ਯੂਕ੍ਰੇਨ ਚ ਐਮਬੀਬੀਐਸ ਦੀ ਪੜ੍ਹਾਈ ਕਰਨ ਗਿਆ ਮਾਛੀਵਾੜਾ ਦੇ ਵਿਦਿਆਰਥੀ ਸੁਰੱਖਿਅਤ ਆਪਣੇ ਘਰ ਪੁੱਜਾ
ਮਾਛੀਵਾੜਾ, 6 ਮਾਰਚ 2022 - ਯੂਕ੍ਰੇਨ ਚ ਐਮਬੀਬੀਐਸ ਦੀ ਪੜ੍ਹਾਈ ਕਰਨ ਗਿਆ ਮਾਛੀਵਾੜਾ ਸਾਹਿਬ ਦਾ ਵਿਦਿਆਰਥੀ ਜਗਵੀਰ ਸਿੰਘ ਮੁਸ਼ਕਲਾਂ ਦੇ ਦੌਰ ਚੋਂ ਗੁਜ਼ਰਦੇ ਹੋਏ ਸੁਰੱਖਿਅਤ ਆਪਣੇ ਘਰ ਪੁੱਜਾ। ਜਗਵੀਰ ਨੇ ਸਰਕਾਰਾਂ ਤੇ ਸਿਆਸਤਦਾਨਾਂ ਵੱਲੋਂ ਯੂਕ੍ਰੇਨ ਚ ਫਸੇ ਭਾਰਤੀ ਵਿਦਿਆਰਥੀਆਂ ਦੀ ਮਦਦ ਦੇ ਦਾਅਵਿਆਂ ਦੀ ਪੋਲ ਖੋਲਦੇ ਹੋਏ ਦੱਸਿਆ ਕਿ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ। ਉਹ ਖੁਦ 12 ਵਿਦਿਆਰਥੀ ਜਾਨ ਤੇ ਖੇਡ ਕੇ ਵਾਪਸ ਆਏ ਹਨ। ਇਸਦੇ ਨਾਲ ਹੀ ਜਗਵੀਰ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਹੋਰਨਾਂ ਵਿਦਿਆਰਥੀਆਂ ਨੂੰ ਸਲਾਹ ਵੀ ਦਿੱਤੀ ਕਿ ਪੋਲੈਂਡ ਤੇ ਰੋਮਾਨੀਆ ਦੇ ਬਾਰਡਰਾਂ ਉਪਰ ਖੱਜਲ ਖੁਆਰ ਹੋਣ ਨਾਲੋਂ ਬਿਹਤਰ ਹੈ ਕਿ ਹੰਗਰੀ ਬਾਰਡਰ ਰਾਹੀਂ ਭਾਰਤ ਆਸਾਨੀ ਨਾਲ ਆਉਣ।
ਜਗਵੀਰ ਸਿੰਘ ਨੇ ਦੱਸਿਆ ਕਿ ਯੂਕ੍ਰੇਨ ਚ ਰਹਿੰਦੇ ਰਾਤ ਨੂੰ ਉਹਨਾਂ ਨੂੰ ਧਮਾਕਿਆਂ ਦੀਆਂ ਆਵਾਜਾਂ ਸੁਣਦੀਆਂ ਸੀ। ਗਲੀਆਂ ਦੇ ਵਿੱਚ ਲੜਾਕੂ ਟੈਂਕ ਘੁੰਮਣ ਲੱਗ ਗਏ ਸੀ। ਜਿਸ ਕਰਕੇ ਉਹ ਆਪਣੇ 11 ਹੋਰ ਸਾਥੀਆਂ ਸਮੇਤ ਕਿਸੇ ਨਾ ਕਿਸੇ ਤਰਾਂ ਹੰਗਰੀ ਬਾਰਡਰ ਪੁੱਜਾ ਅਤੇ ਉੱਥੋਂ ਉਹ ਭਾਰਤ ਆਏ। ਇਸਤੋਂ ਪਹਿਲਾਂ ਉਹਨਾਂ ਨ ਐਂਬੈਂਸੀ ਨਾਲ ਬਹੁਤ ਸੰਪਰਕ ਕੀਤਾ। ਪੰਜਾਬ ਸਰਕਾਰ ਦੇ ਫਾਰਮ ਭਰੇ। ਭਗਵੰਤ ਮਾਨ ਨਾਲ ਵੀ ਸੰਪਰਕ ਕੀਤਾ ਗਿਆ। ਕਿਸੇ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਸੀ।
ਪੈਲੋਂਡ ਤੇ ਰੋਮਾਨੀਆ ਬਾਰਡਰ ਉਪਰ ਹਾਲਾਤ ਬਿਆਨ ਕਰਦੇ ਜਗਵੀਰ ਨੇ ਦੱਸਿਆ ਕਿ ਜਦੋਂ ਇਹ ਬਾਰਡਰ ਖੁੱਲੇ ਤਾਂ ਕਈ ਲੋਕਾਂ ਨੇ ਇਸਦਾ ਨਾਜਾਇਜ ਫਾਇਦਾ ਚੁੱਕਿਆ। ਜਿਸ ਕਰਕੇ ਹੁਣ ਪੋਲੈਂਡ ਤੇ ਰੋਮਾਨੀਆ ਬਾਰਡਰ ਉਪਰ ਸਖਤਾਈ ਹੋ ਗਈ ਹੈ। ਇੱਥੇ 22 ਤੋਂ 24 ਘੰਟੇ ਕੈਂਪਾਂ ਚ ਰਹਿਣਾ ਪੈਂਦਾ। ਲੋੜੀਂਦੇ ਕਾਗਜ ਦਿਖਾ ਕੇ ਹੀ ਵਿਦਿਆਰਥੀ ਅੱਗੇ ਜਾ ਸਕਦੇ ਹਨ। ਪਰੰਤੂ ਹੰਗਰੀ ਦੀ ਸਰਕਾਰ ਵਿਦਿਆਰਥੀਆਂ ਦੀ ਮਦਦ ਕਰ ਰਹੀ ਹੈ। ਰੇਲ ਟਿਕਟ ਤੱਕ ਹੰਗਰੀ ਸਰਕਾਰ ਦਿੰਦੀ ਹੈ। ਹੰਗਰੀ ਬਾਰਡਰ ਤੋਂ ਭਾਰਤ ਆਉਣਾ ਆਸਾਨ ਹੈ। ਉਹ ਯੂਕ੍ਰੇਨ ਚ ਫਸੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਇਹੀ ਸਲਾਹ ਦੇ ਰਿਹਾ ਹੈ। ਜਗਵੀਰ ਨੇ ਭਾਰਤ ਤੇ ਪੰਜਾਬ ਸਰਕਾਰ ਕੋਲੋਂ ਮੰਗ ਵੀ ਕੀਤੀ ਕਿ ਭਾਰਤੀ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇ।