ਯੂਕ੍ਰੇਨ ਤੇ ਰੂਸੀ ਹਮਲੇ ਨੇ ਚਿੰਤਾ ’ਚ ਡੋਬਿਆ ਤਲਵੰਡੀ ਸਾਬੋ ਦਾ ਪ੍ਰੀਵਾਰ
ਅਸ਼ੋਕ ਵਰਮਾ
ਬਠਿੰਡਾ, 25 ਫਰਵਰੀ 2022: ਰੂਸ ਵੱਲੋਂ ਯੂਕਰੇਨ ਤੇ ਹਮਲਾ ਕਰਨ ਤੋਂ ਬਾਅਦ ਬਣੇ ਹਾਲਾਤਾਂ ਨੇ ਬਠਿੰਡਾ ਜਿਲ੍ਹੇ ਦੀ ਤਲਵੰਡੀ ਸਾਬੋ ਮੰਡੀ ਨਾਲ ਸਬੰਧਤ ਮਾਪਿਆਂ ਨੂੰ ਚਿੰਤਾ ’ਚ ਡੋਬ ਦਿੱਤਾ ਹੈ। ਇੱਥੋਂ ਦੇ ਗੁਰਜਿੰਦਰ ਸਿੰਘ ਮਾਨ ਦਾ ਲੜਕਾ ਹਰਸ਼ਦੀਪ ਸਿੰਘ ਅਤੇ ਲੜਕੀ ਪਵਨਪ੍ਰੀਤ ਕੌਰ ਯੂਕ੍ਰੇਨ ਦੇ ਵਿਨਸੀਆ’ ਨੈਸ਼ਨਲ ਪਿਰਗੋਵ ਮੈਡੀਕਲ ਯੂਨੀਵਰਸਿਟੀ ’ਚ ਐਮ ਬੀ ਬੀ ਐਸ ਦੀ ਪੜ੍ਹਾਈ ਕਰਨ ਗਏ ਸਨ। ਜੰਗ ਕਾਰਨ ਹੁਣ ਦੂਸਰੇ ਸਾਲ ਦੀ ਪੜ੍ਹਾਈ ਕਰ ਰਹੇ ਭੈਣ ਭਰਾ ਉੱਥੇ ਫਸ ਗਏ ਹਨ। ਪਿੱਛੇ ਪ੍ਰੀਵਾਰ ਦਾ ਬੁਰਾ ਹਾਲ ਹੈ ਜਿਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੇ ਅਜਿਹੀ ਸਥਿਤੀ ਬਣ ਜਾਏਗੀ। ਰਾਹਤ ਵਾਲੀ ਐਨੀ ਕੁ ਗੱਲ ਹੈ ਕਿ ਹਾਲ ਦੀ ਘੜੀ ਬੱਚਿਆਂ ਨਾਲ ਰਾਬਤਾ ਬਣਿਆ ਹੋਇਆ ਹੈ।
ਬੱਚਿਆਂ ਪ੍ਰਤੀ ਫਿਕਰਮੰਦ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਵਿਨਸੀਆ ਇਲਾਕੇ ’ਚ ਇੱਕ ਕੈਮੀਕਲ ਫੈਕਟਰੀ ’ਚ ਧਮਾਕਾ ਹੋਇਆ ਹੈ ਜਿਸ ਤੋਂ ਬਾਅਦ ਹਵਾ ’ਚ ਪ੍ਰਦੂਸ਼ਣ ਫੈਲ ਗਿਆ। ਉਨ੍ਹਾਂ ਦੱਸਿਆ ਕਿ ਅੱਜ ਬੱਚਿਆਂ ਨੂੰ ਹੰਗਰੀ ਵੱਲ ਭੇਜਣ ਦੀ ਯੋਜਨਾ ਬਣੀ ਸੀ ਪਰ ਸਰਹੱਦ ਤੇ ਜਾਕੇ ਪਤਾ ਲੱਗਿਆ ਕਿ ਬਾਰਡਰ ਬੰਦ ਹੈ। ਉਨ੍ਹਾਂ ਦੱਸਿਆ ਕਿ ਸਰਹੱਦ ਤੋਂ ਬੱਚਿਆਂ ਸਮੇਤ ਹੋਰਨਾਂ ਲੋਕਾਂ ਨੂੰ ਵੀ ਵਾਪਿਸ ਭੇਜ ਦਿੱਤਾ ਗਿਆ ਹੈ। ਗੁਰਜਿੰਦਰ ਸਿੰਘ ਦੱਸਦੇ ਹਨ ਕਿ ਹਾਲਾਤ ਬੇਹੱਦ ਖਤਰਨਾਕ ਬਣੇ ਹੋਏ ਹਨ ਜਿਸ ਕਰਕੇ ਹਵਾਈ ਉਡਾਣਾਂ ਬੰਦ ਕਰ ਦਿੱਤੀਆਂ ਹਨ।
ਉਨ੍ਹਾਂ ਦੱਸਿਆ ਕਿ ਬੱਚਿਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਰਕਾਰ ਨੇ ਲੋਕਾਂ ਨੂੰ ਖਾਣ ਪੀਣ ਦੀਆਂ ਜਰੂਰੀ ਵਸਤਾਂ ਅਤੇ ਪਾਣੀ ਆਦਿ ਖਰੀਦ ਕੇ ਰੱਖਣ ਲਈ ਆਖ ਦਿੱਤਾ ਹੈ। ਹਰ ਥਾਂ ਭੀੜ ਜਿਆਦਾ ਹੈ ਅਤੇ ਪੈਸੇ ਕਢਵਾਉਣ ਲਈ ਏਟੀਐਮਜ਼ ਤੇ ਲਾਈਨਾਂ ਲੱਗੀਆਂ ਹੋਈਆਂ ਹਨ। ਪੜ੍ਹਾਈ ਪੂਰੀ ਤਰਾਂ ਬੰਦ ਪਈ ਹੈ ਅਤੇ ਹਰ ਵਕਤ ਕਿਸੇ ਅਨਹੋਣੀ ਦਾ ਡਰ ਬਣਿਆ ਹੋਇਆ ਹੈ। ਬੱਚਿਆਂ ਨੇ ਦੱਸਿਆ ਕਿ ਲਗਾਤਾਰ ਹੋ ਰਹੇ ਬੰਬ ਧਮਾਕੇ ਸੁਣਾਈ ਦੇਣ ਕਾਰਨ ਲੋਕ ਪੂਰੀ ਤਰਾਂ ਦਹਿਸ਼ਤਜ਼ਦਾ ਹਨ।
ਹਰਸ਼ਦੀਪ ਸਿੰਘ ਅਤੇ ਪਲਕਪ੍ਰੀਤ ਕੌਰ ਮੁਤਾਬਕ ਸਵੇਰ ਵਕਤ ਜਿਸ ਤਰਾਂ ਹੀ ਉਨ੍ਹਾਂ ਨੂੰ ਰੂਸੀ ਹਮਲੇ ਬਾਰੇ ਜਾਣਕਾਰੀ ਮਿਲੀ ਤਾਂ ਉਹ ਸਰਕਾਰ ਦੇ ਨਿਰਦੇਸ਼ ਤਹਿਤ ਯੂਨੀਵਰਸਿਟੀ ਤੋਂ ਗਰਾਸਰੀ ਸਟੋਰ ਤੇ ਸਮਾਨ ਖਰੀਦਣ ਲਈ ਪੁੱਜੇ ਤਾਂ ਦੇਖਿਆ ਕਿ ਉੱਥੇ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਸਨ ਅਤੇ ਏ ਟੀ ਐਮਜ਼ ਤੇ ਵੀ ਇਹੀ ਹਾਲ ਹੈ। ਜਦੋਂ ਉਹ ਸਟੋਰ ’ਚ ਮੌਜੂਦ ਸਨ ਤਾਂ ਬੰਬ ਧਮਾਕਿਆਂ ਕਾਰਨ ਬਿਲਡਿੰਗ ਦੇ ਹਿੱਲਣ ਦਾ ਅਹਿਸਾਸ ਵੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਮਾਨ ਖਰੀਦ ਕੇ ਰੱਖਣ ਦੇ ਹੁਕਮਾਂ ਨੇ ਲੋਕਾਂ ਨੂੰ ਹੋਰ ਡਰਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਫੌਜੀ ਛਾਉਣੀਆਂ ਹਮਲਾ ਹੋਣ ਦੀਆਂ ਖਬਰਾਂ ਲਗਾਤਾਰ ਟੀਵੀ ਤੇ ਆ ਰਹੀਆਂ ਹਨ। ਹਰਸ਼ਦੀਪ ਅਨੁਸਾਰ ਰੂਸ ਹੁਣ ਵੀ ਜਿਆਦਾਤਰ ਹਮਲੇ ਫੌਜ ਦੀ ਮੌਜੂਦਗੀ ਵਾਲੀਆਂ ਥਾਵਾਂ ’ਤੇ ਹਮਲੇ ਕਰ ਰਿਹਾ ਹੈ ਜਿਸ ’ਚ ਵਿਨਸੀਆ ਦਾ ਫੌਜੀ ਟਿਕਾਣਾ ਵੀ ਸ਼ਾਮਲ ਹੈ।
ਛੇ ਮਾਰਚ ਦੀਆਂ ਟਿਕਟਾਂ ਲਈਆਂ ਸਨ
ਹਰਸ਼ਦੀਪ ਸਿੰਘ ਅਨੁਸਾਰ ਉਹ ਦਿਸੰਬਰ 2020 ’ਚ ਯੂਕ੍ਰੇਨ ’ਚ ਐਮ ਬੀ ਬੀ ਐਸ ਕਰਨ ਲਈ ਆਏ ਸਨ। ਉਨ੍ਹਾਂ ਨੇ ਪੰਜਾਬ ਵਾਪਿਸ ਆਉਣ ਲਈ ਛੇ ਮਾਰਚ ਦੀਆਂ ਟਿਕਟਾਂ ਬੁੱਕ ਕਰਵਾਈਆਂ ਸਨ ਪਰ ਇਸ ਤੋਂ ਪਹਿਲਾਂ ਹੀ ਸਰਕਾਰ ਨੇ ਹਵਾਈ ਖੇਤਰ ਬੰਦ ਕਰ ਦਿੱਤਾ ਜਿਸ ਕਰਕੇ ਜਹਾਜਾਂ ਦੀਆਂ ਉਡਾਣਾ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਨੇ ਭਾਂਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਪਰ ਹਵਾਈ ਜਹਾਜ ਉਡਾਉਣ ਦਾ ਪ੍ਰਵਾਨਗੀ ਨਾਂ ਹੋਣ ਕਰਕੇ ਦੋ ਤਿੰਨ ਹਜ਼ਾਰ ਜਾਂ ਇਸ ਤੋਂ ਵੀ ਵੱਧ ਵਿਦਿਆਰਥੀ ਫਸੇ ਹੋਏ ਹਨ। ਭਾਰਤੀ ਦੂਤਾਵਾਸ ਉੱਥੇ ਫਸੇ ਵਿਦਿਆਰਥੀਆਂ ਨਾਲ ਸੰਪਰਕ ’ਚ ਹੈ ਪਰ ਜਦੋਂ ਤੱਕ ਹਵਾਈ ਸੇਵਾ ਬਹਾਲ ਨਹੀਂ ਹੁੰਦੀ ਕੁੱਝ ਵੀ ਸੰਭਵ ਦਿਖਾਈ ਨਹੀਂ ਦੇ ਰਿਹਾ ਹੈ।
ਸਰਕਾਰ ਬੱਚੇ ਸੁਰੱਖਿਅਤ ਲਿਆਵੇ
ਗੁਰਜਿੰਦਰ ਸਿੰਘ ਮਾਨ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਯੂਕ੍ਰੇਨ ’ਚ ਫਸੇ ਵਿਦਿਆਰਥੀ ਵਾਪਿਸ ਭਾਰਤ ਲਿਆਉਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੂਸੀ ਹਮਲੇ ਕਾਰਨ ਉੱਥੇ ਅਨਿਸਚਤਤਾ ਵਾਲਾ ਮਹੌਲ ਬਣਿਆ ਹੋਇਆ ਹੈ ਜਦੋਂਕਿ ਇੱਥੇ ਮਾਪੇ ਆਪਣੇ ਲਾਡਲਿਆਂ ਦੀ ਇੱਕ ਝਲਕ ਲਈ ਤਰਸ ਰਹੇ ਹਨ।