ਚੰਡੀਗੜ੍ਹ, (ਬਾਬੂਸ਼ਾਹੀ ਬਿਊਰੋ) - ਪੰਜਾਬ ਵਿਚ ਨਸ਼ੇ ਦੀ ੳਵਰਡੋਜ਼ ਕਾਰਨ ਆਏ ਦਿਨ ਹੀ ਕੋਈ ਨਾ ਕੋਈ ਮਾਂ ਦਾ ਪੁੱਤ ਨਸ਼ੇ ਦੀ ਭੇਟ ਚੜ੍ਹ ਜਾਂਦੈ। ਕਿਸੇ ਦੀ ਲਾਸ਼ ਕੂੜੇ ਦੇ ਢੇਰਾਂ ਤੋਂ ਮਿਲਦੀ ਹੈ ਤੇ ਕਿਸੇ ਦੀ ਤੋੰਨ ਦਿਨਾਂ ਬਾਅਦ ਬੰਦ ਕਮਰੇ 'ਚੋਂ ਗਲੀ ਸੜੀ ਲਾਸ਼ ਬਰਾਮਦ ਕੀਤੀ ਜਾਂਦੀ ਹੈ। ਖਾਸ ਕਰ ਕੇ ਜੂਨ ਮਹੀਨੇ ਵਿਚ ਹੀ ਪੰਜਾਬ ਦੇ ਕਰੀਬ ਇਕ ਦਰਜਣ ਨੌਜਵਾਨ ਮੁੰਡੇ ' ਨਸ਼ੇ ਦੀ ੳਵਰਡੋਜ਼' ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ। ਪਰ ਕੇਵਲ ਪੰਜਾਬ ਵਿਚ ਹੀ ਨਸ਼ਾ ਦੀ ੳਵਰਡੋਜ਼ ਕਾਰਨ ਮੌਤਾਂ ਨਹੀਂ ਹੋ ਰਹੀਆਂ। ਸਗੋਂ ਵਿਸ਼ਵ ਪੱਧਰ 'ਤੇ ਨਸ਼ੇ ਦੀ ੳਵਰਡੋਜ਼ ਕਾਰਨ ਮੌਤਾਂ 'ਚ ਇਜ਼ਾਫਾ ਹੁੰਦਾ ਜਾ ਰਿਹੈ।
ਹਾਲ ਹੀ ਵਿਚ ਇਕ ਹੈਰਾਨ ਕਰ ਦੇਣ ਵਾਲੀ ਰਿਪੋਰਟ ਸਾਹਮਣੇ ਆਈ ਹੈ। ਯੂ.ਐਨ ਦੀ ਇਕ ਤਾਜ਼ਾ ਰਿਪੋਰਟ ਵਿਚ ਇਸ ਗੱਲ ਦਾ ਖੁਾਲਸਾ ਹੋਇਆ ਹੈ ਕਿ ਮੈਡੀਕਲ ਨਸ਼ੇ ਦੀ ਦੁਰਵਰਤੋਂ ਬਹੁਤ ਹੀ ਤੇਜੀ ਨਾਲ ਵਧ ਰਹੀ ਹੈ। ਜਿਸ 'ਚ ਲਗਾਤਾਰ ਦੋ ਸਾਲਾਂ ਤੋਂ ਅਫਰੀਕਨ ਦੇਸ਼ਾਂ ਤੋਂ ਇਸਨੂੰ ਭਾਰੀ ਮਾਤਰਾ 'ਚ ਜਬਤ ਕੀਤਾ ਜਾ ਰਿਹਾ ਹੈ। ਰਿਪੋਰਟ ਅਨੁਸਾਰ ਅਮਰੀਕਾ 'ਚ ਓਪੀੳਡ ਸੰਕਟ 'ਤੇ ਭਾਰੀ ਧਿਆਨ ਦਿੱਤਾ ਗਿਆ ਹੈ, ਜਿਥੇ 'ਫੈਂਟਾਨਿਲ' ਵਰਗੇ ਡਰੱਗ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਡਰੱਗਜ਼ ਐਂਡ ਕਰਾਈਮ 'ਤੇ ਯੂ.ਐੱਨ ਦੁਆਰਾ ਜਾਰੀ ਕੀਤੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਅਫਰੀਕਾ 'ਚੋਂ ਓਪੀੳਡਸ ਦੀ ਕੁੱਲ ਦੁਨੀਆ ਦੀ 87 ਪ੍ਰਤੀਸ਼ਤ ਬਰਾਮਦਗੀ ਕੀਤੀ ਗਈ ਹੈ। ਫੈਂਟਾਨਿਲ ਮੋਰਫਿਨ ਤੋਂ 100 ਗੁਣਾ ਅਤੇ ਹੈਰੋਇਨ ਤੋਂ 50 ਗੁਣਾ ਵੱਧ ਤਾਕਤਵਰ ਹੈ। ਇਨ੍ਹਾਂ ਅੰਕੜਿਆਂ ਦਾ ਹਾਲ ਹੀ ਵਿਚ ਆਈ ਯੂ.ਐਨ ਵਰਲਡ ਡਰੱਗ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ। ਜਿਸ ਮੁਤਾਬਕ 'ਓਪੀੳਇਡਸ' ਦੁਨੀਆ 'ਚ ਸਭ ਤੋਂ ਜ਼ਿਆਦਾ ਖ਼ਤਰਨਾਕ ਡਰੱਗ ਸੀ ਜਿਸ 'ਚ 76 ਪ੍ਰਤੀਸ਼ਤ ਮੌਤਾਂ ਹੋਈਆਂ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫੈਂਟਾਨਿਲ ਅਤੇ ਇਸ ਦੇ ਸਮਾਨਾਂਤਰ ਹੋਰ ਡਰੱਗਜ਼ ਕਾਰਨ ਉੱਤਰੀ ਅਮਰੀਕਾ ਵਿਚ ਸਮੱਸਿਆ ਬਣੀ ਹੋਈ ਹੈ। ਜਦੋਂ ਕਿ ਟ੍ਰਾਮੈਡੋਲ - ਮੱਧਮ ਅਤੇ ਮੱਧਮ ਤੋਂ ਤਿੱਖੇ ਦਰਦ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਹ ਡਰੱਗ ਅਫਰੀਕਾ ਅਤੇ ਏਸ਼ੀਆ ਦੇ ਕੁਝ ਹਿੱਸਿਆਂ ਵਿਚ ਚਿੰਤਾ ਦਾ ਵਿਸ਼ਾ ਬਣ ਗਈ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਲ 2016 ਵਿੱਚ ਦਵਾਈਆਂ ਦੇ 'ਓਪੀਓਇਡਜ਼' ਦੀ ਦੁਨੀਆ ਭਰ 'ਚੋਂ ਬਰਾਮਦਗੀ 87 ਟਨ ਸੀ, ਜੋ ਕਿ ਉਸੇ ਸਾਲ ਜ਼ਬਤ ਕੀਤੀ ਹੈਰੋਇਨ ਦੀ ਮਾਤਰਾ ਦੇ ਬਰਾਬਰ ਸੀ।
ਦੁਨੀਆ ਦਾ ਜ਼ਿਆਦਾਤਰ ਕੋਕੀਨ ਕੋਲੰਬੀਆ ਤੋਂ ਆਉਂਦਾ ਹੈ। ਪਰ ਰਿਪੋਰਟ ਨੇ ਅਫ਼ਰੀਕਾ ਅਤੇ ਏਸ਼ੀਆ ਨੂੰ ਵੀ ਕੋਕੀਨ ਦੇ ਵਪਾਰ ਅਤੇ ਖਪਤ ਕੇਂਦਰਾਂ ਦੇ ਹੱਬ ਵਜੋਂ ਦਰਸਾਇਆ ਹੈ। ਗਲੋਬਲ ਪੱਧਰ 'ਤੇ 2016-17 ਤੋਂ ਅਫੀਮ ਦਾ ਉਤਪਾਦਨ ਵੀ 65 ਫੀਸਦ ਤੋਂ ਵਧ ਕੇ 10,500 ਟਨ ਹੋ ਗਿਆ ਹੈ। ਜੋ ਏਜੰਸੀ ਦੁਆਰਾ ਦਰਜ ਕੀਤਾ ਗਿਆ ਸਭ ਤੋਂ ਉੱਚਾ ਅੰਦਾਜ਼ਾ ਹੈ, ਕਿਉਂਕਿ ਇਸ ਨੇ 20 ਸਾਲ ਪਹਿਲਾਂ ਵਿਸ਼ਵ ਦੇ ਅਫੀਮ ਉਤਪਾਦਨ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਸੀ। ਡਰੱਗ ਨਾਲ ਹੋਣ ਵਾਲੀਆਂ ਕੁੱਲ ਦੁਨੀਆ 'ਚ ਮੌਤਾਂ ਦੀ ਦਰ ਸਾਲ 2000 ਤੋਂ 2015 ਤੱਕ 60 ਫੀਸਦ ਵਧ ਗਈ ਹੈ।
ਪੰਜਾਬ ਵਿਚ ਵਧ ਰਹੀਆਂ ਨਸ਼ੇ ਕਾਰਨ ਮੌਤਾਂ ਦੀ ਮਹਿਜ਼ ਤਫਤੀਸ਼ ਲਈ ਹਰ ਸਰਕਾਰ ਦਾਅਵਾ ਕਰਦੀ ਆਈ ਹੈ। ਪਰ ਫਿਲਹਾਲ ਇਹੋ ਜਿਹੇ ਸਿੰਥੇਟਿਕ ਨਸ਼ੀਆਂ ਨੂੰ ਪੰਜਾਬ 'ਚ ਆਉਣ ਤੋਂ ਰੋਕਣ ਤੋਂ ਅਸਮਰਥ ਸਾਬਿਤ ਹੋ ਰਹੀ ਹੈ।
ਹਾਲ ਹੀ ਵਿਚ ਵਟਸਐਪ 'ਤੇ ਇਕ ਸੰਦੇਸ਼ ਲਗਾਤਾਰ ਵਾਇਰਲ ਹੋ ਰਿਹਾ ਹੈ, ਜਿਸ ਵਿਚ ਵੀ ਇਸ ਡਰੱਗ ਫੈਂਟਾਨਿਲ ਦਾ ਜ਼ਿਕਰ ਕੀਤਾ ਜਾ ਰਿਹੈ। ਇਸ ਸੰਦੇਸ਼ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾਂਦੀ ਕਿ ਇਸ ਵਿਚ ਕਿੰਨਾ ਕੁ ਸੱਚ ਤੇ ਝੂਠ ਹੈ। ਇਸ ਵਾਇਰਲ ਸੰਦੇਸ਼ ਵਿਚ ਸਾਫ ਤੌਰ 'ਤੇ ਲਿਖਿਆ ਗਿਆ ਹੈ ਕਿ ਹੈਰੋਇਨ ਦੀ ਜਗ੍ਹਾ ਫੈਂਟਾਨਿਲ ਡਰੱਗ ਵੇਚਿਆ ਜਾ ਰਿਹਾ ਹੈ। ਜਿਸਨੂੰ ਸੁਭਾਵਿਕ ਤੌਰ 'ਤੇ ਮੰਨਿਆ ਜਾ ਸਕਦਾ ਹੈ ਕਿ ਜਿਥੋਂ ਵੀ ਇਹ ਮੈਸੇਜ ਵਾਇਰਲ ਹੋਇਆ ਹੈ, ਹੋ ਸਕਦਾ ਹੈ ਉਸਨੂੰ ਇਸ ਨਸ਼ੇ ਬਾਬਤ ਕੋਈ ਜਾਣਕਾਰੀ ਜਰੂਰ ਹੋਵੇਗੀ। ਸਰਕਾਰਾਂ ਨੂੰ ਇਸ ਸਬੰਧੀ ਸਖ਼ਤੀ ਵਰਤਣੀ ਪੈਣੀ ਹੈ ਨਹੀਂ ਤਾਂ ਆਏ ਦਿਨ ਪੰਜਾਬ ਦੇ ਨੌਜਵਾਨਾਂ 'ਤੇ ਚਿੱਟੇ ਕਫਨ ਪੈਂਦੇ ਰਹਿਣਗੇ।