ਯੂਕਰੇਨ ਉੱਪਰ ਹਮਲੇ ਦੇ ਵਿਰੋਧ ਵਿੱਚ ਮਾਰਚ 2 ਮਾਰਚ ਨੂੰ ਬਰਨਾਲਾ
ਕਮਲਜੀਤ ਸਿੰਘ ਸੰਧੂ
ਬਰਨਾਲਾ 1 ਮਾਰਚ 2022 - ਬਰਨਾਲਾ ਜ਼ਿਲ੍ਹੇ ਦੀਆਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਵੱਲੋਂ ਯੂਕਰੇਨ ਉੱਪਰ ਵਿੱਢੇ ਹਮਲੇ ਦੇ ਵਿਰੋਧ ਵਿੱਚ 2 ਮਾਰਚ ਨੂੰ ਰੇਲਵੇ ਸਟੇਸ਼ਨ ਵਿਖੇ 11 ਵਜੇ ਇਕੱਠੇ ਹੋਕੇ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਮਾਰਚ ਕੀਤਾ ਜਾਵੇਗਾ। ਇਸ ਸਬੰਧੀ ਵੱਖ-ਵੱਖ ਦੀ ਸਾਂਝੀ ਮੀਟਿੰਗ ਸਿਵਲ ਹਸਪਤਾਲ ਪਾਰਕ ਵਿਖੇ ਹੋਈ। ਮੀਟਿੰਗ ਵਿੱਚ ਡਾ ਰਾਜਿੰਦਰ, ਮਾ ਮਨੋਹਰ ਲਾਲ, ਗੁਰਪ੍ਰੀਤ ਰੂੜੇਕੇ ਅਤੇ ਖੁਸ਼ੀਆ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਸ਼ਾਮਿਲ ਹੋਏ। ਮੀਟਿੰਗ ਦੌਰਾਨ ਮਹਿਸੂਸ ਕੀਤਾ ਗਿਆ ਕਿ ਸਾਮਰਾਜੀ ਖਹਿਭੇੜ ਦਾ ਖਮਿਆਜਾ ਯੂਕਰੇਨ ਨੂੰ ਬਣਾਉਂਦਿਆਂ ਯੂਕਰੇਨੀ ਲੋਕਾਂ ਖਿਲਾਫ਼ ਨਿਹੱਕੀ ਜੰਗ ਮੜ ਦਿੱਤੀ ਗਈ ਹੈ। ਜਿਸ ਦਾ ਖਮਿਆਜਾ ਆਮ ਯੂਕਰੇਨੀ ਲੋਕਾਂ ਸਮੇਤ ਸੰਸਾਰ ਦੀ ਮਿਹਨਤੀ ਲੋਕਾਈ ਨੂੰ ਭੁਗਤਣਾ ਪਵੇਗਾ।
ਭਾਰਤੀ ਲੋਕਾਂ ਉੱਪਰ ਵੀ ਇਸ ਜੰਗ ਦਾ ਬਹੁਤ ਬੁਰਾ ਅਸਰ ਪਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਕਲਾਬੀ ਕੇਂਦਰ,ਪੰਜਾਬ ਦੇ ਪੑਧਾਨ ਨਰਾਇਣ ਦੱਤ ਨੇ ਕਿਹਾ ਕਿ ਹਜਾਰਾਂ ਦੀ ਗਿਣਤੀ ਵਿੱਚ ਪੜੵ ਰਹੇ ਵਿਦਿਆਰਥੀ ਅਤੇ ਮਾਪੇ ਵੱਡਾ ਸੰਤਾਪ ਹੰਢਾ ਰਹੇ ਹਨ। ਇਸ ਲਈ ਇਹ ਜੰਗ ਹਲ ਹਾਲਤ ਵਿੱਚ ਬੰਦ ਹੋਣੀ ਚਾਹੀਦੀ ਹੈ। ਆਗੂਆਂ ਨੇ ਸਾਰੀਆਂ ਇਨਸਾਫ਼ਪਸੰਦ ਜਮਹੂਰੀ ਸ਼ਕਤੀਆਂ ਨੂੰ ਇਸ ਰੈਲੀ/ਮਾਰਚ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਅਨਿਲ ਕੁਮਾਰ, ਹਰਿੰਦਰ ਮੱਲੀਆਂ, ਸੁਰਜੀਤ ਸਿੰਘ ਆਦਿ ਆਗੂ ਵੀ ਹਾਜ਼ਰ ਸਨ।