ਅਸ਼ੋਕ ਵਰਮਾ
ਬਠਿੰਡਾ,11ਅਪਰੈਲ2021:ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ’ਚ ਪੁਲਿਸ ਫਾਇਰਿੰਗ ’ਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਨਿਆਮੀ ਵਾਲਾ ਅਤੇ ਗੁਰਜੀਤ ਸਿੰਘ ਸਰਾਵਾਂ ਦੇ ਪਿਤਾ ਸਾਧੂ ਸਿੰਘ ਨੇ ਇੰਨ੍ਹਾਂ ਮਾਮਲਿਆਂ ਦੇ ਨਾਲ ਨਾਲ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬਣਾਈ ਐਸ ਆਈ ਟੀ ਨੂੰ ਖਤਮ ਕਰਨ ਸਬੰਧੀ ਦਿੱਤੇੇ ਹਾਈਕੋਰਟ ਦੇ ਫੈਸਲੇ ਪ੍ਰਤੀ ਨਾਖੁਸ਼ੀ ਜਾਹਰ ਕਰਦਿਆਂ ਇਸ ’ਚ ਪੰਜਾਬ ਸਰਕਾਰ ਦੀ ਭੂਮਿਕਾ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਅੱਜ ਇੰਨ੍ਹਾਂ ਪ੍ਰੀਵਾਰਾਂ ਨੇ ਆਪਣੇ ਨਾਲ ਆਏ ਮੋਹਤਬਰਾਂ ਸਮੇਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 13 ਅਪਰੈਲ ਦਿਨ ਮੰਗਲਵਾਰ ਨੂੰ ਕੋਟਕਪੂਰਾ ਚੌਂਕ ’ਚ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਖਿਲਾਫ ਰੋਸ ਵਿਖਾਵਾ ਕੀਤਾ ਜਾਏਗਾ।
ਉਨ੍ਹਾਂ ਦੱਸਿਆ ਕਿ ਸਾਲ 2015 ’ਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਚੋਰੀ ਕੀਤੇ ਸਨ ਅਤੇ ਬੇਅਦਬੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਦੇ ਰੋਸ ਵਜੋਂ ਕੋਟਕਪੂਰਾ ,ਬਹਿਬਲ ਅਤੇ ਆਸੇ ਪਾਸੇ ਦੇ ਪਿੰਡਾਂ ਦੀ ਸਿੱਖ ਸੰਗਤ ਨੇ ਸ਼ਾਂਤਮਈ ਰੋਸ ਧਰਨੇ ਲਾਏ ਸਨ ਜਿੰਨ੍ਹਾਂ ਨੂੰ ਚੁਕਵਾਉਣ ਲਈ ਤੱਤਕਾਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਰਾਜ ’ਚ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਫਾਇਰਿੰਗ ਕੀਤੀ ਸੀ ਜਿਸ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਾਫੀ ਜਖਮੀ ਹੋਏ ਸਨ। ਉਨ੍ਹਾਂ ਦੱਸਿਆਂ ਕਿ ਇੰਨ੍ਹਾਂ ਮਾਮਲਿਆਂ ਦੀ ਜਾਂਚ ਲਈ ਬਣਾਈ ਐਸ ਆਈ ਟੀ ਦੀ ਪੜਤਾਲ ਦੌਰਾਨ ਕੁੱਝ ਪੁਲਿਸ ਅਫਸਰਾਂ ਦੀ ਕਾਰਗੁਜ਼ਾਰੀ ਤੇ ਉਂਗਲ ਉਠਾਈ ਗਈ ਸੀ।
ਉਨ੍ਹਾਂ ਦੱਸਿਆ ਕਿ ਕੂੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ ਨੇ 9 ਚਲਾਨ ਪੇਸ਼ ਕੀਤੇ ਸਨ। ਉਨ੍ਹਾਂ ਦੱਸਿਆ ਕਿ ਹੁਣ ਹਾਈਕੋਰਟ ਵੱਲੋਂ ਦਿੱਤੇ ਫੈਸਲੇ ’ਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਨੂੰ ਖਾਰਜ ਕਰਕੇ ਇਸ ਇਮਾਨਦਾਰ ਪੁਲਿਸ ਅਧਿਕਾਰੀ ਨੂੰ ਤਫਤੀਸ਼ ਤੋਂ ਹੀ ਲਾਂਭੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਪੰਜਾਬ ਸਰਕਾਰ ਦੀ ਨਾਅਹਿਲੀਅਤ ਦਾ ਨਤੀਜਾ ਹੈ ਜਿਸ ਦੇ ਵਕੀਲਾਂ ਨੇ ਹਾਈਕੋਰਟ ’ਚ ਸਹੀਂ ਢੰਗ ਨਾਲ ਪੱਖ ਨਹੀਂ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਰੋਸ ਵਜੋਂ ਕੋਟਕਪੂਰਾ ਚੌਂਕ ’ਚ 13 ਅਪਰੈਲ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਇਸ ਰੋਸ ਵਿਖਾਵੇ ’ਚ ਸ਼ਾਮਲ਼ ਹੋਣ ਦਾ ਸੱਦਾ ਦਿੱਤਾ ਹੈ।