ਰੂਸ ਤੇ ਯੁਕਰੇਨ ਵਿਚਕਾਰ ਜੰਗ ਬੰਦ ਕਰਨ ਦੀ ਮੰਗ ਲਈ ਮਾਰਚ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ,6 ਮਾਰਚ 2022 : ਲੋਕ ਮੋਰਚਾ ਪੰਜਾਬ ਨੇ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਨੂੰ ਆਮ ਲੋਕਾਂ ਲਈ ਬੇਹੱਦ ਭਿਆਨਕ ਕਰਾਰ ਦਿੰਦਿਆਂ ਇਸ ਲੜਾਈ ਨੂੰ ਬੰਦ ਕਰਨ ਦੀ ਮੰਗ ਤੇ ਜੋਰ ਪਾਉਣ ਲਈ ਜੰਗ ਵਿਰੋਧੀ ਮਾਰਚ ਕਰਨ ਦਾ ਐਲਾਨ ਕੀਤਾ ਹੈ। ਮਜਦੂਰ ਆਗੂ ਜੋਰਾ ਸਿੰਘ, ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੰਨੂ, ਬਿੱਕਰਜੀਤ ਪੂਹਲਾ, ਰੇਸਮ ਸਿੰਘ,ਅਸ਼ਵਨੀ ਘੁੱਦਾ ਨਾਲ ਹੋਈ ਮੀਟਿੰਗ ਦੇ ਫੈਸਲੇ ਬਾਰੇ ਸੂਬਾ ਕਮੇਟੀ ਮੈਂਬਰ ਤੇ ਬਠਿੰਡਾ ਇਕਾਈ ਦੇ ਸਕੱਤਰ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 9ਮਾਰਚ ਨੂੰ ਸ਼ਾਮੀ ਤਿੰਨ (3) ਵਜੇ ਟੀਚਰਜ਼ ਹੋਮ ਬਠਿੰਡਾ ਵਿਖੇ ਇਕੱਠੇ ਹੋ ਕੇ ਇਹ ਮਾਰਚ ਕੀਤਾ ਜਾਵੇਗਾ।
ਜਮਹੂਰੀਅਤ ਪਸੰਦ, ਇਨਸਾਫਪਸੰਦ ਤੇ ਸੰਘਰਸ਼ਸ਼ੀਲ ਹਿੱਸਿਆਂ ਨੂੰ ਇਸ ਜੰਗ ਵਿਰੋਧੀ ਮਾਰਚ ’ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਆਖਿਆ ਕਿ ਸਾਮਰਾਜੀ ਮੁਲਕਾਂ ’ਚ ਮਨੁੱਖਤਾ ਦੋਖੀ ਲੁੱਟ ਦੇ ਖਾਤਮੇ ਅਤੇ ਹਿੰਸਾ ਤੋਂ ਮੁਕਤ ਅਮਨ ਚੈਨ ਨਾਲ ਜਿੰਦਗੀ ਜਿਉਣ ਲਈ ਜਦੋ ਜਹਿਦ ਤੇਜ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ ਹੈ।ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਬੇਰੁਜਗਾਰੀ, ਗਰੀਬੀ, ਭੁੱਖਮਰੀ ਤੇ ਬੀਮਾਰੀਆਂ ਦੀ ਮਾਰ ਹੰਢਾ ਰਹੇ ਲੋਕਾਂ ਨੂੰ, ਸਾਮਰਾਜੀਆਂ ਤੇ ਉਹਨਾਂ ਦੇ ਹਿੱਤ ਪਾਲ ਰਹੀਆਂ ਵੱਡੇ ਸਰਮਾਏਦਾਰਾਂ ਦੀਆਂ ਹਕੂਮਤਾਂ ਵੱਲੋਂ ਲੋਕਾਂ ਸਿਰ ਥੋਪੀ ਜਾ ਰਹੀ ਜੰਗ ਰੋਕਣ ਲਈ ਜੋਰਦਾਰ ਆਵਾਜ ਬੁਲੰਦ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਹ ਮੰਗਾਂ ਕਰਨੀਆਂ ਸਮੇਂ ਦੀ ਲੋੜ ਹੈ ਕਿ ਰੂਸੀ ਫੌਜਾਂ ਤੁਰੰਤ ਯੂਕਰੇਨ ਤੋਂ ਬਾਹਰ ਹੋਣ, ਉਥੋਂ ਆਉਣਾ ਚਾਹੁੰਦੇ ਲੋਕਾਂ ਤੇ ਵਿਦਿਆਰਥੀਆਂ ਨੂੰ ਨਿਕਲਣ ਦਾ ਸੁਰੱਖਿਅਤ ਲਾਂਘਾ ਤੇ ਹੋਰ ਸਾਧਨ ਮੁਹੱਈਆ ਕਰਵਾਏ ਜਾਣ,ਯੂਕਰੇਨ ਨਾਟੋ ਤੋਂ ਅਲੱਗ ਹੋਵੇ, ਨਾਟੋ ਵਰਗੇ ਫੌਜੀ ਗੁੱਟ ਖਤਮ ਹੋਣ, ਗੁੱਟਬਾਜੀ ਦੀ ਦੌੜ ਵਿੱਚ ਸਰਹੱਦਾਂ ਉਪਰ ਤਾਇਨਾਤ ਕੀਤੀਆਂ ਫੌਜਾਂ ਤੇ ਮਿਜਾਇਲਾਂ ਵਾਪਸ ਹੋਣ, ਦੁਨੀਆਂ ਭਰ ਵਿਚੋਂ ਪ੍ਰਮਾਣੂੰ ਹਥਿਆਰ ਨਸ਼ਟ ਕੀਤੇ ਜਾਣ, ਫੌਜੀ-ਬਜਟ ਰਕਮਾਂ ਲੋਕਾਂ ਦੀ ਭਲਾਈ ਲਈ ਖਰਚੀਆਂ ਜਾਣ।
ਮੋਰਚੇ ਦੇ ਸੂਬਾ ਸਕੱਤਰ ਨੇ ਕਿਹਾ ਕਿ ਅੱਜ ਕਮਜੋਰ ਦਿਖਾਈ ਦਿੰਦੀ ਇਸ ਲੋਕ ਆਵਾਜ ਨੂੰ ਹੋਰ ਮਜਬੂਤ ਕੀਤਾ ਜਾਣਾ ਚਾਹੀਦਾ ਹੈ ਕਿ ਸਾਮਰਾਜੀ ਲੁੱਟ ਤੇ ਨਿਰਦਈਪਣੇ ਨੂੰ ਨੱਥ ਪਾਈ ਜਾ ਸਕੇ।ਜਿਹੜਾ ਅੱਜ ਦੁਨੀਆਂ ਅੰਦਰ ਥਾਂ ਥਾਂ ਮਨੁੱਖੀ ਤਬਾਹੀ ਦੀਆਂ ਨੀਤੀਆਂ ਤੇ ਹਥਿਆਰਾਂ ਦੇ ਜੋਰ ਕਦੇ ਪਾਬੰਦੀਆਂ, ਸੰਧੀਆਂ ਦੇ ਨਾਂ ਹੇਠ ਤੇ ਕਦੇ ਜੰਗਾਂ ਦਾ ਡਰ ਪਾ ਕੇ ਲੁੱਟ ਮਚਾਉਂਦਾ ਫਿਰਦਾ ਹੈ। ਇਹ ਜੰਗ, ਸਾਮਰਾਜੀਆਂ ਦੇ ਆਪਣੇ ਪ੍ਰਬੰਧਾਂ ਦੇ ਸੰਕਟਾਂ ਵਿੱਚੋਂ ਨਿਕਲਣ ਲਈ ਮੁਲਕ ਤੇ ਮੰਡੀਆਂ ਹੜੱਪਣ ਦੀ ਲਾਲਸਾਵਾਂ ਭਰੀ ਜੰਗੀ ਦੌੜ ਦਾ ਤੋੜ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਹਕੂਮਤ ਨੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਉਥੋਂ ਸੁਰੱਖਿਅਤ ਭਾਰਤ ਲਿਆਉਣ ਲਈ ਨਾ ਸਿਰਫ ਵੇਲੇ ਸਿਰ ਕੋਈ ਕਦਮ ਨਹੀਂ ਚੁੱਕੇ ਅਤੇ ਜੰਗ ਰੋਕਣ ਲਈ ਵੀ ਕੋਈ ਠੋਸ ਕਦਮ ਨਹੀਂ ਉਠਾਏ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਥੇ ਫਸਾਉਣ ਵਿੱਚ ਸਿੱਖਿਆ ਖੇਤਰ ਅੰਦਰ ਨਿੱਜੀਕਰਨ ਤੇ ਵਪਾਰੀਕਰਨ ਦੀ ਨੀਤੀ ਥੋਪੇ ਜਾਣ ਕਰਕੇ ਇਹ ਹਾਲਤ ਬਣੀ ਹੈ।