨ ਦਾ ਆਪਰੇਸ਼ਨ ਵੀ ਕੀਤਾ ਗਿਆ ਸੀ। ਜਿਸਤੋਂ ਬਾਅਦ ਚੰਦਨ ਦੀ ਸਾਂਭ ਸੰਭਾਲ ਲਈ 7 ਫ਼ਰਵਰੀ ਨੂੰ ਉਸਦਾ ਪਿਤਾ ਸ਼ੀਸ਼ਨ ਕੁਮਾਰ ਅਤੇ ਤਾਇਆ ਕ੍ਰਿਸ਼ਨ ਕੁਮਾਰ ਯੂਕਰੇਨ ਗਏ ਸਨ। ਜਿਸ ਦਰਮਿਆਨ ਰੂਸ ਅਤੇ ਯੂਕਰੇਨ ਦੀ ਲੜਾਈ ਲੱਗ ਗਈ।
ਇੱਕ ਦਿਨ ਪਹਿਲਾਂ ਹੀ ਚੰਦਨ ਦਾ ਤਾਇਆ ਕ੍ਰਿਸ਼ਨ ਕੁਮਾਰ ਯੂਕਰੇਨ ਤੋਂ ਬਰਨਾਲਾ ਪਰਤਿਆ ਹੈ ਅਤੇ ਅੱਜ ਉਹਨਾਂ ਨੂੰ ਫ਼ੋਨ ਤੇ ਚੰਦਨ ਦੀ ਇਲਾਜ਼ ਦੌਰਾਨ ਮੌਤ ਦਾ ਸੁਨੇਹਾ ਮਿਲ ਗਿਆ। ਜਿਸਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਘਰ ਮਾਤਮ ਹੀ ਛਾ ਗਿਆ। ਉਸਦੀ ਮਾਂ, ਭੈਣ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਮ੍ਰਿਤਕ ਨੌਜਵਾਨ ਦਾ ਪਰਿਵਾਰ ਭਾਰਤ ਸਰਕਾਰ ਤੋਂ ਉਹਨਾਂ ਦੇ ਬੱਚੇ ਚੰਦਨ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਲਿਆਉਣ ਦੀ ਮੰਗ ਕਰ ਰਿਹਾ ਹੈ।
ਯੂਕਰੇਨ ਤੋਂ ਪਰਤੇ ਮ੍ਰਿਤਕ ਦੇ ਤਾਏ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਰੋਮਾਨੀਆ ਬਾਰਡਰ ਰਾਹੀਂ ਭਾਰਤ ਬਹੁਤ ਮੁਸ਼ਕਿਲਾਂ ਨਾਲ ਪਰਤੇ ਹਨ। ਯੂਕਰੇਨ ਵਿੱਚ ਭਾਰਤੀ ਅੰਬੈਸੀ ਵਲੋਂ ਕੋਈ ਮੱਦਦ ਨਹੀਂ ਦਿੱਤੀ ਜਾ ਰਹੀ। ਜਦਕਿ ਰੋਮਾਨੀਆ ਤੋਂ ਭਾਰਤ ਲਿਆਉਣ ਵਿੱਚ ਜ਼ਰੂਰ ਭਾਰਤ ਸਰਕਾਰ ਨੇ ਮੱਦਦ ਕੀਤੀ ਹੈ. ਰੋਮਾਨੀਆ ਬਾਰਡਰ ਤੇ ਭਾਰਤੀ ਵਿਦਿਆਰਥੀਆਂ ਨੂੰ ਰੋਮਾਨੀਆ ਫ਼ੌਜ ਦੀ ਧੱਕੇਸ਼ਾਹੀ ਦਾ ਸਿ਼ਕਾਰ ਹੋਣਾ ਪੈ ਰਿਹਾ ਹੈ।
ਸਿੱਖ ਸੰਸਥਾ ਖਾਲਸਾ ਏਡ ਰੋਮਾਨੀਆ ਬਾਰਡਰ ਤੇ ਭਾਰਤੀਆਂ ਲਈ ਲੰਗਰ ਅਤੇ ਹੋਰ ਸਹੂਲਤਾਂ ਦੀ ਮੱਦਦ ਕਰ ਰਹੀ ਹੈ।
ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਤਾਏ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਚੰਦਨ ਜਿੰਦਲ ਐਮਬੀਬੀਐਸ ਦੀ ਪੜ੍ਹਾਈ ਕਰਨ ਯੂਕਰੇਨ ਦੇ ਵਿਨੀਸੀਆ ਸ਼ਹਿਰ ਗਿਆ ਹੋਇਆ ਸੀ। ਜਿੱਥੋਂ ਉਹਨਾਂ ਨੂੰ 2 ਫ਼ਰਵਰੀ ਨੂੰ ਸੁਨੇਹਾ ਮਿਲਿਆ ਕਿ ਚੰਦਨ ਗੰਭੀਰ ਬੀਮਾਰ ਹੋ ਗਿਆ ਹੈ ਅਤੇ ਉਸਦੇ ਤੁਰੰਤ ਆਪਰੇਸ਼ਨ ਦੀ ਲੋੜ ਹੈ। ਜਿਸਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਪ੍ਰਵਾਨਗੀ ਮੋਬਾਇਲ ਰਾਹੀਂ ਦੇ ਦਿੱਤੀ ਸੀ ਅਤੇ ਆਪਰੇਸ਼ਨ ਹੋ ਗਿਆ। ਇਸ ਉਪਰੰਤ ਚੰਦਨ ਦਾ ਪਿਤਾ ਸ਼ੀਸ਼ਨ ਜਿੰਦਲ ਅਤੇ ਮੈਂ ਯੂਕਰੇਨ ਆਪਣੇ ਬੱਚੇ ਦੀ ਸੰਭਾਲ ਲਈ ਗਏ। ਉਸ ਸਮੇਂ ਯੂਕਰੇਨ ਦੇ ਹਾਲਤ ਸਥਿਰ ਸਨ ਅਤੇ ਅਸੀਂ ਯੂਕਰੇਨ ਦੀ ਰਾਜਧਾਨੀ ਕੀਵ ਏਅਰਪੋਰਟ ਤੇ ਉਤਰੇ ਅਤੇ ਆਪਣੇ ਬੱਚੇ ਚੰਦਨ ਕੋਲ ਹਸਪਤਾਲ ਵਿੱਚ ਗਏ। ਇਸ ਉਪਰੰਤ ਅਸੀਂ ਮੱਦਦ ਲਈ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ, ਪ੍ਰੰਤੂ ਉਹਨਾਂ ਨੇ ਸਾਨੂੰ ਕੋਈ ਵੀ ਮੱਦਦ ਨਹੀਂ ਕੀਤੀ। ਜਦਕਿ ਉਥੋਂ ਦੇ ਪੜ੍ਹਾਈ ਕਰ ਰਹੇ ਭਾਰਤੀ ਬੱਚਿਆਂ ਨੇ ਮੱਦਦ ਜ਼ਰੂਰ ਕੀਤੀ। ਉਹਨਾਂ ਦੱਸਿਆ ਕਿ ਅਸੀਂ ਯੂਕਰੇਨ ਦੀ ਵਿਨੀਸੀਆ ਸਟੇਟ ਵਿੱਚ ਰਹਿ ਰਹੇ ਸੀ, ਉਥੇ ਰੂਸ-ਯੂਕਰੇਨ ਯੁੱਧ ਦਾ ਬਹੁਤਾ ਪ੍ਰਭਾਵ ਨਹੀਂ ਸੀ। ਹਰ ਤਰ੍ਹਾਂ ਦੀ ਸਿਹਤ ਅਤੇ ਹੋਰ ਸਹੂਲਤ ਮਿਲ ਰਹੀ ਸੀ। ਜਿਸਤੋਂ ਬਾਅਦ ਮੈਂ ਅਤੇ ਮੇਰੇ ਭਰਾ ਵਿੱਚੋਂ ਇੱਕ ਨੇ ਘਰ ਪਰਤਣ ਦਾ ਫ਼ੈਸਲਾ ਕੀਤਾ ਅਤੇ ਮੈਂ ਵਾਪਸ ਮੁੜਿਆ। ਭਾਰਤ ਵਾਪਸ ਆਉਣ ਸਮੇਂ ਬਹੁਤ ਜਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।ਉਹਨਾਂ ਦੱਸਿਆ ਕਿ ਭਾਰਤ ਵਾਪਸੀ ਲਈ ਮੈਂ ਰੋਮਾਨੀਆ ਦੇਸ਼ ਰਾਹੀਂ ਆਇਆ।
ਵਿਨੀਸੀਆ ਸ਼ਹਿਰ ਤੋਂ ਲੈ ਕੇ ਵਾਪਸ ਆਉਣ ਸਮੇਂ 46 ਹੋਰ ਵਿਦਿਆਰਥੀਆਂ ਨਾਲ 47 ਹਜ਼ਾਰ ਯੂਕਰੇਨ ਦੀ ਰਾਸ਼ੀ ਦੇ ਕੇ ਇੱਕ ਗੱਡੀ ਕਰਵਾ ਕੇ ਬਾਰਡਰ ਵੱਲ ਆਏ। ਬਾਰਡਰ ਤੱਕ ਪਹੁੰਚਣ ਲਈ 10 ਤੋਂ 12 ਕਿਲੋਮੀਟਰ ਪੈਦਲ ਵੀ ਤੁਰਨਾ ਪਿਆ। ਰੋਮਾਨੀਆ ਦੇ ਬਾਰਡਰ ਉਪਰ ਹਾਲਾਤ ਬਹੁਤ ਭਿਆਨਕ ਹਨ। ਬਾਰਡਰ ਪਾਰ ਕਰਨ ਵਾਲੇ ਲੋਕਾਂ ਉਪਰ ਰੋਮਾਨੀਆ ਦੀ ਫ਼ੌਜ ਵਲੋਂ ਕਾਫ਼ੀ ਧੱਕੇਸ਼ਾਹੀ ਕੀਤੀ ਜਾਂਦੀ ਹੈ ਅਤੇ ਹਵਾਈ ਫ਼ਾਇਰ ਵੀ ਮੇਰੇ ਸਾਹਮਣੇ ਕੀਤੇ ਗਏ। ਬਾਰਡਰ ਉਪਰ ਭਾਰਤ ਦੇ ਸੈਂਕੜੇ ਵਿਦਿਆਰਥੀ ਕਡਕਦੀ ਠੰਢ ਵਿੱਚ ਮੁਸਕਿਲਾਂ ਦਾ ਸਾਹਮਣਾ ਕਰ ਰਹੇ ਸਨ। ਉਹਨਾਂ ਦੱਸਿਆ ਕਿ ਵਿਨੀਸੀਆ ਸ਼ਹਿਰ ਤੋਂ ਬਾਰਡਰ ਤੱਕ ਦਾ ਸਫ਼ਰ ਭੁੱਖੇ ਰਹਿ ਕੇ ਹੀ ਕੱਢਿਆ, ਜਦਕਿ ਰੋਮਾਨੀਆ ਦੇ ਬਾਰਡਰ ਤੇ ਖਾਲਸਾ ਏਡ ਸਿੱਖ ਸੰਸਥਾ ਵਲੋਂ ਲੰਗਰ ਬਿਲਕੁਲ ਮੁਫ਼ਤ ਮਿਲਿਆ। ਰੋਮਾਨੀਆ ਤੋਂ ਭਾਰਤ ਲਿਜਾਣ ਲਈ ਭਾਰਤ ਸਰਕਾਰ ਵਲੋਂ ਬਹੁਤ ਮੱਦਦ ਮਿਲੀ ਅਤੇ ਮੈਂ ਕੱਲ ਹੀ ਘਰ ਪਰਤਿਆ ਹਾਂ। ਉਹਨਾਂ ਦੱਸਿਆ ਕਿ ਅੱਜ ਹੀ ਯੂਕਰੇਨ ਤੋਂ ਫ਼ੋਨ ਤੇ ਸੁਨੇਹਾ ਮਿਲਿਆ ਹੈ ਕਿ ਮੇਰੇ ਭਤੀਜੇ ਚੰਦਨ ਦੀ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਹੁਣ ਉਸਦੀ ਮ੍ਰਿਤਕ ਦੇਹ ਵਾਪਸ ਭਾਰਤ ਲਿਆਉਣ ਲਈ ਯਤਨ ਕਰ ਰਹੇ ਹਾਂ। ਉਹਨਾਂ ਭਾਰਤ ਸਰਕਾਰ ਤੋਂ ਇਸ ਲਈ ਮੱਦਦ ਦੀ ਮੰਗ ਕੀਤੀ।